
ਕਿਹਾ, ਮਰੀਜ਼ਾਂ, ਪਰਿਵਾਰਾਂ ਨਾਲ ਸੰਚਾਰ ਦੀ ਘਾਟ ਕਾਰਨ ਹੁੰਦੀਆਂ ਨੇ ਡਾਕਟਰਾਂ ਵਿਰੁਧ ਸ਼ਿਕਾਇਤਾਂ
ਨਵੀਂ ਦਿੱਲੀ: ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਨੇ ਕਿਹਾ ਹੈ ਕਿ ਡਾਕਟਰਾਂ ਵਿਰੁਧ ਸ਼ਿਕਾਇਤਾਂ ਦਾ ਸਭ ਤੋਂ ਆਮ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਚਾਰ ਦੀ ਕਮੀ ਹੈ।
ਐਨ.ਐਮ.ਸੀ. ਦੇ ਨੈਤਿਕਤਾ ਅਤੇ ਮੈਡੀਕਲ ਰਜਿਸਟ੍ਰੇਸ਼ਨ ਬੋਰਡ (ਈ.ਐਮ.ਆਰ.ਬੀ.) ਨੇ ‘ਪੇਸ਼ੇਵਰ ਆਚਰਣ ਸਮੀਖਿਆ ਕੇਸ ਅਭਿਲੇਖਾਗਾਰ ਤੋਂ ਸਬਕ’ ’ਤੇ ਇਕ ਈ-ਕਿਤਾਬ ’ਚ ਕਿਹਾ ਕਿ ਜ਼ਿਆਦਾਤਰ ਮਾਮਲਿਆਂ ’ਚ ਡਾਕਟਰ ਅਪਣੇ ਚੰਗੇ ਇਰਾਦਿਆਂ ਦੇ ਬਾਵਜੂਦ, ਮਰੀਜ਼ਾਂ ਨੂੰ ਜਾਣਕਾਰੀ ਪ੍ਰਦਾਨ ਕਰਨ ’ਚ ਅਸਫਲ ਰਹਿੰਦੇ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਨਿਦਾਨ, ਇਲਾਜ ਯੋਜਨਾ ਆਦਿ ਬਾਰੇ ਸਮਝਾਉਣ ’ਚ ਅਸਫਲ ਰਹਿੰਦੇ ਹਨ।
ਕਿਤਾਬਚੇ ਦੇ ਸੰਪਾਦਕ ਅਤੇ ਐਨ.ਐਮ.ਸੀ. ਦੇ ਨੈਤਿਕਤਾ ਅਤੇ ਮੈਡੀਕਲ ਰਜਿਸਟ੍ਰੇਸ਼ਨ ਬੋਰਡ ਦੇ ਮੈਂਬਰ ਡਾ. ਯੋਗੇਂਦਰ ਮਲਿਕ ਨੇ ਕਿਹਾ, ‘‘ਇਸ ਮਹੱਤਵਪੂਰਨ ਈ-ਕਿਤਾਬ ’ਚ ਤਜਰਬੇਕਾਰ ਪੇਸ਼ੇਵਰਾਂ ਵਲੋਂ ਉਨ੍ਹਾਂ ਦੇ ਸਬੰਧਤ ਡੋਮੇਨ ’ਚ ਫੈਸਲਾ ਕੀਤੇ ਗਏ ਵਿਆਪਕ ਕੇਸ ਅਧਿਐਨ ਸ਼ਾਮਲ ਹਨ।’’ ਡਾ. ਮਲਿਕ ਨੇ ਕਿਹਾ ਕਿ ਡਾਕਟਰਾਂ ਵਿਰੁਧ ਸ਼ਿਕਾਇਤਾਂ ਦੇ ਮਾਮਲਿਆਂ ਤੋਂ ਸਿੱਖਣ ਦੀ ਲੋੜ ਸ਼ੁਰੂ ਤੋਂ ਹੀ ਮਹਿਸੂਸ ਕੀਤੀ ਗਈ ਸੀ ਅਤੇ ਇਹ ਵਿਚਾਰ ਬੋਰਡ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਇਸ ਮਕਸਦ ਲਈ ਮਾਹਰਾਂ ਦਾ ਇਕ ਸਮੂਹ ਬਣਾਇਆ ਗਿਆ ਸੀ।
ਕਿਤਾਬ ’ਚ ਕੇਸ ਅਧਿਐਨ ਦਰਸਾਉਂਦੇ ਹਨ ਕਿ ਇਕ ਮਰੀਜ਼ ਲਈ ਨੈਤਿਕਤਾ, ਆਚਰਣ ਅਤੇ ਲਾਪਰਵਾਹੀ ਵਿਚ ਫਰਕ ਕਰਨਾ ਬਹੁਤ ਮੁਸ਼ਕਲ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਰੀਜ਼ ਉਦੋਂ ਨਿਰਾਸ਼ ਹੋ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਡਾਕਟਰ ਦਾ ਵਿਵਹਾਰ ਉਨ੍ਹਾਂ ਦੀਆਂ ਉਮੀਦਾਂ ਮੁਤਾਬਕ ਨਹੀਂ ਮਿਲਦਾ। ਐਨ.ਐਮ.ਸੀ. ਨੇ ਕਿਹਾ ਕਿ ਡਾਕਟਰਾਂ ਵਿਰੁਧ ਮੁਕੱਦਮੇਬਾਜ਼ੀ ਦੇ ਜਾਣੇ-ਪਛਾਣੇ ਕਾਰਨਾਂ ਜਿਵੇਂ ਕਿ ਸੰਚਾਰ ਸਹਿਮਤੀ ਅਤੇ ਮੈਡੀਕਲ ਰੀਕਾਰਡਾਂ ਆਦਿ ਨਾਲ ਸਬੰਧਤ ਸਮੱਸਿਆਵਾਂ ਤੋਂ ਇਲਾਵਾ, ਇਕ ਨਵੀਂ ਸਮੱਸਿਆ ਜ਼ਿੰਮੇਵਾਰੀ ਤੈਅ ਕਰਨ ਦੀ ਹੈ, ਖਾਸ ਤੌਰ ’ਤੇ, ਜਦੋਂ ਇਲਾਜ ਡਾਕਟਰਾਂ ਦੀ ਟੀਮ ਵਲੋਂ ਕੀਤਾ ਜਾਂਦਾ ਹੈ।