
ਲੰਬੇ ਸਮੇਂ ਤਕ ਬੀਅਰ ਪੀਣ ਨਾਲ ਸਰੀਰ ਨੂੰ ਕਈ ਗੰਭੀਰ ਨੁਕਸਾਨ ਹੁੰਦੇ ਹਨ।
ਸ਼ਰਾਬ ਅਤੇ ਬੀਅਰ ਪੀਣਾ ਅੱਜਕਲ ਜਿਵੇਂ ਲੋਕਾਂ ਦਾ ਸ਼ੌਕ ਹੀ ਬਣ ਗਿਆ ਹੈ। ਅਕਸਰ ਪਾਰਟੀਆਂ ਵਿਚ ਤੁਸੀਂ ਲੋਕਾਂ ਨੂੰ ਬੀਅਰ ਦਾ ਮਜ਼ਾ ਲੈਂਦੇ ਹੋਏ ਦੇਖਿਆ ਹੋਵੇਗਾ। ਦੁਨੀਆਂ ਭਰ ਵਿਚ ਲੱਖਾਂ ਲੋਕ ਇਸ ਦਾ ਸੇਵਨ ਕਰਦੇ ਹਨ। ਕੁੱਝ ਖ਼ਾਸ ਮੌਕਿਆਂ ’ਤੇ ਬੀਅਰ ਪੀਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਬੀਅਰ ਵਿਚ ਆਮ ਤੌਰ ’ਤੇ 5-6 ਫ਼ੀ ਸਦੀ ਅਲਕੋਹਲ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੁੱਝ ਫ਼ਾਇਦੇ ਹੁੰਦੇ ਹਨ ਪਰ ਇਸ ਦੀ ਲਤ ਤੁਹਾਡੇ ਲਈ ਘਾਤਕ ਸਾਬਤ ਹੋ ਸਕਦੀ ਹੈ।
ਲੰਬੇ ਸਮੇਂ ਤਕ ਬੀਅਰ ਪੀਣ ਨਾਲ ਸਰੀਰ ਨੂੰ ਕਈ ਗੰਭੀਰ ਨੁਕਸਾਨ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਸਮੱਸਿਆਵਾਂ ਬਾਰੇ ਦਸਾਂਗੇ, ਜਿਨ੍ਹਾਂ ਨੂੰ ਦੇਖਦੇ ਹੋਏ ਤੁਰਤ ਬੀਅਰ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਜੇਕਰ ਤੁਹਾਨੂੰ ਪਾਚਨ ਕਿਰਿਆ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਿਵਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਬੀਅਰ ਪੀਣਾ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ। ਸ਼ਰਾਬ ਪੀਣ ਨਾਲ ਹੈਪੇਟਾਈਟਸ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਬਚਣ ਲਈ ਬੀਅਰ ਤੋਂ ਦੂਰ ਰਹੋ। ਕਈ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਬੀਅਰ ਪੀਣ ਨਾਲ ਸਿਰੋਸਿਸ ਦਾ ਖ਼ਤਰਾ ਵੱਧ ਜਾਂਦਾ ਹੈ।
ਇਕ ਰੀਪੋਰਟ ਅਨੁਸਾਰ, ਲੰਮੇ ਸਮੇਂ ਤਕ ਜ਼ਿਆਦਾ ਮਾਤਰਾ ਵਿਚ ਬੀਅਰ ਪੀਣ ਨਾਲ ਚਿੰਤਾ ਅਤੇ ਡਿਪਰੈਸ਼ਨ ਦਾ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ। ਜੇਕਰ ਤੁਸੀਂ ਬੇਚੈਨੀ ਜਾਂ ਡਿਪਰੈਸ਼ਨ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਤੁਰਤ ਬੀਅਰ ਪੀਣਾ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਨਜ਼ਰ-ਅੰਦਾਜ਼ ਕਰਦੇ ਹੋ, ਤਾਂ ਸਮੱਸਿਆ ਹੋਰ ਵੀ ਵਧ ਸਕਦੀ ਹੈ। ਕਈ ਲੋਕ ਤਣਾਅ ਨੂੰ ਘੱਟ ਕਰਨ ਲਈ ਬੀਅਰ ਪੀਂਦੇ ਹਨ ਪਰ ਫ਼ਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ।
ਬੀਅਰ ਪੀਣ ਨਾਲ ਲੋਕਾਂ ਦਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ ਅਤੇ ਆਮ ਤੌਰ ’ਤੇ ਇਹ ਮੋਟਾਪੇ ਦਾ ਰੂਪ ਲੈ ਲੈਂਦਾ ਹੈ। ਬੀਅਰ ਦੇ 1 ਕੈਨ ਵਿਚ ਲਗਭਗ 153 ਕੈਲੋਰੀਆਂ ਹੁੰਦੀਆਂ ਹਨ। ਇਸ ਦੇ ਲਗਾਤਾਰ ਸੇਵਨ ਨਾਲ ਮੋਟਾਪਾ ਵਧਦਾ ਹੈ। ਜੇਕਰ ਤੁਹਾਡਾ ਮੋਟਾਪਾ ਵਧ ਰਿਹਾ ਹੈ ਤਾਂ ਤੁਰਤ ਸੁਚੇਤ ਹੋਣ ਦੀ ਲੋੜ ਹੈ। ਅਜਿਹੇ ਵਿਚ ਤੁਹਾਨੂੰ ਬੀਅਰ ਤੋਂ ਦੂਰ ਰਹਿਣਾ ਚਾਹੀਦਾ ਹੈ।
ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਬੀਅਰ ਤੁਹਾਡੀ ਸਮੱਸਿਆ ਨੂੰ ਗੰਭੀਰ ਬਣਾ ਸਕਦੀ ਹੈ। ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕੋਈ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ। ਸ਼ਰਾਬ ਪੀਣ ਨਾਲ ਗਲੇ ਅਤੇ ਮੂੰਹ ਦੇ ਕੈਂਸਰ ਸਮੇਤ ਕਈ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਵੀ ਬੀਅਰ ਨਹੀਂ ਪੀਣੀ ਚਾਹੀਦੀ।