
ਅੱਗ ਦੀਆਂ ਲਪਟਾਂ ਵਿਚ ਘਿਰੀ ਫ਼ਸਲ ਅਤੇ ਅੱਗ ਦੀ ਭੇਟ ਚੜ੍ਹਿਆ ਟਰੈਕਟਰ।
ਮਾਛੀਵਾੜਾ ਸਾਹਿਬ, ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਸਤਿਆਣਾ ਤੇ ਭੁਪਾਣਾ ਵਿਖੇ ਅੱਜ ਕਿਸਾਨਾਂ ਦੀ ਸੋਨੇ ਵਰਗੀ ਪੱਕ ਦੇ ਤਿਆਰ ਖੜੀ 40 ਏਕੜ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ ਜਿਸ ਕਾਰਨ ਇਨ੍ਹਾਂ ਦੋਵਾਂ ਪਿੰਡਾਂ ਦੇ ਕਈ ਕਿਸਾਨਾਂ ਦਾ ਲੱਖਾਂ ਰੁਪਏ ਦਾ ਆਰਥਕ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਸਤਿਆਣਾ ਦੇ ਇੱਕ ਕਿਸਾਨ ਦਾਤਾ ਰਾਮ ਆਪਣੇ ਖੇਤਾਂ ਵਿਚ ਕਣਕ ਦੀ ਕਟਾਈ ਕਰ ਰਿਹਾ ਸੀ ਕਿ ਉਸ ਨੂੰ ਨੇੜਲੇ ਖੇਤਾਂ ਵਿਚ ਅੱਗ ਲੱਗੀ ਦਿਖਾਈ ਦਿਤੀ। ਸੁੱਕੀ ਫ਼ਸਲ ਨੂੰ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਉਸ ਨੇ ਕਰੀਬ 40 ਏਕੜ ਤੋਂ ਵੱਧ ਕਣਕ ਦੀ ਖੜੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਵੇਖਦੇ ਹੀ ਵੇਖਦੇ ਲੱਖਾਂ ਰੁਪਏ ਦਾ ਅਨਾਜ ਸੜ੍ਹ ਕੇ ਸੁਆਹ ਹੋ ਗਿਆ। ਕਿਸਾਨਾਂ ਵਲੋਂ ਅੱਗ 'ਤੇ ਕਾਬੂ ਪਾਉਣ ਲਈ ਪੂਰੀ ਵਾਹ ਲਗਾਈ ਅਤੇ ਟਰੈਕਟਰਾਂ ਨਾਲ ਉਨ੍ਹਾਂ ਆਪਣੀ ਪੱਕੀ ਖੜੀ ਫ਼ਸਲ ਵੀ ਵਾਹ ਦਿੱਤੀ ਤਾਂ ਜੋ ਅੱਗ ਅੱਗੇ ਨਾ ਵਧ ਸਕੇ ਪਰ ਫਿਰ ਵੀ ਤੇਜ਼ ਹਵਾ ਕਾਰਨ ਕਿਸਾਨਾਂ ਦੀ ਇਹ ਫਸਲ ਸੜ੍ਹ ਗਈ।
Burnt Tractor
ਇਸ ਅੱਗ ਵਿਚ ਦਾਤਾ ਰਾਮ ਦੇ ਟ੍ਰੈਕਟਰ-ਟਰਾਲੀ ਨੂੰ ਵੀ ਅੱਗ ਲੱਗ ਗਈ ਪਰ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤੱਕ ਉਸਦੇ ਟਾਇਰ ਤੇ ਇੰਜਣ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।ਜਾਣਕਾਰੀ ਅਨੁਸਾਰ ਇਸ ਅੱਗ ਕਾਰਨ ਕਿਸਾਨ ਕਰਨੈਲ ਸਿੰਘ ਦੇ 8 ਏਕੜ, ਤੇਜਾ ਸਿੰਘ ਦੇ 10 ਏਕੜ, ਲੈਹਿੰਬਰ ਸਿੰਘ ਦੇ 3 ਏਕੜ, ਨਿਰਮਲ ਸਿੰਘ ਦੇ 2 ਏਕੜ, ਮੰਤਰ ਰਾਮ ਦੇ 10 ਏਕੜ, ਟਹਿਲ ਸਿੰਘ ਦੇ 4 ਏਕੜ ਅਤੇ ਸੁਭਾਸ਼ ਚੰਦਰ ਦੇ 2 ਏਕੜ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ। ਇਨ੍ਹਾਂ ਕਿਸਾਨਾਂ ਨੇ 6 ਮਹੀਨੇ ਸਖ਼ਤ ਮਿਹਨਤ ਕਰ ਆਪਣੀ ਫਸਲ ਨੂੰ ਪਾਲਿਆ ਅਤੇ ਜਦੋਂ ਹੁਣ ਫਸਲ ਵੱਢ ਕੇ ਇਸ ਮਿਹਨਤ ਦਾ ਮੁੱਲ ਵੱਟਣ ਦਾ ਸਮਾਂ ਆਇਆ ਤਾਂ ਕੁਦਰਤੀ ਕਰੋਪੀ ਨੇ ਕਿਸਾਨਾਂ ਦਾ ਸਭ ਕੁੱਝ ਤਬਾਹ ਕਰ ਦਿਤਾ। ਅੱਗ ਨਾਲ ਪੀੜ੍ਹਤ ਕਿਸਾਨਾਂ ਦੇ ਚਿਹਰੇ ਪੂਰੇ ਮੁਰਝਾਏ ਸਨ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ 40 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ।