
ਖਾਣ ਵਿਚ ਹੁੰਦਾ ਬਹੁਤ ਸਵਾਦ
ਸਮੱਗਰੀ: 2 ਕੱਪ ਮੈਦਾ, 1/2 ਕੱਪ ਠੰਡਾ ਦੁੱਧ, 1/2 ਕੱਪ ਦੇਸੀ ਘਿਉ, 1 ਕੱਪ ਸ਼ੂਗਰ, 1 ਚਮਚ ਨਿੰਬੂ ਦਾ ਰਸ, 1/4 ਚਮਚ ਇਲਾਇਚੀ ਪਾਊਡਰ, 1 ਚਮਚ ਵੱਖ-ਵੱਖ ਸੁੱਕੇ ਮੇਵੇ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਬਾਊਲ ਵਿਚ ਅੱਧਾ ਕੱਪ ਦੇਸੀ ਘਿਉ ਲਵੋ। ਇਸ ਵਿਚ ਬਰਫ਼ ਪਾਉ ਅਤੇ ਘਿਉ ਨੂੰ ਉਦੋਂ ਤਕ ਰਗੜੋ ਜਦੋਂ ਤਕ ਇਹ ਗਾੜ੍ਹਾ ਅਤੇ ਮਲਾਈਦਾਰ ਨਾ ਹੋ ਜਾਵੇ। ਕਰੀਬ 5-6 ਮਿੰਟ ਰਗੜਨ ਤੋਂ ਬਾਅਦ ਘਿਉ ਚਿੱਟਾ ਹੋ ਜਾਵੇਗਾ। ਹੁਣ 2 ਕੱਪ ਮੈਦੇ ਨੂੰ ਘਿਉ ਵਿਚ ਪਾਉ ਅਤੇ ਇਸ ਨੂੰ ਹੌਲੀ-ਹੌਲੀ ਉਦੋਂ ਤਕ ਮਿਲਾਉ ਜਦੋਂ ਤਕ ਇਹ ਟੁਕੜਿਆਂ ਵਰਗਾ ਨਾ ਹੋ ਜਾਵੇ। ਇਸ ਬੈਟਰ ਵਿਚ ਅੱਧਾ ਕੱਪ ਠੰਢਾ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾਉ। ਮਿਸ਼ਰਣ ਵਿਚ 1 ਕੱਪ ਠੰਢਾ ਪਾਣੀ ਪਾ ਕੇ ਇਕ ਮੋਟਾ ਬੈਟਰ ਤਿਆਰ ਕਰੋ। ਬੈਟਰ ਨੂੰ ਘੱਟੋ-ਘੱਟ 5 ਮਿੰਟ ਤਕ ਮਿਲਾਉਂਦੇ ਰਹੋ ਤਾਂ ਜੋ ਕੋਈ ਗੰਢ ਨਾ ਬਚੇ।
ਬੈਟਰ ਵਿਚ 1 ਚਮਚ ਨਿੰਬੂ ਦਾ ਰਸ ਅਤੇ ਇਕ ਹੋਰ ਕੱਪ ਠੰਢਾ ਪਾਣੀ ਪਾਉ। ਇਸ ਨੂੰ ਦੁਬਾਰਾ ਹਿਲਾਉ। ਇਕ ਫ਼ਰਾਈਪੈਨ ਵਿਚ ਤੇਲ ਜਾਂ ਘਿਉ ਨੂੰ ਘੱਟ ਸੇਕ ’ਤੇ ਗਰਮ ਕਰੋ। ਤੇਲ ਗਰਮ ਹੋਣ ’ਤੇ, ਕੇਂਦਰ ਤੋਂ ਦੂਰੀ ਰਖਦੇ ਹੋਏ ਫ਼ਰਾਈਪੈਨ ਵਿਚ 2 ਚਮਚ ਬੈਟਰ ਪਾਉ। ਫਿਰ, ਕੇਂਦਰ ਤੋਂ ਦੂਰ ਰਖਦੇ ਹੋਏ, ਇਕ ਪਤਲੀ ਧਾਰਾ ਵਿਚ 2 ਹੋਰ ਚਮਚ ਬੈਟਰ ਦੇ ਪਾ ਦਿਉ। ਘੇਵਰ ਦੀ ਡਿਸਕ ਨੂੰ ਉਦੋਂ ਤਕ ਫ਼ਰਾਈ ਕਰੋ ਜਦੋਂ ਤਕ ਉਹ ਸੁਨਹਿਰੀ ਭੂਰੀ ਨਾ ਹੋ ਜਾਵੇ।
ਇਸ ਨੂੰ ਤੇਲ ਤੋਂ ਹਟਾਉ ਅਤੇ ਪਲੇਟ ’ਤੇ ਰੱਖੋ। ਇਕ ਵੱਖਰੇ ਭਾਂਡੇ ਵਿਚ ਖੰਡ ਦੀ ਚਾਸ਼ਨੀ ਬਣਾਉਣ ਲਈ 1 ਕੱਪ ਚੀਨੀ ਨੂੰ 1/4 ਕੱਪ ਪਾਣੀ ਦੇ ਨਾਲ ਗਰਮ ਕਰੋ। ਚਾਸ਼ਨੀ ਨੂੰ ਲਗਭਗ 5 ਮਿੰਟ ਲਈ ਉਬਾਲੋ ਜਦੋਂ ਤਕ ਸਹੀ ਇਕਸਾਰਤਾ ਨਹੀਂ ਮਿਲ ਜਾਂਦੀ। ਫਿਰ ਗੈਸ ਬੰਦ ਕਰ ਦਿਉ। ਤਲੇ ਹੋਏ ਘੇਵਰ ਡਿਸਕਸ ਨੂੰ ਕੁੱਝ ਸਕਿੰਟਾਂ ਲਈ ਚੀਨੀ ਦੇ ਰਸ ਵਿਚ ਡੁਬੋ ਦਿਉ, ਫਿਰ ਇਨ੍ਹਾਂ ਨੂੰ ਬਾਹਰ ਕੱਢ ਕੇ ਵਾਧੂ ਚਾਸ਼ਨੀ ਨੂੰ ਬਾਹਰ ਆਉਣ ਦਿਉ। ਘੇਵਰ ਨੂੰ ਕੱਟੇ ਹੋਏ ਸੁੱਕੇ ਮੇਵਿਆਂ ਅਤੇ ਇਲਾਇਚੀ ਪਾਊਡਰ ਨਾਲ ਸਜਾਵਟ ਕਰੋ। ਤੁਹਾਡਾ ਘੇਵਰ ਬਣ ਕੇ ਤਿਆਰ ਹੈ।