ਤਰ ਖਾਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ
ਗਰਮੀਆਂ ਦੇ ਮੌਸਮ ਵਿਚ ਲੋਕਾਂ ਵਲੋਂ ਤਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਲੋਕ ਤਰ ਦਾ ਸਲਾਦ ਬੜੇ ਸ਼ੌਂਕ ਨਾਲ ਖਾਂਦੇ ਹਨ। ਗਰਮੀ ਦੇ ਮੌਸਮ ਵਿਚ ਤਰ ਦੀ ਮੰਗ ਜ਼ਿਆਦਾ ਹੁੰਦੀ ਹੈ, ਕਿਉਂਕਿ ਇਸ ਵਿਚ ਕੈਲਸ਼ੀਅਮ, ਫ਼ਾਸਫ਼ੋਰਸ, ਸੋਡੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ।
ਤਰ ਖਾਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਗੁਰਦੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਤਰ ਖਾਣ ਨਾਲ ਕਿਹੜੀਆਂ-ਕਿਹੜੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ, ਉਸ ਬਾਰੇ ਜਾਣਦੇ ਹਾਂ
ਪਾਣੀ ਦੀ ਕਮੀ ਨੂੰ ਪੂਰਾ ਕਰੇ: ਗਰਮੀਆਂ ਵਿਚ ਅਕਸਰ ਲੋਕਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸਰੀਰ ਵਿਚ ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਰੋਜ਼ਾਨਾ ਤਰ ਖਾਣੀ ਸ਼ੁਰੂ ਕਰੋ। ਇਸ ਨੂੰ ਖਾਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਮੋਟਾਪਾ ਦੂਰ ਕਰੇ: ਜੋ ਲੋਕ ਜਲਦੀ ਅਪਣਾ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਤਰ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਫ਼ਾਈਬਰ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ, ਜੋ ਭਾਰ ਨੂੰ ਕੰਟਰੋਲ ਵਿਚ ਰੱਖਣ ਦਾ ਕੰਮ ਕਰਦੀ ਹੈ।
ਚਮੜੀ ਲਈ ਫ਼ਾਇਦੇਮੰਦ: ਚਿਕਨੀ ਚਮੜੀ ਨੂੰ ਦੂਰ ਕਰਨ ਲਈ ਤਰ ਦੀ ਵਰਤੋਂ ਕਰੋ। ਚਿਹਰੇ ’ਤੇ ਤਰ ਰਗੜ ਕੇ ਪਾਣੀ ਨਾਲ ਧੋ ਲਉ। ਇਕ ਵਾਰੀ ਤਾਂ ਇਸ ਨਾਲ ਚਿਹਰੇ ਦੀ ਚਿਕਨਾਈ ਦੂਰ ਹੋ ਜਾਵੇਗੀ ਅਤੇ ਦੂਜੀ ਵਾਰੀ ਚਿਹਰੇ ਦੇ ਦਾਗ਼-ਧੱਬੇ ਦੂਰ ਹੋ ਜਾਣਗੇ।
ਦਿਮਾਗ਼ ਦੀ ਗਰਮੀ ਦੂਰ ਕਰੇ: ਗਰਮੀਆਂ ਦੇ ਮੌਸਮ ਵਿਚ ਕਈ ਵਾਰ ਦਿਮਾਗ਼ ਵਿਚ ਗਰਮੀ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਚਿੜਚਿੜਾ ਤੇ ਉਦਾਸ ਰਹਿਣ ਲਗਦਾ ਹੈ। ਦਿਮਾਗ਼ ਦੀ ਗਰਮੀ ਮਿਟਾਉਣ ਅਤੇ ਠੰਢਕ ਪਹੁੰਚਾਉਣ ਲਈ ਤਰ ਦੇ ਬੀਜਾਂ ਦੀ ਠੰਢਾਈ ਦੇ ਰੂਪ ਵਿਚ ਵਰਤੋਂ ਕਰੋ।
ਮਜ਼ਬੂਤ ਪਾਚਨ ਤੰਤਰ: ਸਿਹਤਮੰਦ ਰਹਿਣ ਲਈ ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਪੇਟ ਵਿਚ ਗੜਬੜੀ ਹੋਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ। ਅੱਜਕਲ ਜ਼ਿਆਦਾਤਰ ਲੋਕਾਂ ਨੂੰ ਕਬਜ਼, ਐਸੀਡਿਟੀ, ਛਾਤੀ ਵਿਚ ਜਲਣ ਜਾਂ ਗੈਸ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਇਸ ਤੋਂ ਰਾਹਤ ਪ੍ਰਾਪਤ ਕਰਨ ਲਈ ਰੋਜ਼ਾਨਾ ਤਰ ਦੀ ਵਰਤੋਂ ਕਰੋ। ਲਗਾਤਾਰ ਤਰ ਖਾਣ ਨਾਲ ਕੁੱਝ ਹੀ ਦਿਨਾਂ ਵਿਚ ਪਾਚਨ ਤੰਤਰ ਮਜ਼ਬੂਤ ਹੋ ਜਾਵੇਗਾ।