
ਨਵੀਂ
ਦਿੱਲੀ, 31 ਅਗੱਸਤ (ਅਮਨਦੀਪ ਸਿੰਘ): ਮੁਹੱਲਾ ਕਲੀਨਿਕਾਂ ਦੀ ਫ਼ਾਈਲ ਪਾਸ ਨਾ ਕਰਨ ਦੇ
ਮੁੱਦੇ 'ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਦੀ
ਮੁੜ ਖੜਕਣ ਪਿਛੋਂ ਅੱਜ ਉਪ ਰਾਜਪਾਲ ਨੇ ਕੇਜਰੀਵਾਲ ਨੂੰ ਮੁਹੱਲਾ ਕਲੀਨਿਕਾਂ ਦੇ ਮੁੱਦੇ
'ਤੇ ਸਹਿਯੋਗ ਦਾ ਭਰੋਸਾ ਦਿਤਾ ਹੈ। ਉਪ ਰਾਜਪਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ
ਵਧੀਆ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਿਕ ਦੇ ਪ੍ਰਾਜੈਕਟ ਬਾਰੇ ਫ਼ੈਸਲਾ ਲੋੜੀਂਦੇ
ਸੁਰੱਖਿਆ ਮਿਆਰਾਂ ਮੁਤਾਬਕ ਲਿਆ ਜਾਵੇਗਾ। ਅੱਜ ਸ਼ਾਮ ਇਥੇ ਰਾਜ ਨਿਵਾਸ 'ਤੇ ਮੁਹੱਲਾ
ਕਲੀਨਿਕ ਦੇ ਮਸਲੇ 'ਤੇ ਹੋਈ ਉੱਚ ਪੱਧਰੀ ਬੈਠਕ ਵਿਚ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ
ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ ਸਣੇ ਹੋਰ ਆਲਾ ਅਫ਼ਸਰ ਸ਼ਾਮਲ
ਹੋਏ। ਬੈਠਕ ਵਿਚ ਸਕੂਲਾਂ ਦੀ ਜ਼ਮੀਨ 'ਤੇ ਮੁਹੱਲਾ ਕਲੀਨਿਕ ਖੋਲ੍ਹਣ, ਮੁਹੱਲਾ ਕਲੀਨਿਕ ਦੀ
ਥਾਂ ਦੀ ਚੋਣ ਲਈ ਪਾਰਦਰਸ਼ੀ ਤਰੀਕਾ ਅਪਨਾਉਣ, ਥਾਂ ਦਾ ਕਿਰਾਇਆ ਬਾਜ਼ਾਰ ਦੇ ਕਿਰਾਏ ਤੋਂ
ਵੱਧ ਨਾ ਹੋਣ ਤੇ ਹੋਰ ਨੁਕਤਿਆਂ ਬਾਰੇ ਚਰਚਾ ਹੋਈ। ਬੈਠਕ ਪਿਛੋਂ ਉਪ ਮੁਖ ਮੰਤਰੀ ਮਨੀਸ਼
ਸਿਸੋਦੀਆਂ ਨੇ ਟਵੀਟ ਕਰ ਕੇ ਕਿਹਾ ਹੈ ਕਿ, 'ਉਪ ਰਾਜਪਾਲ ਨੇ ਭਰੋਸਾ ਦਿਤਾ ਹੈ ਕਿ
ਮੰਗਲਵਾਰ ਤੱਕ ਮੁਹੱਲਾ ਕਲੀਨਿਕ ਦੀ ਫ਼ਾਈਲ ਪਾਸ ਕਰ ਦਿਤੀ ਜਾਵੇਗੀ। ਜੇ ਇਸ ਬਾਰੇ ਉਪ
ਰਾਜਪਾਲ ਨੇ ਕੁੱਝ ਪੁੱਛਣਾ ਹੋਵੇਗਾ, ਤਾਂ ਉਹ ਸਾਨੂੰ ਪੁੱਛ ਲੈਣਗੇ।' ਯਾਦ ਰਹੇ ਬੀਤੇ
ਕੱਲ ਮੁਹੱਲਾ ਕਲੀਨਿਕ ਦੇ ਮੁੱਦੇ 'ਤੇ ਦਿੱਲੀ ਸਰਕਾਰ ਤੇ ਉਪ ਰਾਜਪਾਲ ਦੀ ਮੁੜ ਖੜਕ ਗਈ
ਸੀ। ਕਲ੍ਹ 45 ਆਪ ਵਿਧਾਇਕਾਂ ਨੇ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਤੇ ਹੋਰ ਸਮੇਂ ਦੀ
ਮੰਗ ਲਈ ਵਿਧਾਇਕ ਦੁਪਹਿਰ 2:30 ਵੱਜੇ ਤੋਂ ਰਾਤ ਪੌਣੇ ਨੌਂ ਵੱਜੇ ਤੱਕ ਉਪ ਰਾਜਪਾਲ ਦਫਤਰ
ਦੇ ਕਾਨਫਰੰਸ ਹਾਲ ਵਿਚ ਹੀ ਬੈਠੇ ਰਹੇ ਸਨ।
ਪਿਛੋਂ ਮੁਖ ਮੰਤਰੀ ਅਰਵਿੰਦ
ਕੇਜਰੀਵਾਲ ਨੇ ਵੀ ਸਖਤ ਬਿਆਨ ਜਾਰੀ ਕਰ ਕੇ, ਕਿਹਾ ਸੀ ਕਿ, “ ਉਪ ਰਾਜਪਾਲ ਦਿੱਲੀ ਦੇ
ਗ਼ਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਮੁਹੱਲਾ ਕਲੀਨਿਕ ਪ੍ਰਾਜੈਕਟ ਦੀ ਫ਼ਾਈਲਾਂ
ਦਬਾ ਕੇ ਬੈਠੇ ਹੋਏ ਹਨ। ਰੱਬ ਕਦੇ ਮਾਫ਼ ਨਹੀਂ ਕਰੇਗਾ।“ ਇਸ ਪਿਛੋਂ ਅੱਜ ਦੀ ਬੈਠਕ ਹੋਈ
ਹੈ।