
12 ਸਾਲ ਪਹਿਲਾਂ ਕਰਵਾਏ ਆਪਰੇਸ਼ਨ ਦੌਰਾਨ ਰਹਿ ਗਈ ਸੀ ਪੇਟ ’ਚ, ਜਾਂਚ ਲਈ ਕਮੇਟੀ ਕਾਇਮ
ਗੰਗਟੋਕ : ਗੰਗਟੋਕ ਦੇ ਐਸ.ਟੀ.ਐਨ.ਐਮ. ਹਸਪਤਾਲ ਦੇ ਡਾਕਟਰਾਂ ਨੇ ਇਕ ਔਰਤ ਦੇ ਪੇਟ ’ਚ 12 ਸਾਲਾਂ ਤੋਂ ਪਈ ਕੈਂਚੀ ਨੂੰ ਬਾਹਰ ਕਢਿਆ ਜੋ ਸਰਜਰੀ ਦੌਰਾਨ ਉਸ ਦੇ ਪੇਟ ’ਚ ਹੀ ਰਹਿ ਗਈ ਸੀ। ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਦਸਿਆ ਕਿ 12 ਸਾਲ ਪਹਿਲਾਂ ਐਸ.ਟੀ.ਐਨ.ਐਮ. ਹਸਪਤਾਲ ’ਚ ਔਰਤ ਨੇ ਅਪਣੇ ਅਪੈਂਡਿਕਸ ਦਾ ਆਪਰੇਸ਼ਨ ਕਰਵਾਇਆ ਸੀ ਜਿਸ ਦੌਰਾਨ ਉਸ ਦੇ ਪੇਟ ’ਚ ਕੈਂਚੀ ਛੱਡ ਦਿਤੀ ਗਈ ਸੀ।
ਐਸ.ਟੀ.ਐਨ.ਐਮ. ਹਸਪਤਾਲ ਦੇ ਬੁਲਾਰੇ ਡਾ. ਸੁਰੇਸ਼ ਮਦਨ ਰਾਏ ਨੇ ਦਸਿਆ ਕਿ ਇਕ ਔਰਤ ਦੇ ਪੇਟ ’ਚ ਕੈਂਚੀ ਰਹਿ ਜਾਣ ਦੇ ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਐਸ.ਟੀ.ਐਨ.ਐਮ. ਡਾਕਟਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਅਪੈਂਡਿਕਸ ਦੇ ਆਪਰੇਸ਼ਨ ਤੋਂ ਬਾਅਦ ਔਰਤ ਨੂੰ ਦਰਦ ਹੁੰਦਾ ਰਹਿੰਦਾ ਸੀ। ਉਸ ਦੇ ਪਰਵਾਰਕ ਜੀਅ ਉਸ ਨੂੰ ਐਸ.ਟੀ.ਐਨ.ਐਮ. ਹਸਪਤਾਲ ਲੈ ਕੇ ਆਏ। ਐਕਸ-ਰੇ ਨੇ ਉਸ ਦੇ ਪੇਟ ਵਿਚ ਕੈਂਚੀ ਪਾਈ। ਉਨ੍ਹਾਂ ਦਸਿਆ ਕਿ ਡਾਕਟਰਾਂ ਨੇ ਵੀਰਵਾਰ ਨੂੰ ਔਰਤ ਦੇ ਪੇਟ ’ਚੋਂ ਕੈਂਚੀ ਕੱਢਣ ਲਈ ਆਪ੍ਰੇਸ਼ਨ ਕੀਤਾ।