
ਉਕਤ ਕਿਸਾਨ ਨੇ ਪਿਛਲੇ ਵਰ੍ਹੇ ਦੋ ਏਕੜ ਕਣਕ ਹੈਪੀ ਸੀਡਰ ਨਾਲ ਬੀਜੀ ਸੀ ਤੇ ਇਸ ਵਰ੍ਹੇ ਛੇ ਏਕੜ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ
ਫ਼ਰੀਦਕੋਟ (ਸੁਖਵਿੰਦਰ ਸਿੰਘ ਬੱਬੂ) : ਸਾਲ 2024-25 ਦੌਰਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜ਼ਿਲ੍ਹਾ ਫ਼ਰੀਦਕੋਟ ’ਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਦੇ ਮਿੱਥੇ ਟੀਚੇ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਵਲੋਂ ਵੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲਣ ਦੀ ਕਿਸਾਨਾਂ ਅੰਦਰ ਰੁਚੀ ਵਧ ਰਹੀ ਹੈ। ਅਜਿਹੇ ਕਿਸਾਨਾਂ ’ਚ ਪਿੰਡ ਭਾਗਥਲਾ ਦਾ ਰਹਿਣ ਵਾਲਾ ਅਗਾਂਹਵਧੂ ਕਿਸਾਨ ਗੁਰਪਿਆਰ ਸਿੰਘ ਹੈ ਜੋ ਪਿਛਲੇ ਦੋ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਖੇਤ ’ਚ ਵਾਹ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਇਸ ਤਰ੍ਹਾਂ ਇਹ ਕਿਸਾਨ ਦੂਜੇ ਕਿਸਾਨਾਂ ਲਈ ਇਕ ਮਿਸਾਲ ਬਣ ਕੇ ਕਿਸਾਨਾਂ ਲਈ ਚਾਨਣ ਮੁਨਾਰੇ ਵਜੋਂ ਸਮਾਜ ਵਿਚ ਵਿਚਰ ਰਿਹਾ ਹੈ।
ਕਿਸਾਨ ਗੁਰਪਿਆਰ ਸਿੰਘ ਸੁਪਰ ਐਸ.ਐਮ.ਐਸ. ਕੰਬਾਈਨ ਨਾਲ ਵਢਾਏ ਗਏ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜਿਆਂ ਕਣਕ ਦੀ ਹੈਪੀ ਸੀਡਰ ਨਾਲ ਬਿਜਾਈ ਕਰ ਕੇ ਜਿੱਥੇ ਦੂਜੇ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ, ਉੱਥੇ ਖੇਤ ਦੀ ਵਹਾਈ ਉੱਤੇ ਹੋਣ ਵਾਲਾ ਅਪਣਾ ਖ਼ਰਚਾ ਵੀ ਬਚਾਅ ਰਿਹਾ ਹੈ।
ਉਕਤ ਕਿਸਾਨ ਨੇ ਪਿਛਲੇ ਵਰ੍ਹੇ ਦੋ ਏਕੜ ਕਣਕ ਹੈਪੀ ਸੀਡਰ ਨਾਲ ਬੀਜੀ ਸੀ ਤੇ ਇਸ ਵਰ੍ਹੇ ਛੇ ਏਕੜ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ। ਕਿਸਾਨ ਨੇ ਦਸਿਆਂ ਕਿ ਇਸ ਵਰ੍ਹੇ ਉਸਨੇ ਛੇ ਏਕੜ ਕਣਕ ਦੀ ਸਿੱਧੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ। ਇਸ ਨਾਲ ਕਣਕ ਬੀਜਣ ਲਈ ਇਕ ਏਕੜ ਦੀ ਤੀਹਰੀ ਵਹਾਈ ’ਤੇ ਲੱਗਣ ਵਾਲੇ 25 ਲਿਟਰ ਦੇ ਕਰੀਬ ਡੀਜ਼ਲ ਦੀ ਬਚਤ ਹੋਈ ਹੈ।