
ਅਸੀਂ ਜਿਨ੍ਹਾਂ ਪਕਵਾਨਾਂ ਨੂੰ ਖਾਣ ਦੀ ਚੋਣ ਕਰਦੇ ਹਾਂ, ਉਨ੍ਹਾਂ ’ਚ ਛੋਟੀਆਂ ਤਬਦੀਲੀਆਂ ਪ੍ਰਜਾਤੀਆਂ ਦੇ ਅਲੋਪ ਹੋਣ ਨੂੰ ਰੋਕਣ ’ਚ ਲੰਮਾ ਰਸਤਾ ਤੈਅ ਕਰ ਸਕਦੀਆਂ ਹਨ
ਨਵੀਂ ਦਿੱਲੀ: ਦੁਨੀਆਂ ਭਰ ਦੇ 151 ਪ੍ਰਸਿੱਧ ਸਥਾਨਕ ਪਕਵਾਨਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਇਕ ਨਵੇਂ ਅਧਿਐਨ ਮੁਤਾਬਕ ਭਾਰਤ ਦੀ ਇਡਲੀ, ਚਨਾ ਮਸਾਲੇ ਅਤੇ ਰਾਜਮਾ ਦੇ ਨਾਲ-ਨਾਲ ਚਿਕਨ ਜਲਫਰੇਜ਼ੀ ਅਤੇ ਚਿਕਨ ਚਾਟ ਨੂੰ ਸੱਭ ਤੋਂ ਵੱਧ ਜੈਵ ਵੰਨ-ਸੁਵੰਨਤਾ ਵਾਲੇ ਚੋਟੀ ਦੇ 20 ਪਕਵਾਨਾਂ ਵਿਚ ਸ਼ਾਮਲ ਕੀਤਾ ਗਿਆ ਹੈ।
ਹਾਲਾਂਕਿ, ਖੋਜਕਰਤਾਵਾਂ ਨੇ ਪਾਇਆ ਕਿ ਬ੍ਰਾਜ਼ੀਲ ਦੀ ਪਕਵਾਨ ਫਰਾਲਡੀਨਹਾ ਜਿਸ ਦੀ ਮੁੱਖ ਸਮੱਗਰੀ ਬੀਫ ਹੈ, ਚੋਟੀ ਦੇ 20 ਵਿਚ ਸ਼ਾਮਲ ਹੈ। ਚਿੱਲੀ ਕੋਨ ਕਾਰਨੇ ਅਤੇ ਬੀਫ ਵਾਲੇ ਟਾਰਟੇਅਰ ਵਰਗੇ ਪਕਵਾਨ ਵੀ ਇਸ ’ਚ ਸ਼ਾਮਲ ਸਨ।
ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ CNN.com ਅਤੇ ਟੈਸਟਐਟਲਸ ਤੋਂ ਲਏ ਗਏ ਪ੍ਰਸਿੱਧ ਪਕਵਾਨਾਂ ਦੀਆਂ ਸੂਚੀਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਜੋ ਇਨ੍ਹਾਂ ਪਕਵਾਨਾਂ ਦੀ ਜੈਵ ਵੰਨ-ਸੁਵੰਨਤਾ ਬਾਰੇ ਜਾਣਿਆ ਜਾ ਸਕੇ ਜਦੋਂ ਉਹ ਵਿਸ਼ਵ ਵਿਆਪੀ ਅਤੇ ਸਥਾਨਕ ਤੌਰ ’ਤੇ ਤਿਆਰ ਕੀਤੇ ਜਾਂਦੇ ਹਨ।
ਖੋਜਕਰਤਾਵਾਂ ਨੇ ਲਿਖਿਆ ਹੈ ਕਿ ਭਾਰਤ ਜ਼ਿਆਦਾਤਰ ਉੱਚ ਜੈਵ ਵੰਨ-ਸੁਵੰਨਤਾ ਪ੍ਰਭਾਵ ਵਾਲੇ ਪਕਵਾਨਾਂ ਦੇ ਉਤਪਾਦਨ ’ਚ ਸ਼ਾਮਲ ਪਾਇਆ ਗਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਸ਼ਾਕਾਹਾਰੀ ਪਕਵਾਨਾਂ ਨੇ ਮੀਟ ਅਧਾਰਤ ਪਕਵਾਨਾਂ ਦੀ ਤੁਲਨਾ ਵਿਚ ਜੈਵ ਵੰਨ-ਸੁਵੰਨਤਾ ’ਤੇ ਕਾਫ਼ੀ ਘੱਟ ਪ੍ਰਭਾਵ ਵਿਖਾਇਆ।
ਖੋਜਕਰਤਾਵਾਂ ਨੇ ਪਲੋਸ ਵਨ ਜਰਨਲ ’ਚ ਪ੍ਰਕਾਸ਼ਿਤ ਅਪਣੇ ਅਧਿਐਨ ’ਚ ਕਿਹਾ ਕਿ ਦੂਜੇ ਪਾਸੇ ਆਲੂ ਅਤੇ ਕਣਕ ਵਰਗੇ ਸਟਾਰਚ ਵਾਲੇ ਭੋਜਨਾਂ ਤੋਂ ਬਣੇ ਪਕਵਾਨ ਜਿਵੇਂ ਕਿ ਮੰਟੂ ਅਤੇ ਚੀਨੀ ਸਟੀਮਡ ਬਨਸ ਸੱਭ ਤੋਂ ਘੱਟ ਜੈਵ ਵੰਨ-ਸੁਵੰਨਤਾ ਵਾਲੇ ਭੋਜਨਾਂ ’ਚੋਂ ਇਕ ਹਨ।
ਉਨ੍ਹਾਂ ਕਿਹਾ, ‘‘ਅਸੀਂ ਜਿਨ੍ਹਾਂ ਪਕਵਾਨਾਂ ਨੂੰ ਖਾਣ ਦੀ ਚੋਣ ਕਰਦੇ ਹਾਂ ਅਤੇ ਜਿੱਥੋਂ ਸਾਨੂੰ ਸਮੱਗਰੀ ਮਿਲਦੀ ਹੈ, ਉਨ੍ਹਾਂ ’ਚ ਛੋਟੀਆਂ ਤਬਦੀਲੀਆਂ ਪ੍ਰਜਾਤੀਆਂ ਦੇ ਅਲੋਪ ਹੋਣ ਨੂੰ ਰੋਕਣ ’ਚ ਲੰਮਾ ਰਸਤਾ ਤੈਅ ਕਰ ਸਕਦੀਆਂ ਹਨ।’’