
ਕੱਚੇ ਕੇਲੇ ’ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।
ਮੁਹਾਲੀ: ਕੇਲਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਹੁਤ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਤੁਰਤ ਐਨਰਜੀ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚਾ ਕੇਲਾ ਖਾਣਾ ਵੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ? ਭਾਰਤ ਦੇ ਕਈ ਹਿੱਸਿਆਂ ’ਚ ਕੱਚੇ ਕੇਲੇ ਦੀ ਸਬਜ਼ੀ ਤੇ ਦੂਸਰੀਆਂ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ। ਕੱਚੇ ਕੇਲੇ ਦੀ ਸਬਜ਼ੀ ਕਾਫ਼ੀ ਸਵਾਦ ਹੁੰਦੀ ਹੈ ਅਤੇ ਇਸ ਨੂੰ ਬਣਾਉਣਾ ਵੀ ਕਾਫ਼ੀ ਅਸਾਨ ਹੁੰਦਾ ਹੈ। ਉਬਲੇ ਹੋਏ ਕੱਚੇ ਕੇਲੇ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ।
ਅਸਲ ਵਿਚ ਕੱਚੇ ਕੇਲੇ ’ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਪੱਕੇ ਕੇਲੇ ਦੇ ਮੁਕਾਬਲੇ ਜ਼ਿਆਦਾ ਸਟਾਰਚ ਹੁੰਦਾ ਹੈ ਜਦਕਿ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਕੱਚੇ ਕੇਲੇ ਦੀ ਸਬਜ਼ੀ ਡਾਇਬਟੀਜ਼ ਤੇ ਬਲੱਡ ਪ੍ਰੈਸ਼ਰ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੀ ਹੈ। ਕੱਚੇ ਕੇਲੇ ਨਾਲ ਬਣੀ ਸਬਜ਼ੀ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੀ ਹੈ ਕਿਉਂਕਿ ਇਸ ਵਿਚ ਢੇਰ ਸਾਰੇ ਪੋਸ਼ਕ ਤੱਤ ਹੁੰਦੇ ਹਨ। ਕੇਲੇ ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਤੇ ਤਣਾਅ ਘਟਾਉਂਦਾ ਹੈ। ਇਸ ਤੋਂ ਇਲਾਵਾ ਕਬਜ਼ ਅਤੇ ਪੇਟ ਸਬੰਧੀ ਸਮੱਸਿਆਵਾਂ ਦੂਰ ਕਰਦਾ ਹੈ ਅਤੇ ਸਰੀਰ ’ਚ ਇੰਸੁਲਿਨ ਦੀ ਮਾਤਰਾ ਠੀਕ ਰਖਦਾ ਹੈ।
ਇਸ ਤੋਂ ਇਲਾਵਾ ਕੱਚੇ ਕੇਲੇ ’ਚ ਵਿਟਾਮਿਨ ਬੀ-6, ਵਿਟਾਮਿਨ-ਸੀ, ਕਾਪਰ, ਮੈਗਨੀਸ਼ੀਅਮ, ਮੈਂਗਨੀਜ਼ ਅਤੇ ਪੋਟਾਸ਼ੀਅਮ ਹੁੰਦਾ ਹੈ। ਕੱਚੇ ਕੇਲੇ ਦੀ ਸਬਜ਼ੀ ਪੇਟ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਫ਼ਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਲਈ ਇਹ ਕਬਜ਼ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਦੀ ਹੈ। ਜੇਕਰ ਕਿਸੇ ਵਿਅਕਤੀ ਦਾ ਪੇਟ ਠੀਕ ਤਰ੍ਹਾਂ ਨਾ ਸਾਫ਼ ਹੁੰਦਾ ਹੋਵੇ, ਮਲ ਤਿਆਗ ਵੇਲੇ ਪੇਟ ’ਚ ਦਰਦ ਹੁੰਦਾ ਹੈ ਤਾਂ ਉਸ ਲਈ ਇਹ ਕਾਫ਼ੀ ਫਾਇਦੇਮੰਦ ਹੈ। ਹਾਲ ਹੀ ’ਚ ਹੋਈ ਇਕ ਖੋਜ ਮੁਤਾਬਕ ਕੱਚੇ ਕੇਲੇ ਦਾ ਸੇਵਨ ਕਰਨ ਨਾਲ ਡਾਇਰੀਆ ਤੋਂ ਬਹੁਤ ਛੇਤੀ ਆਰਾਮ ਮਿਲਦਾ ਹੈ।
ਅਸਲ ਵਿਚ ਕੇਲੇ ਨੂੰ ਪਚਾਉਣਾ ਅਸਾਨ ਹੁੰਦਾ ਹੈ ਅਤੇ ਇਸ ਵਿਚ ਪੋਟਾਸ਼ੀਅਮ ਚੰਗੀ ਮਾਤਰਾ ’ਚ ਹੁੰਦਾ ਹੈ। ਇਸ ਲਈ ਇਸ ਦੇ ਸੇਵਨ ਨਾਲ ਦਸਤ-ਉਲਟੀ ਆਦਿ ਤੋਂ ਛੇਤੀ ਆਰਾਮ ਮਿਲਦਾ ਹੈ। ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਹਫ਼ਤੇ ’ਚ 2-3 ਵਾਰ ਕੱਚੇ ਕੇਲੇ ਨਾਲ ਬਣੀਆਂ ਚੀਜ਼ਾਂ ਬਣਾਉ। ਉਬਲੇ ਹੋਏ ਕੱਚੇ ਕੇਲਿਆਂ ’ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਨਾਲ ਤੁਹਾਡਾ ਸਰੀਰ ਕੈਲਸ਼ੀਅਮ ਨੂੰ ਚੰਗੀ ਤਰ੍ਹਾਂ ਸੋਖਦਾ ਹੈ। ਇਸ ਲਈ ਕੱਚੇ ਕੇਲੇ ਦੀ ਸਬਜ਼ੀ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਫ਼ੈਟ ਤੇਜ਼ੀ ਨਾਲ ਖ਼ਤਮ ਹੁੰਦੀ ਹੈ।