
ਕੋਵਿਡ ਵੈਕਸੀਨ ਲੈਣ ਵਾਲੇ ਦਿਲ ਦੇ ਮਰੀਜ਼ਾਂ ਦੇ ਲੰਮੇ ਸਮੇਂ ਤਕ ਜਿਉਣ ਦੀ ਸੰਭਾਵਨਾ : ਅਧਿਐਨ
ਨਵੀਂ ਦਿੱਲੀ: ਇਕ ਨਵੇਂ ਅਧਿਐਨ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਮਰੀਜ਼ਾਂ ਨੂੰ ਕੋਵਿਡ-19 ਟੀਕਾ ਲਗਾਇਆ ਜਾ ਚੁੱਕਾ ਹੈ, ਉਨ੍ਹਾਂ ’ਚ ਲੰਮੇ ਸਮੇਂ ਤਕ ਜਿਉਣ ਦੀ ਸੰਭਾਵਨਾ ਉਨ੍ਹਾਂ ਮਰੀਜ਼ਾਂ ਦੀ ਤੁਲਨਾ ’ਚ 82 ਫ਼ੀ ਸਦੀ ਵੱਧ ਹੁੰਦੀ ਹੈ ਜਿਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਗਿਆ।
ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ (ਈ.ਐਸ.ਸੀ.) ਦੀ ਵਿਗਿਆਨਕ ਕਾਂਗਰਸ ਹਾਰਟ ਫੇਲ੍ਹ 2024 ’ਚ ਪੇਸ਼ ਕੀਤੇ ਗਏ ਅਧਿਐਨ ਨੇ ਟੀਕਾਕਰਨ ਅਤੇ ਕਲੀਨਿਕਲ ਨਤੀਜਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੋਰੀਅਨ ਨੈਸ਼ਨਲ ਹੈਲਥ ਇੰਸ਼ੋਰੈਂਸ ਸਰਵਿਸ ਡਾਟਾਬੇਸ ਦੀ ਵਰਤੋਂ ਕੀਤੀ।
ਕੋਵਿਡ-19 ਟੀਕੇ ਦੀਆਂ ਦੋ ਜਾਂ ਵਧੇਰੇ ਖੁਰਾਕਾਂ ਪ੍ਰਾਪਤ ਕਰਨ ਵਾਲੇ ਅਧਿਐਨ ’ਚ ਸ਼ਾਮਲ ਲੋਕਾਂ ਨੂੰ ‘ਟੀਕਾਕ੍ਰਿਤ’ ਵਜੋਂ ਦਰਸਾਇਆ ਗਿਆ ਸੀ, ਅਤੇ ਜਿਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ ਜਾਂ ਸਿਰਫ ਇਕ ਖੁਰਾਕ ਮਿਲੀ ਸੀ, ਉਨ੍ਹਾਂ ਨੂੰ ‘ਗੈਰ-ਟੀਕਾਕਰਨ’ ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ। ਦਿਲ ਫ਼ੇਲ੍ਹ ਹੋਣਾ ਇਕ ਜਾਨਲੇਵਾ ਸਿੰਡਰੋਮ ਹੈ ਜੋ ਵਿਸ਼ਵ ਪੱਧਰ ’ਤੇ 6.4 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ।
ਨੈਸ਼ਨਲ ਹੈਲਥ ਇੰਸ਼ੋਰੈਂਸ ਸਰਵਿਸ ਇਲਸਾਨ ਹਸਪਤਾਲ ਦੇ ਅਧਿਐਨ ਲੇਖਕ ਡਾ ਕਿਓਂਗ-ਹਯੋਨ ਚੁਨ ਨੇ ਕਿਹਾ, ‘‘ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਦੇ ਇਸ ਵੱਡੇ ਅਧਿਐਨ ’ਚ, ਕੋਵਿਡ-19 ਟੀਕਾਕਰਨ ਕਰਵਾਉਣ ਵਾਲੇ ਮਰੀਜ਼ ਦਿਲ ਦੇ ਦੌਰੇ ਕਾਰਨ ਮਰਨ ਦੀ ਘੱਟ ਸੰਭਾਵਨਾ ’ਚ ਸ਼ਾਮਲ ਸਨ।’’
ਇਸ ਅਧਿਐਨ ’ਚ 18 ਸਾਲ ਤੋਂ ਵੱਧ ਉਮਰ ਦੇ 651,127 ਦਿਲ ਫੇਲ੍ਹ ਹੋਣ ਵਾਲੇ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਔਸਤ ਉਮਰ 69.5 ਸਾਲ ਸੀ, ਅਤੇ 50 ਫ਼ੀ ਸਦੀ ਔਰਤਾਂ ਸਨ। ਸਮੁੱਚੀ ਅਧਿਐਨ ਆਬਾਦੀ ’ਚੋਂ, 538,434 (83 ਫ਼ੀ ਸਦੀ) ਨੂੰ ਟੀਕਾਕ੍ਰਿਤ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ, ਅਤੇ 112,693 (17 ਫ਼ੀ ਸਦੀ) ਨੂੰ ਟੀਕਾਕਰਨ ਤੋਂ ਵਾਂਝੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ।
ਖੋਜਕਰਤਾਵਾਂ ਨੇ ਪਾਇਆ ਕਿ ਟੀਕਾਕਰਨ ਨਾਲ ਮੌਤ ਦਾ ਖਤਰਾ 82 ਫੀ ਸਦੀ ਘੱਟ ਹੁੰਦਾ ਹੈ, ਦਿਲ ਦਾ ਪੌਰਾ ਪੈਣ ਕਾਰਨ ਹਸਪਤਾਲ ’ਚ ਭਰਤੀ ਹੋਣ ਦਾ ਖਤਰਾ 47 ਫੀ ਸਦੀ ਘੱਟ ਹੁੰਦਾ ਹੈ ਅਤੇ ਟੀਕਾਕਰਨ ਨਾ ਹੋਣ ਦੀ ਤੁਲਨਾ ’ਚ ਕੋਵਿਡ-19 ਇਨਫੈਕਸ਼ਨ ਦਾ ਖਤਰਾ 13 ਫੀ ਸਦੀ ਘੱਟ ਹੁੰਦਾ ਹੈ।
ਚੁਨ ਨੇ ਕਿਹਾ, ‘‘ਅਧਿਐਨ ਦਿਲ ਫੇਲ੍ਹ ਹੋਣ ਵਾਲੇ ਮਰੀਜ਼ਾਂ ’ਚ ਟੀਕਾਕਰਨ ਦਾ ਸਮਰਥਨ ਕਰਨ ਲਈ ਮਜ਼ਬੂਤ ਸਬੂਤ ਪ੍ਰਦਾਨ ਕਰਦਾ ਹੈ। ਹਾਲਾਂਕਿ, ਇਹ ਸਬੂਤ ਦਿਲ ਫ਼ੇਲ੍ਹ ਹੋਣ ਵਾਲੇ ਸਾਰੇ ਮਰੀਜ਼ਾਂ ’ਤੇ ਲਾਗੂ ਨਹੀਂ ਹੋ ਸਕਦੇ, ਅਤੇ ਅਸਥਿਰ ਸਥਿਤੀਆਂ ਵਾਲੇ ਮਰੀਜ਼ਾਂ ’ਚ ਟੀਕਾਕਰਨ ਦੇ ਜੋਖਮਾਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।’’