
ਪੋਸ਼ਣ ਮੁੱਲ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ ਖਪਤਕਾਰ
ਨਵੀਂ ਦਿੱਲੀ: ਫੂਡ ਰੈਗੂਲੇਟਰ ਐਫ.ਐਸ.ਐਸ.ਏ.ਆਈ. ਪੈਕ ਕੀਤੇ ਭੋਜਨਾਂ ’ਤੇ ਨਮਕ, ਖੰਡ ਅਤੇ ਸੈਚੁਰੇਟਿਡ ਫੈਟ ਬਾਰੇ ਜਾਣਕਾਰੀ ਵੱਡੇ ਅੱਖਰਾਂ ’ਚ ਪ੍ਰਦਰਸ਼ਿਤ ਕਰਨਾ ਲਾਜ਼ਮੀ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਰੈਗੂਲੇਟਰ ਨੇ ਸਨਿਚਰਵਾਰ ਨੂੰ ਇਸ ਸਬੰਧ ’ਚ ਲੇਬਲਿੰਗ ਨਿਯਮਾਂ ’ਚ ਤਬਦੀਲੀਆਂ ਨੂੰ ਮਨਜ਼ੂਰੀ ਦੇ ਦਿਤੀ।
ਐਫ.ਐਸ.ਐਸ.ਏ.ਆਈ. ਇਸ ਸਬੰਧ ’ਚ ਇਕ ਖਰੜਾ ਨੋਟੀਫਿਕੇਸ਼ਨ ਜਾਰੀ ਕਰੇਗਾ ਅਤੇ ਹਿੱਤਧਾਰਕਾਂ ਤੋਂ ਟਿਪਣੀਆਂ ਮੰਗੇਗਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਇਕ ਅਧਿਕਾਰਤ ਬਿਆਨ ’ਚ ਕਿਹਾ ਕਿ ਉਸ ਨੇ ਪੈਕ ਕੀਤੇ ਭੋਜਨਾਂ ਦੇ ਲੇਬਲ ’ਤੇ ਮੋਟੇ ਅੱਖਰਾਂ ਅਤੇ ਵੱਡੇ ਫੌਂਟ ਆਕਾਰ ’ਚ ਕੁਲ ਖੰਡ, ਨਮਕ ਅਤੇ ਸੈਚੁਰੇਟਿਡ ਫੈਟ ਬਾਰੇ ਪੋਸ਼ਣ ਸਬੰਧੀ ਜਾਣਕਾਰੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ।
ਐਫ.ਐਸ.ਐਸ.ਏ.ਆਈ. ਦੇ ਚੇਅਰਮੈਨ ਅਪੂਰਵ ਚੰਦਰਾ ਦੀ ਪ੍ਰਧਾਨਗੀ ਹੇਠ ਪੋਸ਼ਣ ਸਬੰਧੀ ਜਾਣਕਾਰੀ ਲੇਬਲਿੰਗ ਦੇ ਸਬੰਧ ’ਚ ਫੂਡ ਸੇਫਟੀ ਐਂਡ ਸਟੈਂਡਰਡਜ਼ (ਲੇਬਲਿੰਗ ਐਂਡ ਪਰਫਾਰਮੈਂਸ) ਰੈਗੂਲੇਸ਼ਨਜ਼, 2020 ’ਚ ਸੋਧ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਲਿਆ ਗਿਆ। ਰੈਗੂਲੇਟਰ ਨੇ ਕਿਹਾ ਕਿ ਇਸ ਸੋਧ ਦਾ ਉਦੇਸ਼ ਖਪਤਕਾਰਾਂ ਨੂੰ ਉਤਪਾਦ ਦੇ ਪੋਸ਼ਣ ਮੁੱਲ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੇ ਯੋਗ ਬਣਾਉਣਾ ਅਤੇ ਉਨ੍ਹਾਂ ਨੂੰ ਸੂਚਿਤ ਫੈਸਲੇ ਲੈਣ ਦੇ ਯੋਗ ਬਣਾਉਣਾ ਹੈ। ਇਸ ਸੋਧ ਲਈ ਜਾਰੀ ਖਰੜਾ ਨੋਟੀਫਿਕੇਸ਼ਨ ਹੁਣ ਸੁਝਾਅ ਅਤੇ ਇਤਰਾਜ਼ ਮੰਗੇਗਾ।