
Farming News: ਦਸਣਯੋਗ ਹੈ ਕਿ ਪੰਜਾਬ ਵਿਚ ਹਰ ਸਾਲ 115 ਹਜ਼ਾਰ ਹੈਕਟੇਅਰ ਰਕਬੇ ਵਿਚ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ
ਲੁਧਿਆਣਾ (ਕਵਿਤਾ ਖੁਲ੍ਹਰ) : ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਨੇ ਜਿੱਥੇ ਅਚਾਨਕ ਠੰਢ ਵਧਾ ਦਿਤੀ ਹੈ, ਉੱਥੇ ਹੀ ਆਲੂਆਂ ਦੀ ਫ਼ਸਲ ’ਤੇ ਪਛੇਤੇ ਝੁਲਸ ਰੋਗ ਦਾ ਖ਼ਤਰਾ ਵੀ ਵੱਧ ਗਿਆ ਹੈ। ਇਸ ਸਬੰਧੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆਲੂ ਅਤੇ ਟਮਾਟਰ ਉਤਪਾਦਕ ਕਿਸਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਐਡਵਾਈਜ਼ਰੀ ਅਤੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਐਡਵਾਈਜ਼ਰੀ ’ਚ ਆਲੂ ਦੀ ਫ਼ਸਲ ’ਤੇ ਲਗਾਤਾਰ ਨਜ਼ਰ ਰੱਖਣ ਦੀ ਸਲਾਹ ਦਿਤੀ ਗਈ ਹੈ।
ਦਸਣਯੋਗ ਹੈ ਕਿ ਪੰਜਾਬ ਵਿਚ ਹਰ ਸਾਲ 115 ਹਜ਼ਾਰ ਹੈਕਟੇਅਰ ਰਕਬੇ ਵਿਚ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਤੋਂ ਲਗਭਗ 27.6 ਲੱਖ ਟਨ ਆਲੂ ਪੈਦਾ ਹੁੰਦੇ ਹਨ। ਇਹ ਬਿਮਾਰੀ ਜ਼ਿਆਦਾਤਰ ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਰੋਪੜ ਅਤੇ ਅੰਮ੍ਰਿਤਸਰ ਵਿਚ ਆਲੂਆਂ ਦੀ ਫ਼ਸਲ ਵਿਚ ਹੁੰਦੀ ਹੈ। ਵਿਗਿਆਨੀਆਂ ਅਨੁਸਾਰ ਮੌਜੂਦਾ ਮੌਸਮ ਲੇਟ ਬਲਾਈਟ ਰੋਗ ਲਈ ਅਨੁਕੂਲ ਹੈ। ਪੱਛਮੀ ਗੜਬੜੀ ਕਾਰਨ ਅਗਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਪੰਜਾਬ ਵਿਚ
ਮੀਂਹ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ।
ਇਸ ਬਿਮਾਰੀ ਦੇ ਪਹਿਲੇ ਲੱਛਣ ਛੋਟੇ ਅਤੇ ਹਲਕੇ ਤੋਂ ਗੂੜ੍ਹੇ ਰੰਗ ਦੇ ਦਿਖਾਈ ਦਿੰਦੇ ਹਨ। ਠੰਢੇ ਅਤੇ ਨਮੀ ਵਾਲੇ ਮੌਸਮ ਵਿਚ ਗੋਲਾਕਾਰ ਧੱਬੇ ਤੇਜ਼ੀ ਨਾਲ ਵਧਦੇ ਹਨ ਅਤੇ ਉਹ ਗੂੜ੍ਹੇ ਭੂਰੇ ਜਾਂ ਕਾਲੇ ਹੋ ਜਾਂਦੇ ਹਨ। ਜੇਕਰ ਪ੍ਰਭਾਵਤ ਖੇਤਾਂ ਵਿਚ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਫ਼ਸਲ ਜਲਦੀ ਹੀ ਨਸ਼ਟ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਪ੍ਰਿੰਕਲਰ ਸਿੰਚਾਈ ਤੋਂ ਬਚਣਾ ਚਾਹੀਦਾ ਹੈ। ਦਿਨ ਵੇਲੇ ਫ਼ਸਲ ਨੂੰ ਪਾਣੀ ਦਿਓ ਤਾਂ ਜੋ ਰਾਤ ਤੋਂ ਪਹਿਲਾਂ ਪੱਤੇ ਸੁੱਕ ਜਾਣ। ਝੁਲਸ ਅਤੇ ਹੋਰ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਜਦੋਂ ਵੀ ਸੰਭਵ ਹੋਵੇ ਤੁਪਕਾ ਸਿੰਚਾਈ ਦੀ ਵਰਤੋਂ ਕਰੋ।