
Farming News: ਮਟਰਾਂ ਦੀ ਖੇਤੀ ਹਰ ਤਰ੍ਹਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ
Peas Farming News punjabi: ਮਟਰਾਂ ਦੀ ਖੇਤੀ ਕਰਨੀ ਬਹੁਤ ਆਸਾਨ ਹੁੰਦਾ ਹੈ। ਤੁਸੀਂ ਘਰ ਵਿਚ ਅਸਾਨੀ ਨਾਲ ਮਟਰਾਂ ਦੀ ਖੇਤੀ ਕਰ ਸਕਦੇ ਹੋ। ਮਟਰਾਂ ਦੀ ਖੇਤੀ ਹਰ ਤਰ੍ਹਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ। ਇਸ ਫ਼ਸਲ ਨੂੰ ਸੇਮ ਦੇ ਇਲਾਕਿਆਂ ਵਿਚ ਨਹੀਂ ਉਗਾਇਆ ਜਾ ਸਕਦਾ। ਸਾਉਣੀ ਰੁੱਤ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹੱਲ ਨਾਲ 1 ਜਾਂ 2 ਵਾਰ ਵਾਹੋ। ਹੱਲ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ।
ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਖੇਤ ਦੀ ਇਕ ਵਾਰ ਸਿੰਚਾਈ ਕਰੋ। ਵਧੇਰੇ ਝਾੜ ਲਈ ਫ਼ਸਲ ਨੂੰ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਪੰਦਰਵਾੜੇ ਵਿਚ ਬੀਜੋ। ਪਛੇਤੀ ਫ਼ਸਲ ਬੀਜਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿਚ ਉਗਾਉ। ਅਗੇਤੀ ਕਿਸਮਾਂ ਲਈ ਫ਼ਾਸਲਾ 30 ਸੈਂਟੀਮੀਟਰ ><50 ਸੈਂਟੀਮੀਟਰ ਅਤੇ ਪਿਛੇਤੀ ਕਿਸਮਾਂ ਲਈ 45-60 ਸੈਂਟੀਮੀਟਰ ><10 ਸੈਂਟੀਮੀਟਰ ਰੱਖੋ। ਬੀਜ ਨੂੰ ਮਿੱਟੀ ਵਿਚ 2-3 ਸੈਂਟੀਮੀਟਰ ਡੂੰਘਾ ਬੀਜੋ। ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈਂਟੀਮੀਟਰ ਚੌੜੀਆਂ ਹੁੰਦੀਆਂ ਹਨ।
ਬੀਜ ਦੀ ਮਾਤਰਾ: ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋਂ। ਇਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ 'ਤੇ ਨਿਰਭਰ ਕਰਦਾ ਹੈ। ਪਹਿਲੀ ਗੋਡੀ ਫ਼ਸਲ ਬੀਜਣ ਤੋਂ 3-4 ਹਫ਼ਤਿਆਂ ਬਾਅਦ ਜਦੋਂ ਫ਼ਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿਕਲਣ ਤੋਂ ਪਹਿਲਾ ਕਰੋ। ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋਂ ਫ਼ਸਲ ਬੀਜਣ ਤੋਂ 48 ਘੰਟਿਆਂ ਦੇ ਅੰਦਰ-ਅੰਦਰ ਕਰੋ।
ਮਟਰ ਦੇ ਪੱਤਿਆਂ ਦਾ ਕੀੜਾ : ਸੁੰਡੀਆਂ ਪੱਤੇ ਵਿਚ ਸੁਰੰਗਾਂ ਬਣਾ ਕੇ ਪੱਤੇ ਨੂੰ ਖਾਂਦੀਆਂ ਹਨ ਜਿਸ ਕਰ ਕੇ 10 ਤੋਂ 15 ਫ਼ੀ ਸਦੀ ਤਕ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ। ਇਸ ਦੀ ਰੋਕਥਾਮ ਲਈ ਡਾਈਮੈਥੋਏਟ 30 ਈ ਸੀ 300 ਮਿਲੀਲੀਟਰ ਨੂੰ 80-100 ਲੀਟਰ ਪਾਣੀ ਪ੍ਰਤੀ ਏਕੜ ਪਾ ਕੇ ਵਰਤੋਂ। ਜ਼ਰੂਰਤ ਪੈਣ ’ਤੇ 15 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰੋ। ਹਰੇ ਮਟਰਾਂ ਦੀ ਸਹੀ ਪੜਾਅ ’ਤੇ ਤੁੜਾਈ ਜ਼ਰੂਰੀ ਹੈ। ਜਦੋਂ ਮਟਰਾਂ ਦਾ ਰੰਗ ਗੂੜੇ ਤੋਂ ਹਰਾ ਹੋਣਾ ਸ਼ੁਰੂ ਹੋਵੇ, ਤਾਂ ਇਸ ਦੀ ਕਟਾਈ ਕਰ ਲਵੋ।