
ਅੰਬਾਲਾ,
11 ਸਤੰਬਰ (ਕਵਲਜੀਤ ਸਿੰਘ ਗੋਲਡੀ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼
ਉਤਸਵ 19 ਨਵੰਬਰ ਨੂੰ ਯਮੁਨਾਨਗਰ ਵਿਚ ਰਾਜ ਪੱਧਰ ਤੌਰ 'ਤੇ ਮਨਾਇਆ ਜਾਵੇਗਾ ਅਤੇ ਇਸ
ਪ੍ਰੋਗਰਾਮ ਵਿਚ ਮੁੱਖ ਮੰਤਰੀ ਮਨੋਹਰ ਲਾਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।
ਇਹ ਗੱਲ ਅਸੰਧ ਦੇ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਨੇ ਅੱਜ ਅੰਬਾਲਾ ਸ਼ਹਿਰ ਦੇ ਅਰਾਮ ਘਰ ਵਿਚ ਸਿੱਖ ਸਮਾਜ ਦੇ ਪ੍ਰਤੀਨਿਧੀਆਂ ਨਾਲ ਇਕ ਬੈਠਕ ਦੌਰਾਨ ਕਹੀ।
ਬੈਠਕ
ਵਿਚ ਅੰਬਾਲਾ ਲੋਕ ਸਭਾ ਸੰਸਦ ਰਤਨਲਾਲ ਕਟਾਰਿਆ ਅਤੇ ਵਿਧਾਇਕ ਅਸੀਮ ਗੋਇਲ ਵਿਸ਼ੇਸ਼ ਤੌਰ
'ਤੇ ਮੌਜੂਦ ਰਹੇ। ਸ੍ਰੀ ਵਿਰਕ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ
ਦੇ ਪਰਵ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕਰ ਸਿੱਖ ਸਮਾਜ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ
ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਇਹ ਛੁੱਟੀ ਹੁੰਦੀ ਸੀ ਪਰ ਹੁਣ ਹਰਿਆਣਾ ਵਿਚ ਵੀ ਇਹ
ਛੁੱਟੀ ਐਲਾਨੀ ਗਈ ਹੈ।
ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਦੇ ਪ੍ਰੋਗਰਾਮ ਨੂੰ ਵੀ ਮੌਜੂਦਾ ਸਰਕਾਰ ਨੇ ਹਰ ਜ਼ਿਲ੍ਹੇ ਵਿਚ ਮਨਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ
ਕਿਹਾ ਕਿ ਮੁੱਖ ਮੰਤਰੀ ਨੇ ਸਿੱਖ ਸਮਾਜ ਦੇ ਗੁਰੂਆਂ ਦਾ ਮਾਨ ਸਨਮਾਨ ਕਰਦੇ ਹੋਏ ਅੰਬਾਲਾ
ਨੈਸ਼ਨਲ ਹਾਈਵੇਅ ਕੋਲ ਸਿੱਖ ਮਿਊਜਿਅਮ ਬਣਾਉਣ ਦੀ ਘੋਸ਼ਣਾ ਵੀ ਕੀਤੀ ਹੈ। ਇਸ ਦੇ ਇਲਾਵਾ
ਪਿੰਡ ਲਖਨੌਰ ਵਿਚ ਮਾਤਾ ਗੁਜਰੀ ਦੇ ਨਾਮ ਤੋਂ ਵੀ ਐਲ ਡੀ ਕਾਲਜ ਸਹਿਤ ਹੋਰ ਮੰਗਾਂ ਨੂੰ ਵੀ
ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੰਤ ਸਿੰਘ ਕੰਧਾਰੀ ਨੇ ਮੁੱਖ ਮੰਤਰੀ ਵਲੋਂ ਕੀਤੇ
ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਪੁਲਿਸ ਲਾਈਨ ਆਡੀਟੋਰੀਅਮ
ਹਾਲ ਵਿਚ ਇਸ ਸਬੰਧੀ ਇਕ ਸਮਾਗਮ ਕੀਤਾ ਜਾਵੇਗਾ।
ਇਸ ਮੌਕੇ ਪ੍ਰੋਗਰਾਮ ਦੇ ਪ੍ਰਬੰਧਕ
ਅਤੇ ਚੇਅਰਮੈਨ ਨਰੇਂਦਰ ਵਿਰਕ, ਸੰਤ ਸਿੰਘ ਕੰਧਾਰੀ, ਰਣ ਸਿੰਘ ਫੌਜੀ, ਹਰਪਾਲ ਸਿੰਘ ਪਾਲੀ,
ਸੁਖਦੇਵ ਸਿੰਘ ਗੋਬਿੰਦਗੜ੍ਹ, ਟੀ.ਪੀ. ਸਿੰਘ, ਮੰਡਲ ਪ੍ਰਧਾਨ ਮਨਦੀਪ ਰਾਣਾ, ਰਿਤੇਸ਼
ਗੋਇਲ, ਜੇ. ਪੀ. ਸਿੰਘ, ਸਰਦਾਰ ਮਨਮੋਹਨ ਸਿੰਘ, ਰਤਨ ਸਿੰਘ ਢਿੱਲੋਂ, ਭੂਪੇਂਦਰ ਸਿੰਘ,
ਏਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਭਾਨੋਖੇਡੀ, ਸਤਿਏਂਦਰ ਸਿੰਘ ਬੰਟੀ, ਸੰਜੀਵ ਟੋਨੀ,
ਨਰੇਂਦਰ ਭਲੋਠਿਆ ਆਦਿ ਮੌਜੂਦ ਰਹੇ।