
ਪਿੰਡ ਕੋਇਰ ਸਿੰਘ ਵਾਲਾ ਦੇ ਨੌਜਵਾਨ ਕਿਸਾਨ ਜਗਜੀਤ ਸਿੰਘ ਬਰਾੜ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ.......
ਭਾਈ ਰੂਪਾ : ਪਿੰਡ ਕੋਇਰ ਸਿੰਘ ਵਾਲਾ ਦੇ ਨੌਜਵਾਨ ਕਿਸਾਨ ਜਗਜੀਤ ਸਿੰਘ ਬਰਾੜ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਅਪਣੀ 60 ਏਕੜ ਜ਼ਮੀਨ 'ਚ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕਰਕੇ ਨਿਵੇਕਲੀ ਪਿਰਤ ਕਾਇਮ ਕੀਤੀ ਹੈ। ਕਿਸਾਨ ਜਗਜੀਤ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਸ ਨੇ ਅਪਣੇ ਖੇਤ ਵਿਚਲੀ ਝੋਨੇ ਦੀ ਪਰਾਲੀ ਨੂੰ ਚੌਪਰ ਨਾਲ ਕੁਤਰਾ ਕਰਨ ਉਪਰੰਤ ਪਲੋ ਹਲ ਨਾਲ ਇਸ ਕੁਤਰੇ ਨੂੰ ਜ਼ਮੀਨ ਵਿਚ ਕੁਤਰਾ ਦੱਬਾ ਦਿੱਤਾ ਅਤੇ ਇਸ ਤੋਂ ਬਾਅਦ ਕਣਕ ਦੀ ਬਿਜਾਈ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜਿੱਥੇ ਸਾਡਾ ਵਾਤਾਵਰਨ ਪ੍ਰਦੂਸ਼ਤਿ ਹੁੰਦਾ ਹੈ ਉਥੇ ਅੱਗ ਨਾਲ ਮਿੱਤਰ ਕੀੜੇ ਮਾਰਨ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦਾ ਕੁਤਰਾ ਕਰਕੇ ਖੇਤ ਵਿਚ ਵਾਹੁਣ ਨਾਲ ਖਾਦ ਦੀ ਵੀ ਘੱਟ ਲੋੜ ਪੈਂਦੀ ਹੈ। ਖੇਤੀਬਾੜੀ ਅਫ਼ਸਰ ਫੂਲ ਡਾ. ਜਗਦੀਸ਼ ਸਿੰਘ ਅਤੇ ਏ.ਡੀ.ਓ. ਹਰਦੀਪ ਸਿੰਘ ਨੇ ਵਿਸੇਸ਼ ਤੌਰ 'ਤੇ ਪਿੰਡ ਕੋਇਰ ਸਿੰਘ ਵਾਲਾ ਵਿਖੇ ਕਿਸਾਨ ਜਗਜੀਤ ਸਿੰਘ ਬਰਾੜ ਦੇ ਖੇਤ ਵਿੱਚ ਪਹੁੰਚ ਕੇ ਉਸ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਹੋਰ ਕਿਸਾਨਾਂ ਨੂੰ ਅੱਗ ਨਾ ਲਗਾਉਣ ਅਤੇ ਹੈਪੀ ਸੀਡਰ ਨਾਲ ਹੀ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ।