
ਨਵੀਂ
ਦਿੱਲੀ, 30 ਅਗੱਸਤ (ਸੁਖਰਾਜ ਸਿੰਘ): ਆਸਾਮ ਸਰਕਾਰ ਨੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ
ਗੁਰੂ ਤੇਗ਼ ਬਹਾਦਰ ਜੀ ਦੇ ਨਾਮ 'ਤੇ ਸਾਲਾਨਾ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ
ਇਹ ਐਵਾਰਡ ਸਮਾਜ ਸੇਵਾ ਦੇ ਖੇਤਰ ਵਿਚ ਲਾਮਿਸਾਲ ਕੰਮ ਕਰਨ ਵਾਲਿਆਂ ਨੂੰ ਪ੍ਰਦਾਨ ਕੀਤਾ
ਜਾਇਆ ਕਰੇਗਾ।
ਇਹ ਫ਼ੈਸਲਾ ਮੁੱਖ ਮੰਤਰੀ ਸ੍ਰੀ ਸਰਬਨੰਦਾ ਸੋਨੋਵਾਲ ਵਲੋਂ ਆਸਾਮ ਦੌਰੇ
'ਤੇ ਆਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ
ਸਿਰਸਾ ਦੀ ਅਗੁਵਾਈ ਵਾਲੇ ਸਿੱਖ ਵਫ਼ਦ ਨਾਲ ਇਕ ਮੀਟਿੰਗ ਦੌਰਾਨ ਲਿਆ ਗਿਆ। ਵਫ਼ਦ ਨੇ ਮੁੱਖ
ਮੰਤਰੀ ਕੋਲੋਂ ਮੰਗ ਕੀਤੀ ਸੀ ਕਿ ਗੁਰੂ ਸਾਹਿਬ ਦੇ ਨਾਮ 'ਤੇ ਐਵਾਰਡ ਸ਼ੁਰੂ ਕੀਤਾ ਜਾਵੇ।
ਇਸ ਸਬੰਧੀ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਦਿੱਲੀ ਕਮੇਟੀ ਨੇ ਆਸਾਮ ਸਰਕਾਰ ਦੇ
ਫ਼ੈਸਲੇ ਦਾ ਪੁਰਜੋਰ ਸਵਾਗਤ ਕੀਤਾ ਤੇ ਇਸ ਲਈ ਮੁੱਖ ਮੰਤਰੀ ਦਾ ਵਿਅਕਤੀਗਤ ਤੌਰ 'ਤੇ ਧਨਵਾਦ
ਵੀ ਕੀਤਾ ਹੈ।
ਇਥੇ ਦੱਸਣਯੋਗ ਹੈ ਕਿ ਸ. ਸਿਰਸਾ ਨਾਲ ਵਫ਼ਦ ਵਿਚ ਸੀਨੀਅਰ ਅਕਾਲੀ ਨੇਤਾ
ਸ. ਕੁਲਦੀਪ ਸਿੰਘ ਭੋਗਲ ਤੇ ਸਮਾਜਕ ਕਾਰਕੁੰਨ ਇੰਦੂ ਸਿੰਘ ਵੀ ਸ਼ਾਮਲ ਹਨ। ਸ. ਸਿਰਸਾ ਨੇ
ਦੱਸਿਆ ਕਿ ਦਿੱਲੀ ਕਮੇਟੀ ਜਿਸ ਨੇ ਆਸਾਮ ਵਿਚ ਸਥਿਤ ਗੁਰਦਵਾਰਾ ਮਾਤਾ ਜੀ ਦੀ ਕਾਰ ਸੇਵਾ
ਖੁਦ ਕਰਨ ਦਾ ਵੀ ਫੈਸਲਾ ਕੀਤਾ ਹੈ, ਵਲੋਂ ਇਸ ਪ੍ਰਾਜੈਕਟ ਦੀ ਯੋਜਨਾ ਤਿਆਰ ਕੀਤੀ ਜਾ ਰਹੀ
ਹੈ ਅਤੇ ਇਹ ਸੇਵਾ ਨਵੰਬਰ ਦੇ ਅੱਧ ਵਿਚ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦਸਿਆ ਕਿ ਉਥੇ
ਮੌਜੂਦਾ 1820 ਦੀ ਹੱਥ ਨਾਲ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅਤੇ ਗੁਰਦਵਾਰਾ
ਸਾਹਿਬ ਵਿਚ ਮੌਜੂਦਾ ਇਤਿਹਾਸਕ ਵਸਤਾਂ ਦੀ ਸੰਭਾਲ ਲਈ ਤਕਨੀਕੀ ਮਾਹਿਰਾਂ ਦੀਆਂ ਸੇਵਾਵਾਂ
ਲੈਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਸਾਮ ਦੇ ਮੁੱਖ ਮੰਤਰੀ ਦੇ ਫੈਸਲੇ
ਅਨੁਸਾਰ ਉਨ੍ਹਾਂ ਨੇ ਅੱਜ ਨਗਾਓਂ ਦੇ ਡਿਪਟੀ ਕਮਿਸ਼ਨਰ ਸ. ਸ਼ਮਸ਼ੇਰ ਸਿੰਘ ਨਾਲ ਮੁਲਾਕਾਤ
ਕੀਤੀ। ਸ਼ਮਸ਼ੇਰ ਸਿੰਘ ਜਨਰਲ ਚੇਤਨਿਆ ਸਿੰਘ ਦੀ ਪੰਜਵੀਂ ਪੀੜੀ ਦੇ ਵੰਸ਼ਜ ਹਨ। ਜਨਰਲ ਚੇਤਨਿਆ
ਸਿੰਘ ਨੂੰ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਸਾਮ 'ਤੇ ਬਰਮਾ ਵਲੋਂ ਕੀਤੇ ਹਮਲੇ ਦੌਰਾਨ
ਫੌਜ ਦੀ ਅਗਵਾਈ ਕਰਦਿਆਂ ਭੇਜਿਆ ਸੀ।
ਸ. ਸਿਰਸਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ
ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਉਹ ਜ਼ਮੀਨ ਦੀ ਅਲਾਟਮੈਂਟ ਬਾਬਤ ਇਕ ਮਹੀਨੇ ਦੇ ਅੰਦਰ
ਅੰਦਰ ਠੋਸ ਤਜਵੀਜ਼ ਸਰਕਾਰ ਨੂੰ ਮਨਜ਼ੂਰੀ ਵਾਸਤੇ ਭੇਜ ਦੇਣਗੇ। ਇਸ ਦੌਰਾਨ ਵਫਦ ਨੇ ਅੱਜ
ਇਲਾਕੇ ਦੇ ਗੁਰਦਵਾਰਾ ਸਾਹਿਬਾਨ ਤੇ ਕੁਝ ਸਕੂਲਾਂ ਦਾ ਦੌਰਾ ਵੀ ਕੀਤਾ।