ਦੂਜੀ ਤਰਫ਼ ਠੰਢ ਹੋਣ ਕਾਰਨ ਅਸੀਂ ਅਪਣੇ ਆਪ ਨੂੰ ਅੰਦਰ ਹੀ ਰਜਾਈਆਂ ਵਿਚ ਲੈ ਕੇ ਬੈਠੇ ਰਹਿੰਦੇ ਹਾਂ ਜਿਸ ਨਾਲ ਖ਼ੂਨ ਵਿਚ ਕੈਲਸਟਰੋਲ ਤੇ ਹੋਰ ਬੀਮਾਰੀਆਂ ਲੱਗਦੀਆਂ
ਜਿਉਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਦੀ ਬਹੁਤਾਤ ਘਰਾਂ ਵਿਚ ਵਧਣ ਲੱਗਦੀ ਹੈ। ਸਰੋ੍ਹਂ ਦਾ ਸਾਗ, ਮੱਕੀ ਦੀ ਰੋਟੀ, ਮਖਣੀ, ਲੱਸੀ, ਪਿੰਨੀਆਂ, ਗੁੜ ਵਾਲੀ ਗੱਚਕ, ਮੂਗਫਲੀ, ਚੁਹਾਰੇ, ਗਾਜਰ ਦਾ ਹਲਵਾ ਆਦਿ ਸਰਦੀਆਂ ਦੇ ਮੌਸਮ ਵਿਚ ਘਰਾਂ ਵਿਚ ਆਮ ਹੋ ਜਾਂਦਾ ਹੈ। ਇਸ ਦੇ ਨਾਲ ਹੀ ਵਿਆਹਾਂ ਦਾ ਸੀਜਨ ਹੋਣ ਕਰ ਕੇ ਮਠਿਆਈਆਂ ਦੀ ਬਹੁਤਾਤ ਵੀ ਘਰਾਂ ਵਿਚ ਵੇਖਣ ਨੂੰ ਮਿਲਦੀ ਹੈ। ਦੂਜੀ ਤਰਫ਼ ਠੰਢ ਹੋਣ ਕਾਰਨ ਅਸੀਂ ਅਪਣੇ ਆਪ ਨੂੰ ਅੰਦਰ ਹੀ ਰਜਾਈਆਂ ਵਿਚ ਲੈ ਕੇ ਬੈਠੇ ਰਹਿੰਦੇ ਹਾਂ ਜਿਸ ਨਾਲ ਖ਼ੂਨ ਵਿਚ ਕੈਲਸਟਰੋਲ ਦਾ ਵਧਣਾ, ਬੀਪੀ ਦਾ ਵਧਣਾ ਸੂਗਰ ਅਤੇ ਹੋਰ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਹੀ ਸਾਡੇ ਸਰੀਰ ਨੂੰ ਜਕੜਨ ਲਈ ਕੋਸ਼ਿਸ਼ ਕਰਦੀਆਂ ਹਨ।
ਜੋੜਾਂ ਦੇ ਦਰਦ, ਸਿਰ ਦਰਦ, ਅੱਖਾਂ ਦਾ ਭਾਰਾ-ਭਾਰਾ ਰਹਿਣਾ, ਅੰਗ ਪੈਰ ਟੁੱਟਣਾ, ਗਲਾ ਖਰਾਬ, ਖਰਾਸ ਵਰਗੀਆਂ ਬਿਮਾਰੀਆਂ ਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਰੀਰ ਤਰੋ ਤਾਜ਼ਾ ਅਤੇ ਫਿਟ ਰਹੇ ਤਾਂ ਸਾਨੂੰ ਇਸ ਸਰੀਰ ਦੀ ਮਸ਼ੀਨਰੀ ਵਾਂਗ ਸਰਵਿਸ ਕਰਨੀ ਬਹੁਤ ਲਾਜ਼ਮੀ ਹੈ। ਜੇਕਰ ਜ਼ਿਆਦਾ ਠੰਢ ਹੋਵੇ ਤਾਂ ਘਰਾਂ ਵਿਚ ਕੀਤੀਆਂ ਜਾਣ ਵਾਲੀਆਂ ਐਕਸਰਸਾਈਜਾਂ ਵੀ ਕੀਤੀਆਂ ਜਾ ਸਕਦੀਆਂ ਹਨ। ਸਵੇਰੇ ਸ਼ਾਮ ਮੋਟੇ ਕੱਪੜੇ ਪਾ ਕੇ ਵੀ ਸੈਰ ’ਤੇ ਜਾਇਆ ਜਾ ਸਕਦਾ ਹੈ। ਲੰਮੀ ਸੈਰ ਦੇ ਬਹੁਤ ਫ਼ਾਇਦੇ ਹਨ।
ਲੰਮੀ ਸੈਰ ਕਰਨ ਨਾਲ ਸੂਗਰ, ਮੋਟਾਪਾ ਅਤੇ ਕੈਲਸਟਰੋਲ ਵਰਗੀਆਂ ਭਿਆਨਕ ਬਿਮਾਰੀਆਂ ਸਾਡੇ ਸਰੀਰ ਵਿਚੋਂ ਬਿਲਕੁਲ ਖ਼ਤਮ ਹੋ ਜਾਂਦੀਆਂ ਹਨ।
ਸਾਡਾ ਸਾਰਾ ਸਰੀਰ ਪੂਰਾ ਦਿਨ ਤਰੋ ਤਾਜ਼ਾ ਰਹਿੰਦਾ ਹੈ ਅਤੇ ਸਾਡੇ ਮੂੰਹ ਤੇ ਹੁਣ ਮੁਸਕਰਾਹਟ ਝਲਕਦੀ ਹੈ। ਤੁਰਨ ਫਿਰਰ ਨਾਲ ਸਾਡੇ ਜੋੜ ਵੀ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਗੋਡਿਆਂ ਗਿੱਟਿਆਂ ਦੇ ਜੋੜਾਂ ਵਿਚੋਂ ਦਰਦ ਖ਼ਤਮ ਹੋ ਜਾਂਦਾ ਹੈ।
ਮੋਟਾਪੇ ਦੇ ਖ਼ਤਮ ਹੋਣ ਨਾਲ ਬਹੁਤੀਆਂ ਬਿਮਾਰੀਆਂ ਜਿਹੜੀਆਂ ਅਸੀਂ ਅਪਣੇ ਆਪ ਨੂੰ ਖ਼ੁਦ ਸਹੇੜਦੇ ਹਾਂ ਅਪਣੇ ਆਪ ਹੀ ਚਲੀਆ ਜਾਂਦੀਆਂ ਹਨ। ਸਵੇਰ ਦੀ ਲੰਮੀ ਸੈਰ ਆਲਸ ਨੂੰ ਵੀ ਦੂਰ ਕਰਦੀ ਹੈ। ਸਵੇਰ ਦੀ ਲੰਮੀ ਸੈਰ ਸਾਡੇ ਸਰੀਰ ਵਿਚ ਆਕਸੀਜਨ ਦੀ ਕਮੀ ਨੂੰ ਪੂਰਾ ਕਰਦੀ ਹੈ ਜਿਸ ਨਾਲ ਸਾਡੇ ਫੇਫੜੇ, ਦਿਲ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰਦੇ ਹਨ। ਸਾਡੇ ਸਰੀਰ ਦੀ ਇਮਿਊਨਿਟੀ ਪਾਵਰ ਵਧਨ ਕਾਰਨ ਬਹੁਤੀਆਂ ਬਿਮਾਰੀਆਂ ਦੇ ਨਾਲ ਲੜਨ ਦੀ ਤਾਕਤ ਸਾਡਾ ਸਰੀਰ ਖੁਦ ਪੈਦਾ ਕਰ ਲੈਂਦਾ ਹੈ।
ਆਓ ਸਮਾਂ ਖਰਾਬ ਨਾ ਕਰਦੇ ਹੋਏ ਸਰਦੀਆਂ ਦੇ ਮੌਸਮ ਦੇ ਸ਼ੁਰੂਆਤ ਵਿਚ ਹੀ ਅਪਣੇ ਆਪ ਨੂੰ ਸਟੇਡੀਅਮ ਦਾ ਹਿੱਸਾ ਬਣਾਈਏ ਅਤੇ ਅਪਣੇ ਇਸ ਸਰੀਰ ਰੂਪੀ ਮਸ਼ੀਨ ਦਾ ਪੂਰਾ ਖਿਆਲ ਰੱਖੀਏ ਤਾਕਿ ਇਹ ਲੰਮਾ ਸਮਾਂ ਲਗਾਤਾਰ ਚਲਦੀ ਰਹੇ।
ਅਮਨਦੀਪ ਸ਼ਰਮਾ ਗੁਰਨੇ ਕਲਾਂ ਤਹਿਸੀਲ ਬੁਢਲਾਡਾ ਜਿਲਾ ਮਾਨਸਾ।
ਮੋ. 9876074055
