
ਜਿਹੜੇ ਲੋਕਾਂ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ, ਉਹ ਸਵੇਰੇ ਉਠ ਕੇ ਦੰਦਾਂ ਨੂੰ ਬੁਰਸ਼ ਕਰਨ ਤੋਂ ਪਹਿਲਾਂ 1 ਗਲਾਸ ਕੋਸਾ ਪਾਣੀ ਜ਼ਰੂਰ ਪੀਣ।
ਮੁਹਾਲੀ: ਸਵੇਰੇ ਉਠਦੇ ਸਾਰ ਪਾਣੀ ਪੀਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਬੁਰਸ਼ ਕੀਤੇ ਬਿਨਾਂ ਪਾਣੀ ਪੀਣਾ ਨਾ ਸਿਰਫ਼ ਫ਼ਾਇਦੇਮੰਦ ਹੁੰਦਾ ਹੈ ਸਗੋਂ ਸਿਹਤ ਲਈ ਰਾਮਬਾਣ ਸਾਬਤ ਹੁੰਦਾ ਹੈ। ਰਾਤ ਨੂੰ ਸੌਂਦੇ ਸਮੇਂ ਸਾਡੇ ਮੂੰਹ ਵਿਚ ਪੈਦਾ ਹੋਣ ਵਾਲੀ ਲਾਰ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦੀ ਹੈ। ਲਾਰ ਮੂੰਹ ਵਿਚ ਬਣਨ ਵਾਲਾ ਤਰਲ ਪਦਾਰਥ ਹੈ, ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਕੇ ਰਖਦਾ ਹੈ। ਰੋਜ਼ਾਨਾ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਲਾਰ ਢਿੱਡ ਵਿਚ ਜਾ ਕੇ ਕਈ ਰੋਗਾਂ ਤੋਂ ਨਿਜਾਤ ਦਿਵਾਉਂਦੀ ਹੈ। ਇਸ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਆਉ ਜਾਣਦੇ ਹਾਂ ਇਸ ਬਾਰੇ:
ਅੱਜ ਦੇ ਸਮੇਂ ਵਿਚ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਬੀਮਾਰੀ ਨਹੀਂ ਹੈ। ਜਿਹੜੇ ਲੋਕਾਂ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ, ਉਹ ਸਵੇਰੇ ਉਠ ਕੇ ਦੰਦਾਂ ਨੂੰ ਬੁਰਸ਼ ਕਰਨ ਤੋਂ ਪਹਿਲਾਂ 1 ਗਲਾਸ ਕੋਸਾ ਪਾਣੀ ਜ਼ਰੂਰ ਪੀਣ। ਤੁਸੀਂ ਚਾਹੋ ਤਾਂ ਪਾਣੀ ਵਿਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਇਹ ਪਾਣੀ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਕਰਦਾ ਹੈ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਬਜ਼ੁਰਗ ਅਤੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਗੋਡਿਆਂ ਵਿਚ ਦਰਦ ਹੁੰਦਾ ਰਹਿੰਦਾ ਹੈ। ਅਜਿਹੇ ਲੋਕ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਜ਼ਰੂਰ ਪੀਣ। ਇਸ ਨਾਲ ਉਨ੍ਹਾਂ ਨੂੰ ਦਰਦ ਤੋਂ ਰਾਹਤ ਮਿਲ ਸਕਦੀ ਹੈ। ਆਯੁਰਵੈਦ ਅਨੁਸਾਰ ਸਵੇਰ ਦੀ ਲਾਰ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਲੁਬਰੀਕੇਸ਼ਨ ਨੂੰ ਬਣਾਈ ਰੱਖਣ ਵਿਚ ਮਦਦ ਕਰਦੀ ਹੈ।
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚਾਲੇ ਫ਼ੰਗਲ ਇਨਫ਼ੈਕਸ਼ਨ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਲਾਰ ਲਗਾਉਣੀ ਚਾਹੀਦੀ ਹੈ। ਰੋਜ਼ਾਨਾ ਅਜਿਹਾ ਕਰਨ ਨਾਲ ਫ਼ੰਗਲ ਇਨਫ਼ੈਕਸ਼ਨ ਤੋਂ ਬਹੁਤ ਜਲਦੀ ਨਿਜਾਤ ਮਿਲਦੀ ਹੈ। ਜੇਕਰ ਤੁਹਾਡੇ ਚਿਹਰੇ ’ਤੇ ਮੁਹਾਸੇ ਜਾਂ ਦਾਗ਼-ਧੱਬੇ ਹਨ, ਤਾਂ ਸਵੇਰੇ ਉਠਦੇ ਹੀ ਚਿਹਰੇ ’ਤੇ ਬਾਸੀ ਲਾਰ ਲਗਾਉ। ਅਜਿਹਾ ਕਰਨ ਨਾਲ 7 ਤੋਂ 8 ਦਿਨਾਂ ਵਿਚ ਮੁਹਾਸੇ ਅਪਣੇ-ਆਪ ਗ਼ਾਇਬ ਹੋ ਜਾਣਗੇ। ਰੋਜ਼ ਸਵੇਰੇ ਉਠਣ ਤੋਂ ਬਾਅਦ ਅਜਿਹਾ ਕਰੋ। ਲਾਰ ਲਗਾਉਣ ਦੇ ਨਾਲ-ਨਾਲ ਬਾਸੀ ਮੂੰਹ ਪਾਣੀ ਪੀਣਾ ਨਾ ਭੁੱਲੋ।