
ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ।
ਚੰਡੀਗੜ੍ਹ: ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ। ਦਾਦੀ-ਨਾਨੀ ਦੇ ਨੁਸਖੇ 'ਚ ਪੇਟ ਦਰਦ ਹੋਣ 'ਤੇ ਅਜਵਾਇਣ ਦੀ ਫੱਕੀ ਮਾਰ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਇਸ ਦਾ ਚੂਰਨ ਬਣਾ ਕੇ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ।
Ajwain
ਅਜਵਾਇਣ ਐਂਟੀ ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣਾਂ ਕਾਰਨ ਦਵਾਈ ਦਾ ਕੰਮ ਵੀ ਕਰਦੀ ਹੈ। ਵਿਸ਼ੇਸ਼ ਕਰ ਕੇ ਪੇਟ ਦਰਦ, ਗੈਸ ਬਣਨ, ਸਰਦੀ-ਜ਼ੁਕਾਮ, ਜੋੜਾਂ ਦੇ ਦਰਦ ਵਿਚ ਇਸ ਦੀ ਵਰਤੋਂ ਦਵਾਈ ਦੇ ਰੂਪ ਵਿਚ ਕੀਤੀ ਜਾਂਦੀ ਹੈ। ਅਜਵਾਇਣ ਦਾ ਸੇਵਨ ਸਾਨੂੰ ਕਈ ਰੋਗਾਂ ਤੋਂ ਦੂਰ ਰਖਦਾ ਹੈ।
Ajwain
ਆਉ ਜਾਣੀਏ ਇਸ ਦੇ ਲਾਭ :
ਕਾਲੀ ਖਾਂਸੀ: 10 ਗ੍ਰਾਮ ਅਜਵਾਇਣ, 3 ਗ੍ਰਾਮ ਨਮਕ ਪੀਸ ਕੇ 40 ਗ੍ਰਾਮ ਸ਼ਹਿਦ ਵਿਚ ਮਿਲਾਉ। ਦਿਨ ਵਿਚ 3-4 ਵਾਰ ਥੋੜ੍ਹੀ-ਥੋੜ੍ਹੀ ਚੱਟਣ ਨਾਲ ਖਾਂਸੀ ਵਿਚ ਫ਼ਾਇਦਾ ਹੋਵੇਗਾ।
ਬੰਦ ਜ਼ੁਕਾਮ: ਅਜਵਾਇਣ ਨੂੰ ਤਵੇ 'ਤੇ ਗਰਮ ਕਰ ਕੇ ਕੱਪੜੇ ਦੀ ਪੋਟਲੀ ਬਣਾ ਕੇ ਸੁੰਘਣ ਨਾਲ ਛਿੱਕਾਂ ਆ ਕੇ ਬੰਦ ਨੱਕ ਖੁੱਲ੍ਹ ਜਾਂਦਾ ਹੈ। ਜੇ ਜ਼ੁਕਾਮ ਵਿਚ ਸਿਰ ਦਰਦ ਹੋਵੇ ਤਾਂ ਦੂਰ ਹੋ ਜਾਂਦਾ ਹੈ।
Ajwain
ਗਲੇ ਦੀ ਸੋਜ: ਗਰਮ ਪਾਣੀ ਨਾਲ ਇਕ ਚਮਚ ਅਜਵਾਇਣ 3-4 ਵਾਰ ਇਕ ਹਫ਼ਤੇ ਤਕ ਵਰਤੋਂ ਕਰਨ ਨਾਲ ਗਲੇ ਦੀ ਸੋਜ ਦੂਰ ਹੋ ਜਾਂਦੀ ਹੈ।
ਪੇਟ ਦੇ ਕੀੜੇ: ਅਜਵਾਇਣ ਦਾ ਚੂਰਨ 5 ਗ੍ਰਾਮ ਲੱਸੀ ਦੇ ਨਾਲ ਲੈਣ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।
ਪਥਰੀ: ਅਜਵਾਇਣ ਨੂੰ ਮੂਲੀ ਦੇ ਰਸ ਵਿਚ ਮਿਲਾ ਕੇ ਖਾਣ ਨਾਲ ਪਥਰੀ ਗਲ ਕੇ ਨਿਕਲ ਜਾਂਦੀ ਹੈ।
Fever and Cold
ਚਮੜੀ ਰੋਗ: ਅਜਵਾਇਣ ਨੂੰ ਪੀਸ ਕੇ ਦਾਦ, ਖਾਜ, ਖੁਜਲੀ ਆਦਿ ਚਮੜੀ ਸਬੰਧੀ ਰੋਗਾਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ।
ਜੋੜਾਂ ਦਾ ਦਰਦ: ਅਜਵਾਇਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ, ਜਕੜਨ ਅਤੇ ਸਰੀਰ ਦੇ ਅਨੇਕਾਂ ਭਾਗਾਂ ਵਿਚ ਦਰਦ ਆਦਿ ਵਿਚ ਲਾਭ ਹੁੰਦਾ ਹੈ।
ਕਿੱਲ-ਮੁਹਾਸਿਆਂ ਦੇ ਨਿਸ਼ਾਨ : ਕਿੱਲ-ਮੁਹਾਸਿਆਂ ਦੇ ਨਿਸ਼ਾਨਾਂ ਨੂੰ ਹੌਲੀ-ਹੌਲੀ ਘੱਟ ਕਰਨ ਲਈ ਅਜਵਾਇਣ ਪਾਊਡਰ ਨੂੰ ਦਹੀਂ ਵਿਚ ਮਿਲਾ ਕੇ ਨਿਯਮਤ ਕੁਝ ਦਿਨ ਲਗਾਉ। ਅੱਧੇ ਘੰਟੇ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋ ਲਉ।
Teeth
ਦੰਦ ਦਾ ਦਰਦ : ਜੇਕਰ ਦੰਦ ਦਾ ਦਰਦ ਹੋਵੇ ਅਤੇ ਡਾਕਟਰ ਦੇ ਕੋਲ ਉਸ ਸਮੇਂ ਜਾਣਾ ਮੁਸ਼ਕਲ ਹੋਵੇ ਤਾਂ 1 ਕੱਪ ਪਾਣੀ ਵਿਚ ਇਕ ਚਮਚ ਪੀਸੀ ਅਜਵਾਇਣ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਉਬਾਲ ਲਉ। ਜੇ ਪਾਣੀ ਕੋਸਾ ਹੋਵੇ ਤਾਂ ਉਸ ਨੂੰ ਮੂੰਹ ਵਿਚ ਲੈ ਕੇ ਕੁੱਝ ਦੇਰ ਤਕ ਰਖੋ ਅਤੇ ਬਾਅਦ ਵਿਚ ਕੁਰਲੀ ਕਰ ਕੇ ਸੁੱਟ ਦਿਉ। ਦਿਨ ਵਿਚ ਤਿੰਨ ਤੋਂ ਚਾਰ ਵਾਰ ਇਸ ਕਿਰਿਆ ਨੂੰ ਦੁਹਰਾਉ, ਆਰਾਮ ਮਿਲੇਗਾ।
Ajwain
ਬਦਹਜ਼ਮੀ: ਖਾਣਾ ਖਾਣ ਤੋਂ ਬਾਅਦ ਭਾਰਾਪਨ ਹੋਣ 'ਤੇ ਇਕ ਚਮਚ ਅਜਵਾਇਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫਾਇਦਾ ਮਿਲਦਾ ਹੈ।
ਮਾਹਾਵਾਰੀ: ਮਾਹਾਵਾਰੀ ਦੌਰਾਨ ਹੋਣ ਵਾਲੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਇਣ ਦਾ ਪਾਣੀ ਬਹੁਤ ਲਾਭਦਾਇਕ ਹੈ। ਰਾਤ ਨੂੰ 1 ਗਿਲਾਸ ਪਾਣੀ ਵਿਚ ਇਕ ਚਮਚ ਅਜਵਾਇਣ ਪਾ ਕੇ ਭਿਉਂ ਕੇ ਰੱਖ ਦਿਉ। ਸਵੇਰੇ ਇਸ ਪਾਣੀ ਨੂੰ ਪੀ ਲਉ।