Mushroom Cultivation: ਪੰਜਾਬ/ਹਰਿਆਣਾ ਵਿਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ।
Mushroom Cultivation: ਪੰਜਾਬ ਅਤੇ ਹਰਿਆਣਾ ਰਾਜ ਵਿਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ ਬਟਨ ਖੁੰਬ, ਦੂਸਰੀ ਢੀਂਗਰੀ ਅਤੇ ਤੀਸਰੀ ਪਰਾਲੀ ਵਾਲੀ ਖੁੰਬ। ਭਾਵੇਂ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿਚ ਸਾਰਾ ਸਾਲ ਬਟਨ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਪੰਜਾਬ/ਹਰਿਆਣਾ ਵਿਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ। ਪਰ ਇਥੇ ਸਿਰਫ਼ ਬਟਨ ਖੁੰਬ ਦੀ ਕਾਸ਼ਤ ਦੀ ਬਿਜਾਈ ਸਬੰਧੀ ਹੀ ਗੱਲ ਕੀਤੀ ਜਾਵੇਗੀ।
ਭਾਵੇਂ ਕਿ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ। ਪਰ ਬਟਨ ਖੁੰਬ ਦੀ ਕਾਸ਼ਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤਕ ਪਰਾਲੀ ਵਾਲੀ ਖੁੰਬ ਦੀ ਕਾਸ਼ਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤਕ ਤੀਸਰੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ।
ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਉੱਲੀ ਦੇ ਵਧਣ-ਫੁਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ। ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿਚ ਤਿਆਰ ਹੁੰਦੀ ਹੈ। ਗਲੀ/ਸੜੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫ਼ਾਰਮੂਲੇ ਦਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸ਼ੀਅਮ ਅਮੋਨੀਆ ਨਾਈਟਰੇਟ, ਸੁਪਰ ਫ਼ਾਸਫ਼ੇਟ, ਮਿਊਰੇਟ ਆਫ਼ ਪੋਟਾਸ਼, ਫ਼ਿਊਰਾਡਨ, ਸੀਰਾ, ਜਿਪਸਮ, ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ।
ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋੜੀਂਦਾ ਸਾਮਾਨ ਘੱਟ ਮਾਤਰਾ ਵਿਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਅਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ ਜਿਸ ਕਰ ਕੇ ਕਿਸਾਨਾਂ ਨੂੰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਅਪਣੀ ਜ਼ਰੂਰਤ ਮੁਤਾਬਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫ਼ਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖ਼ਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਫਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ।
ਖੁੰਬ ਦਾ ਬੀਜ ਦੋ ਤੈਹਾਂ ਵਿਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ/ਸੈਲਫ਼ਾਂ ਨੂੰ ਅਖ਼ਬਾਰਾਂ ਨਾਲ ਢੱਕ ਕੇ ਪਾਣੀ ਦੀ ਸਪਰੇਅ ਕੀਤੀ ਜਾਂਦੀ ਹੈ ਜਿਸ ਨਾਲ ਸਿਰਫ਼ ਅਖ਼ਬਾਰ ਹੀ ਗਿੱਲੇ ਹੋਣ, ਜੇਕਰ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਕੀਤੀ ਹੋਵੇ ਤਾਂ ਉਸ ਨਾਲ ਹੀ ਢੱਕਿਆ ਜਾ ਸਕਦਾ ਹੈ। ਬੀਜ ਨੂੰ ਪੁੰਗਰਨ ਲਈ ਕਮਰਾ ਬੰਦ ਰਖਿਆ ਜਾਂਦਾ ਹੈ ਤਾਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ।
ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇਕ ਹਿੱਸਾ ਮਿੱਟੀ ਰਲਾ ਕੇ ਪੰਜ ਪ੍ਰਤੀਸ਼ਤ ਫ਼ਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁਲ ਬਰੀਕ ਹੋਣ ਦੀ ਬਜਾਏ ਉਸ ਵਿਚ ਛੋਟੀਆਂ/ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਬਿਲਕੁਲ ਬਰੀਕ ਕੇਸਿੰਗ ਵਿਚੋਂ ਗੈਸਾਂ ਅੰਦਰ/ਬਾਹਰ ਨਹੀਂ ਜਾ ਸਕਦੀਆਂ ਜਿਸ ਕਰ ਕੇ ਖੁੰਬ ਦੀ ਫ਼ਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਦੋਂ ਖੁੰਬਾਂ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਡੰਡੀ 4/5 ਸੈਂਟੀਮੀਟਰ ਲੰਬੀ ਹੋ ਜਾਂਦੀ ਹੈ। ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਉ ਤੇ ਤੋੜ ਲਉ, ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ।
ਬਟਨ ਖੁੰਬ ਦੀ ਫ਼ਸਲ ਤਕਰੀਬਨ ਤਿੰਨ ਮਹੀਨੇ ਤਕ ਚਲਦੀ ਹੈ। ਖੁੰਬਾਂ ਹਰ ਰੋਜ਼ ਤੋੜਨੀਆਂ ਜ਼ਰੂਰੀ ਹਨ। ਖੁੰਬਾਂ ਬੀਜਣ ਲਈ ਟਰੇਆਂ, ਸੈਲਫ਼ਾਂ ਤੇ ਪੋਲੋਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਜ਼ਾਰ ਵਿਚੋਂ ਫਲਾਂ ਵਾਲੀਆਂ ਖ਼ਾਲੀ ਪੇਟੀਆਂ ਤੇ ਵੱਡੇ ਅਕਾਰ ਦੇ ਲਿਫ਼ਾਫ਼ੇ ਮਿਲ ਜਾਂਦੇ ਹਨ ਜਾਂ ਫਿਰ ਬਾਂਸ ਗੱਡ ਕੇ ਸੈਲਫ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਜਿਨ੍ਹਾਂ ਵਿਚ ਵੱਡੇ ਪੱਧਰ ’ਤੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।