
ਕਰੇਲੇ ਦਾ ਸੁਆਦ ਕੌੜਾ ਹੁੰਦਾ ਹੈ ਜਿਸ ਕਾਰਨ ਕਈ ਲੋਕ ਇਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ
ਭਾਰ ਘਟਾਉਣ ਲਈ ਚੰਗੀ ਖ਼ੁਰਾਕ ਦੇ ਨਾਲ-ਨਾਲ ਕਸਰਤ ਦੀ ਵੀ ਲੋੜ ਹੁੰਦੀ ਹੈ। ਇਹ ਗੱਲ ਤਾਂ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਰੇਲੇ ਦਾ ਜੂਸ ਵੀ ਤੇਜ਼ੀ ਨਾਲ ਭਾਰ ਘਟਾਉਣ ’ਚ ਮਦਦਗਾਰ ਸਾਬਤ ਹੋ ਸਕਦਾ ਹੈ। ਕਰੇਲੇ ਦਾ ਸੁਆਦ ਕੌੜਾ ਹੁੰਦਾ ਹੈ ਜਿਸ ਕਾਰਨ ਕਈ ਲੋਕ ਇਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ। ਹਾਲਾਂਕਿ, ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਕਰੇਲੇ ਨੂੰ ਅਪਣਾਉਣਾ ਹੀ ਪਵੇਗਾ।
ਅਸਲ ਵਿਚ ਕਰੇਲੇ ’ਚ ਕੈਲੋਰੀ, ਫ਼ਾਈਬਰ, ਵਿਟਾਮਿਨ, ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜਿਸ ਦੀ ਮਦਦ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਇਹ ਡਾਇਬਟੀਜ਼, ਇਮਿਊਨਿਟੀ ਅਤੇ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੈ। ਆਉ ਜਾਣਦੇ ਹਾਂ ਕਰੇਲੇ ਦੇ ਸੂਪ ਦੇ ਫ਼ਾਇਦਿਆਂ ਬਾਰੇ :
ਕਰੇਲੇ ਦੇ ਜੂਸ ਦਾ ਸੇਵਨ ਭਾਰ ਘਟਾਉਣ ਵਿਚ ਮਦਦ ਕਰਦਾ ਹੈ ਕਿਉਂਕਿ ਇਹ ਗਲੂਕੋਜ਼ ਮੈਟਾਬੋਲਿਜ਼ਮ ਦੇ ਨਾਲ-ਨਾਲ ਲਿਪਿਡ ਮੈਟਾਬੋਲਿਜ਼ਮ ਦੀ ਤਰ੍ਹਾਂ ਕੰਮ ਕਰਦਾ ਹੈ। ਇਕ ਗਲਾਸ ਕਰੇਲੇ ਦਾ ਰਸ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਫ਼ਾਇਦੇਮੰਦ ਹੋ ਸਕਦਾ ਹੈ। ਕਰੇਲੇ ਦਾ ਜੂਸ ਕੈਲੋਰੀ ਨੂੰ ਘੱਟ ਰੱਖਣ ਦੇ ਨਾਲ-ਨਾਲ ਚਰਬੀ ਅਤੇ ਕਾਰਬੋਹਾਈਡ੍ਰੇਟ ਦੇ ਪੱਧਰ ਨੂੰ ਵੀ ਘੱਟ ਰਖਦਾ ਹੈ ਜਿਸ ਨਾਲ ਪੇਟ ਵਿਚ ਜਮ੍ਹਾਂ ਚਰਬੀ ਘੱਟ ਜਾਂਦੀ ਹੈ ਅਤੇ ਸਰੀਰ ਕਿਰਿਆਸ਼ੀਲ ਰਹਿੰਦਾ ਹੈ।
ਕਰੇਲੇ ਦੇ ਜੂਸ ਵਿਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿਚ ਮਦਦ ਕਰਦਾ ਹੈ। ਇਸ ਕਾਰਨ ਸਰੀਰ ਵਿਚ ਵਾਧੂ ਚਰਬੀ ਜਮ੍ਹਾਂ ਨਹੀਂ ਹੁੰਦੀ। ਇਸ ਨਾਲ ਹੀ ਇਹ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਜਿਸ ਕਾਰਨ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
ਕਰੇਲੇ ਦੇ ਜੂਸ ਦਾ ਸੇਵਨ ਕਿਵੇਂ ਕਰੀਏ: ਤੁਸੀਂ ਕਰੇਲੇ ਦੇ ਰਸ ਨੂੰ ਨਿੰਬੂ ਦੇ ਰਸ ਵਿਚ ਮਿਲਾ ਕੇ ਪੀ ਸਕਦੇ ਹੋ। ਕਰੇਲੇ ਦੇ ਜੂਸ ਵਿਚ ਸਬਜ਼ੀਆਂ ਦਾ ਰਸ ਮਿਲਾਇਆ ਜਾ ਸਕਦਾ ਹੈ। ਕਰੇਲੇ ਦੇ ਰਸ ਵਿਚ ਕੱਦੂ ਦਾ ਰਸ ਮਿਲਾ ਕੇ ਪੀ ਸਕਦੇ ਹੋ।