
Fatehgarh Sahib News: ਪਿੰਡ ਮਹੇਸ਼ਪੁਰਾ ਦਾ ਕਿਸਾਨ 60 ਏਕੜ ਰਕਬੇ ਵਿੱਚ ਕਣਕ, ਝੋਨਾ, ਸਰ੍ਹੋਂ ਤੇ ਆਲੂ ਦੀ ਕਰ ਰਿਹਾ ਪੈਦਾਵਾਰ
Fatehgarh Sahib News in punjabi : ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਜਿਥੇ ਕਿਸਾਨਾਂ ਨੂੰ ਸਬਸਿਡੀ ’ਤੇ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਂਦੀ ਹੈ, ਉਥੇ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਣ ਭੱਤਾ ਵੀ ਦਿੱਤਾ ਜਾਂਦਾ ਹੈ।
ਸਰਕਾਰ ਦੇ ਇਨ੍ਹਾਂ ਉਪਰਾਲਿਆਂ ਸਦਕਾ ਸੂਬੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੱਡੀ ਪੱਧਰ ’ਤੇ ਕਮੀ ਆਈ ਹੈ ਤੇ ਅਗਾਂਹਵਧੂ ਕਿਸਾਨ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਵਿੱਚ ਜ਼ਿਲ੍ਹੇ ਦੇ ਬਲਾਕ ਖਮਾਣੋਂ ਦੇ ਪਿੰਡ ਮਹੇਸ਼ਪੁਰਾ ਦੇ ਕਿਸਾਨ ਹਰਪ੍ਰੀਤ ਸਿੰਘ ਪੁੱਤਰ ਸੰਤ ਸਿੰਘ ਸ਼ਲਾਘਾਯੋਗ ਹਿੱਸਾ ਪਾ ਰਹੇ ਹਨ। ਉਹ ਆਪਣੀ 60 ਏਕੜ ਜ਼ਮੀਨ ਵਿੱਚ ਪਿਛਲੇ 4 ਸਾਲ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਫਲਤਾ ਨਾਲ ਖੇਤੀ ਕਰ ਰਹੇ ਹਨ।
ਹਰਪ੍ਰੀਤ ਸਿੰਘ ਨੇ 2020 ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰਾਹੀਂ ਸਬਸਿਡੀ ’ਤੇ ਸੁਪਰ ਸੀਡਰ ਲਿਆ ਸੀ, ਜਿਸ ਦੀ ਵਰਤੋਂ ਨਾਲ ਉਹ ਕਣਕ ਦੀ ਬਿਜਾਈ ਕਰਦੇ ਹਨ। ਹਰਪ੍ਰੀਤ ਕਣਕ, ਝੋਨਾ, ਸਰ੍ਹੋਂ ਤੇ ਆਲੂ ਆਦਿ ਫਸਲਾਂ ਦੀ ਪੈਦਾਵਾਰ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ ਤੇ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹਨ। ਇੱਕ ਮੁਲਾਕਾਤ ਵਿਚ ਉਨ੍ਹਾਂ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਰੋਟਾਵੇਟਰ ਤੇ ਮਲਚਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰਦੇ ਹਨ।
ਪਹਿਲਾਂ-ਪਹਿਲਾਂ ਉਸ ਨੂੰ ਪਰਾਲੀ ਜ਼ਿਆਦਾ ਹੋਣ ਕਾਰਨ ਸੁੰਡੀ ਦੀ ਸਮੱਸਿਆ ਪੇਸ਼ ਆਈ ਸੀ, ਪ੍ਰੰਤੂ ਖੇਤੀ ਮਾਹਰਾਂ ਦੀ ਰਾਏ ਅਨੁਸਾਰ ਕਣਕ ਦੇ ਬੀਜ ਦੀ ਦਵਾਈ ਲਗਾ ਕੇ ਸੋਧ ਕਰਨ ਉਪਰੰਤ ਬਿਜਾਈ ਕਰਨ ’ਤੇ ਕੋਈ ਦਿੱਕਤ ਨਹੀਂ ਆਈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਹੀ ਰਲਾਉਣ ਕਾਰਨ ਉਹਨਾਂ ਨੇ ਆਪਣੇ ਖੇਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਵੇਖਿਆ। ਪਰਾਲੀ ਨੂੰ ਜ਼ਮੀਨ ਵਿੱਚ ਹੀ ਰਲਾਉਣ ਨਾਲ ਫਸਲ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਇਆ ਤੇ ਝਾੜ ਵੀ ਵਧੇਰੇ ਨਿਕਲ ਰਿਹਾ ਹੈ।