
ਨਵੀਂ ਦਿੱਲੀ, 26 ਸਤੰਬਰ (ਸੁਖਰਾਜ
ਸਿੰਘ) : ਮਹਾਂਕਵੀ ਸੰਤੋਖ ਸਿੰਘ ਮੈਮੋਰੀਅਲ ਕਮੇਟੀ ਵਲੋਂ ਮਾਤਾ ਸੁੰਦਰੀ ਕਾਲਜ ਫਾਰ
ਵੁਮੈਨ, ਨਵੀਂ ਦਿੱਲੀ ਵਿਖੇ 'ਗੁਰਪ੍ਰਤਾਪ ਸੂਰਜ ਗ੍ਰੰਥ' ਉਪਰ ਸੈਮੀਨਾਰ ਕਰਵਾਇਆ, ਜਿਸ ਦਾ
ਉਦਘਾਟਨ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਪੰਜਾਬੀ
ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਲਸਰ ਡਾ. ਜਸਪਾਲ ਸਿੰਘ ਅਤੇ ਦਿੱਲੀ ਕਮੇਟੀ ਦੀ ਧਰਮ
ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ। ਇਨ੍ਹਾਂ ਤੋਂ
ਇਲਾਵਾ ਇਸ ਮੌਕੇ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਡਾ. ਹਰਮੀਤ ਸਿੰਘ, ਮੀਤ ਪ੍ਰਧਾਨ ਦਰਸ਼ਨ
ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ, ਸਕੱਤਰ ਕੁਲਜੀਤ ਸਿੰਘ ਬਸਰਾ ਵੀ ਮੌਜੂਦ ਸਨ।
ਦਿੱਲੀ
ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਮਨਜੀਤ ਸਿੰਘ ਨੇ 'ਸਿੱਖ ਫਲਸਫਾ ਅਤੇ
ਵਿਚਾਰਧਾਰਾ' ਵਿਸ਼ੇ 'ਤੇ ਪੇਪਰ ਪੜ੍ਹਦਿਆਂ ਵੱਡਆਕਾਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ
ਮਹੱਤਤਾ ਬਾਰੇ ਰੌਸ਼ਨੀ ਪਾਉਂਦਿਆਂ ਦਸਿਆ ਕਿ ਇਸ ਗ੍ਰੰਥ ਵਿਚ ਨੌਂ ਹਜਾਰ ਤੋਂ ਜਿਆਦਾ ਛੰਦ
ਹਨ। ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਹੁਰਾਂ ਨੇ ਆਪਣੇ ਪੇਪਰ ਰਾਹੀਂ ਵਿਚਾਰ
ਸਾਂਝੇ ਕਰਦਿਆਂ ਦਸਿਆ ਕਿ ਮਹਾਂਕਵੀ ਸੰਤੋਖ ਸਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ।
ਸਿੱਖ ਇਤਿਹਾਸਕਾਰਾ ਤੇ ਵਿਦਵਾਨ ਲੇਖਿਕਾ ਡਾ. ਹਰਬੰਸ ਕੌਰ ਸਾਗੂ ਨੇ ਭਾਈ ਸੰਤੋਖ ਸਿੰਘ
ਵਲੋਂ 14 ਭਾਗਾਂ ਵਿਚ ਲਿਖੇ ਗ੍ਰੰਥ ਦੀ ਸਾਹਿਤਕ ਤੇ ਇਤਿਹਾਸਕ ਮਹੱਤਤਾ ਦਸੀ। ਡਾ. ਜਸਪਾਲ
ਸਿੰਘ ਨੇ ਮਹਾਂਕਵੀ ਭਾਈ ਸੰਤੋਖ ਸਿੰਘ ਨੂੰ ਬੌਧਿਕ ਪਰੰਪਰਾ ਦਾ ਅਮੀਰ ਕਵੀ ਦਸਿਆ। ਇਸ
ਮੌਕੇ ਇੰਦਰਜੀਤ ਸਿੰਘ ਬੱਬਰ, ਡਾ. ਹਰਚਰਨ ਕੌਰ, ਮੱਖਣ ਸਿੰਘ, ਡਾ. ਹਰਪ੍ਰੀਤ ਕੌਰ, ਬੇਅਤ
ਕੌਰ, ਡਾ. ਪਰਮਜੀਤ ਕੌਰ, ਬਲਜੀਤ ਸਿੰਘ ਤੇ ਸੁਰਜੀਤ ਸਿੰਘ ਆਰਟਿਸਟ ਆਦਿ ਸ਼ਖਸੀਅਤਾਂ ਮੌਜੂਦ
ਸਨ।