Punjab News: 46,000 ਕਰੋੜ ਦੀ ਕੈਸ਼ ਕੈ੍ਰਡਿਟ ਲਿਮਟ ਵਾਸਤੇ ਕੇਂਦਰ ਨੂੰ ਲਿਖਿਆ
Preparation for purchase of 185 lakh tons of paddy from the markets of Punjab: ਪੰਜਾਬ ਵਿਚ ਢਾਈ ਸਾਲ ਪੁਰਾਣੀ ‘ਆਪ’ ਸਰਕਾਰ ਨੇ ਕੇਂਦਰ ਨਾਲ ਕਈ ਸਿਆਸੀ ਮੁੱਦਿਆਂ ’ਤੇ ਚਲਦੇ ਤਕਰਾਰਾਂ ਦੇ ਬਾਵਜੂਦ ਲੱਖਾਂ ਕਿਸਾਨਾਂ ਦੀ ਮਦਦ ਅਤੇ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਮਨਸ਼ੇ ਨਾਲ ਪਿਛਲੀਆਂ 5 ਫ਼ਸਲਾਂ ਦੀ ਕੇਂਦਰੀ ਭੰਡਾਰ ਲਈ ਸਫ਼ਲ ਖ਼ਰੀਦ ਕਰਨ ਉਪਰੰਤ ਝੋਨੇ ਦੀ ਵੱਡੀ ਪੱਧਰ ’ਤੇ ਖ਼ਰੀਦ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ 1 ਅਕਤੂਬਰ ਤੋਂ ਇਹ ਵੱਡੇ ਪੱਧਰ ’ਤੇ ਕਰਨ ਵਾਲੀ ਖ਼ਰੀਦ ਲਈ 2000 ਦੇ ਕਰੀਬ ਪੱਕੀਆਂ ਮੰਡੀਆਂ ਤੋਂ ਇਲਾਵਾ 300 ਤੋਂ ਵੱਧ ਆਰਜ਼ੀ ਖ਼ਰੀਦ ਕੇਂਦਰ ਸਥਾਪਤ ਕੀਤੇ ਜਾਣਗੇ। ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਨੂੰ ਅਲਾਟਮੈਂਟ ਕਰ ਕੇ 2500 ਦੇ ਕਰੀਬ ਸ਼ੈਲਰਾਂ ਦਾ ਵੀ ਪ੍ਰਬੰਧ ਹੋ ਗਿਆ ਹੈ।
ਅਧਿਕਾਰੀ ਨੇ ਦਸਿਆ ਕਿ 2320 ਰੁਪਏ ਪ੍ਰਤੀ ਕੁਇੰਟਲ ਦਾ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਦੇਣ ਦੇ ਮੰਤਵ ਨਾਲ 46,000 ਕਰੋੜ ਤੋਂ ਵੱਧ ਕੈਸ਼ ਕ੍ਰੈਡਿਟ ਲਿਮਟ ਵਾਸਤੇ ਕੇਂਦਰ ਸਰਕਾਰ ਦੇ ਵਿੱਤ ਵਿਭਾਗ ਨੂੰ ਲਿਖ ਦਿਤਾ ਹੈ ਅਤੇ ਆਉਂਦੇ 2 ਹਫ਼ਤਿਆਂ ਵਿਚ ਰਿਜ਼ਰਵ ਬੈਂਕ, ਇਸ ਸੀ.ਸੀ. ਲਿਮਟ ਦੀ ਕਿਸ਼ਤ ਅਕਤੂਬਰ ਮਹੀਨੇ ਵਾਸਤੇ ਜਾਰੀ ਕਰ ਦੇਵੇਗਾ। ਉਨ੍ਹਾਂ ਦਸਿਆ ਕਿ ਚੋਣਵੇਂ ਬੈਂਕਾਂ ਰਾਹੀਂ ਕਿਸਾਨਾਂ ਨੂੰ ਅਦਾਇਗੀ ਉਨ੍ਹਾਂ ਦੇ ਖਾਤਿਆਂ ਵਿਚ ਆਨਲਾਈਨ ਸਿਸਟਮ ਰਾਹੀਂ ਫ਼ਸਲ ਖ਼ਰੀਦ ਉਪਰੰਤ 48 ਘੰਟਿਆਂ ਦੇ ਅੰਦਰ ਅੰਦਰ ਪਾ ਦਿਤੇ ਜਾਇਆ ਕਰਨਗੇ।
ਇਸ ਸੀਜ਼ਨ ਵਿਚ 185 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ ਜੋ 2 ਮਹੀਨਿਆਂ ਯਾਨੀ ਨਵੰਬਰ ਦੇ ਅਖ਼ੀਰ ਤਕ ਸਰ ਕਰ ਲਿਆ ਜਾਣਾ ਹੈ। ਇਸ ਵੱਡੀ ਖ਼ਰੀਦ ਵਾਸਤੇ ਬਾਰਦਾਨੇ ਦਾ ਪ੍ਰਬੰਧ ਵੀ ਪੂਰਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲ ਝੋਨੇ ਅਤੇ ਕਣਕ ਦੀ ਖ਼ਰੀਦ ਤੋਂ 3 ਫ਼ੀ ਸਦੀ ਮੰਡੀ ਫ਼ੀਸ ਯਾਨੀ ਦਿਹਾਤੀ ਵਿਕਾਸ ਫ਼ੰਡ ਦਾ ਪਿਛਲੀਆਂ 6 ਫ਼ਸਲਾ ਤੋਂ ਚਲ ਰਹੇ ਲਗਭਗ 6000 ਕਰੋੜ ਦੀ ਰਕਮ ਦੇ ਰੇੜਕੇ ਬਾਰੇ ਪੁਛੇ ਸਵਾਲ ਸਬੰਧੀ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮਾਮਲਾ ਸੁਪਰੀਮ ਕੋਰਟ ਵਿਚ ਵੀ ਹੈ, ਅਦਾਲਤ ਤੋਂ ਬਾਹਰ ਹੱਲ ਕਰਨ ਦੀਆ ਕੋਸ਼ਿਸ਼ਾਂ ਵੀ ਜਾਰੀ ਹਨ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵਿਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਕੋਈ ਢਿੱਲ ਨਹੀ ਕੀਤੀ ਜਾਵੇਗੀ।