
ਮੋਟਾਪੇ ਦੀ ਵਧਦੀ ਦਰ, ਖੁਰਾਕ ਦੀਆਂ ਆਦਤਾਂ ’ਚ ਤਬਦੀਲੀ ਖਾਸ ਕਰ ਕੇ ਵਧੇਰੇ ਪ੍ਰੋਸੈਸਡ ਭੋਜਨ ਦੀ ਖਪਤ ’ਚ ਵਾਧਾ ਅਤੇ ਆਰਾਮਦਾਇਕ ਜੀਵਨਸ਼ੈਲੀ ਕੈਂਸਰ ਦੀ ਉੱਚ ਦਰ ਦਾ ਕਾਰਨ
ਨਵੀਂ ਦਿੱਲੀ: ਇਕ ਗੈਰ ਸਰਕਾਰੀ ਸੰਗਠਨ ਵਲੋਂ ਚਲਾਈ ਜਾ ਰਹੀ ਹੈਲਪਲਾਈਨ ’ਤੇ ਫੋਨ ਕਾਲ ਰਾਹੀਂ ਦੂਜੇ ਡਾਕਟਰ ਦੀ ਸਲਾਹ ਲੈਣ ਵਾਲੇ ਕੈਂਸਰ ਦੇ 20 ਫੀ ਸਦੀ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ ਸਨ ਜੋ ਇਸ ਗੱਲ ਦਾ ਸੰਕੇਤ ਹਨ ਕਿ ਨੌਜੁਆਨਾਂ ਦੇ ਕੈਂਸਰ ਦੀ ਚਪੇਟ ’ਚ ਆਉਣ ਦੇ ਮਾਮਲੇ ਵਧੇ ਹਨ। ਸੰਗਠਨ ਤੋਂ ਪ੍ਰਾਪਤ ਅੰਕੜੇ ਇਹੀ ਦਰਸਾਉਂਦੇ ਹਨ।
ਕੈਂਸਰ ਰੋਗ ਮਾਹਰਾਂ ਵਲੋਂ ਸ਼ੁਰੂ ਕੀਤੀ ਕੈਂਸਰ ਫ੍ਰੀ ਇੰਡੀਆ ਫਾਊਂਡੇਸ਼ਨ ਦੇ ਅਨੁਸਾਰ, 1 ਮਾਰਚ ਤੋਂ 15 ਮਈ ਦੇ ਵਿਚਕਾਰ 1,368 ਲੋਕਾਂ ਨੇ ਕਾਲ ਕੀਤੀ। ਅਧਿਐਨ ਤੋਂ ਪਤਾ ਲੱਗਿਆ ਹੈ ਕਿ 40 ਸਾਲ ਤੋਂ ਘੱਟ ਉਮਰ ਦੇ ਕੈਂਸਰ ਦੇ 60 ਫ਼ੀ ਸਦੀ ਮਰੀਜ਼ ਪੁਰਸ਼ ਸਨ। ਇਸ ਵਿਚ ਇਹ ਵੀ ਪਾਇਆ ਗਿਆ ਕਿ ਸੱਭ ਤੋਂ ਵੱਧ ਪ੍ਰਚਲਿਤ ਮਾਮਲੇ ਸਿਰ ਅਤੇ ਗਰਦਨ ਦੇ ਕੈਂਸਰ (26 ਫੀ ਸਦੀ), ਗੈਸਟ੍ਰੋਇੰਟੇਸਟਾਈਨਲ ਕੈਂਸਰ (16 ਫੀ ਸਦੀ), ਛਾਤੀ ਦਾ ਕੈਂਸਰ (15 ਫੀ ਸਦੀ) ਅਤੇ ਬਲੱਡ ਕੈਂਸਰ (9 ਫੀ ਸਦੀ) ਹਨ।
ਐਨ.ਜੀ.ਓ. ਨੇ ਇਕ ਬਿਆਨ ਵਿਚ ਕਿਹਾ ਕਿ ਸੱਭ ਤੋਂ ਵੱਧ ਕਾਲਾਂ ਹੈਦਰਾਬਾਦ ਤੋਂ ਆਈਆਂ, ਇਸ ਤੋਂ ਬਾਅਦ ਮੇਰਠ, ਮੁੰਬਈ ਅਤੇ ਨਵੀਂ ਦਿੱਲੀ ਤੋਂ ਕਾਲਾਂ ਆਈਆਂ। ਮਰੀਜ਼ਾਂ ਲਈ ਕਿਸੇ ਹੋਰ ਡਾਕਟਰ ਦੀ ਮੁਫਤ ਰਾਏ ਪ੍ਰਦਾਨ ਕਰਨ ਲਈ ਇਕ ਹੈਲਪਲਾਈਨ ਨੰਬਰ (93-555-20202) ਸ਼ੁਰੂ ਕੀਤਾ ਗਿਆ ਸੀ। ਇਹ ਸੋਮਵਾਰ ਤੋਂ ਸਨਿਚਰਵਾਰ ਤਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਕੰਮ ਕਰਦਾ ਹੈ।
ਕੈਂਸਰ ਦੇ ਮਰੀਜ਼ ਸਿੱਧੇ ਤੌਰ ’ਤੇ ਪ੍ਰਮੁੱਖ ਕੈਂਸਰ ਰੋਗ ਮਾਹਰ (ਓਨਕੋਲੋਜਿਸਟ) ਨਾਲ ਗੱਲ ਕਰਨ ਲਈ ਹੈਲਪਲਾਈਨ ਨੰਬਰ ’ਤੇ ਕਾਲ ਕਰ ਸਕਦੇ ਹਨ ਜਾਂ ਅਪਣੇ ਕੈਂਸਰ ਦੇ ਇਲਾਜ ਬਾਰੇ ਵਿਚਾਰ ਵਟਾਂਦਰੇ ਲਈ ਵੀਡੀਉ ਕਾਲ ਵੀ ਕਰ ਸਕਦੇ ਹਨ। ਕੈਂਸਰ ਮੁਕਤ ਭਾਰਤ ਮੁਹਿੰਮ ਦੀ ਅਗਵਾਈ ਕਰ ਰਹੇ ਮੁੱਖ ਜਾਂਚਕਰਤਾ ਅਤੇ ਸੀਨੀਅਰ ਓਨਕੋਲੋਜਿਸਟ ਡਾ. ਆਸ਼ੀਸ਼ ਗੁਪਤਾ ਨੇ ਕਿਹਾ ਕਿ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਇਹ ਪੂਰੇ ਭਾਰਤ ’ਚ ਕੈਂਸਰ ਦੇ ਮਰੀਜ਼ਾਂ ਲਈ ਸਹਾਇਤਾ ਪ੍ਰਣਾਲੀ ਸਾਬਤ ਹੋਈ ਹੈ ਅਤੇ ਹਰ ਰੋਜ਼ ਲਗਭਗ ਸੈਂਕੜੇ ਫੋਨ ਕਾਲਾਂ ਆਉਂਦੀਆਂ ਹਨ।
ਆਸ਼ੀਸ਼ ਗੁਪਤਾ ਨੇ ਕਿਹਾ ਕਿ ਮੋਟਾਪੇ ਦੀ ਵਧਦੀ ਦਰ, ਖੁਰਾਕ ਦੀਆਂ ਆਦਤਾਂ ’ਚ ਤਬਦੀਲੀ ਖਾਸ ਕਰ ਕੇ ਵਧੇਰੇ ਪ੍ਰੋਸੈਸਡ ਭੋਜਨ ਦੀ ਖਪਤ ’ਚ ਵਾਧਾ ਅਤੇ ਆਰਾਮਦਾਇਕ ਜੀਵਨਸ਼ੈਲੀ ਵੀ ਭਾਰਤ ’ਚ ਕੈਂਸਰ ਦੀ ਉੱਚ ਦਰ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਨੌਜੁਆਨ ਪੀੜ੍ਹੀ ’ਚ ਕੈਂਸਰ ਦੇ ਖਤਰੇ ਨੂੰ ਰੋਕਣ ਲਈ ਤੰਬਾਕੂ ਅਤੇ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ।
ਅਧਿਐਨ ’ਚ ਇਹ ਵੀ ਪਾਇਆ ਗਿਆ ਹੈ ਕਿ ਭਾਰਤ ’ਚ ਲੱਭੇ ਗਏ ਕੈਂਸਰਾਂ ’ਚੋਂ 27 ਫ਼ੀ ਸਦੀ ਪਹਿਲੇ ਅਤੇ ਦੂਜੇ ਪੜਾਅ ਦੇ ਹਨ, ਜਦਕਿ ਕੈਂਸਰ ਦੇ 63 ਫ਼ੀ ਸਦੀ ਮਾਮਲੇ ਪਹਿਲੇ ਅਤੇ ਚੌਥੇ ਪੜਾਅ ਦੇ ਹਨ। ਦੂਜੇ ਡਾਕਟਰ ਤੋਂ ਸਲਾਹ-ਮਸ਼ਵਰੇ ਦੀ ਮੰਗ ਕਰਨ ਵਾਲੇ ਕੈਂਸਰ ਦੇ ਮਰੀਜ਼ਾਂ ਦਾ ਸੱਭ ਤੋਂ ਆਮ ਸਵਾਲ ਇਹ ਸੀ ਕਿ ਕੀ ਉਨ੍ਹਾਂ ਦਾ ਕੈਂਸਰ ਦਾ ਇਲਾਜ ਸਹੀ ਅਤੇ ਅਪਡੇਟ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੁੱਝ ਮਰੀਜ਼ ਅਪਣੇ ਕੈਂਸਰ ਨਾਲ ਸਬੰਧਤ ਇਲਾਜ ਲਈ ਨਵੀਨਤਮ ਇਲਾਜ ਜਾਂ ਦਵਾਈਆਂ ਦੀ ਉਪਲਬਧਤਾ ਬਾਰੇ ਵੀ ਜਾਣਨਾ ਚਾਹੁੰਦੇ ਸਨ ਕਿਉਂਕਿ ਕੈਂਸਰ ਦੇ ਇਲਾਜ ਵਿਚ ਲਗਭਗ ਹਰ ਹਫਤੇ ਨਵੀਆਂ ਦਵਾਈਆਂ ਨੂੰ ਮਨਜ਼ੂਰੀ ਦਿਤੀ ਜਾਂਦੀ ਹੈ। ਦੂਜਾ ਸੱਭ ਤੋਂ ਆਮ ਸਵਾਲ ਇਹ ਸੀ ਕਿ ਮਰੀਜ਼ ਅਪਣੇ ਕੈਂਸਰ ਦੇ ਕਿਸ ਪੜਾਅ ’ਤੇ ਪੁੱਛ ਰਹੇ ਸਨ।
ਡਾ. ਗੁਪਤਾ ਨੇ ਕਿਹਾ ਕਿ ਕੈਂਸਰ ਮੁਕਤ ਭਾਰਤ ਮੁਹਿੰਮ ਦਾ ਉਦੇਸ਼ ਸਿੱਖਿਆ ਅਤੇ ਜਲਦੀ ਪਤਾ ਲਗਾ ਕੇ ਵਿਅਕਤੀਆਂ ਅਤੇ ਭਾਈਚਾਰਿਆਂ ’ਚ ਕੈਂਸਰ ਦੀਆਂ ਘਟਨਾਵਾਂ ਅਤੇ ਮਰੀਜ਼ਾਂ ’ਤੇ ਇਸ ਦੇ ਪ੍ਰਭਾਵ ਨੂੰ ਘਟਾਉਣਾ ਹੈ।
ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸੰਸਥਾ ਕੋਲ ਪਹੁੰਚਣ ਵਾਲੇ ਕੈਂਸਰ ਦੇ 67 ਫ਼ੀ ਸਦੀ ਮਰੀਜ਼ ਉਹ ਸਨ ਜੋ ਨਿੱਜੀ ਹਸਪਤਾਲਾਂ ਤੋਂ ਕੈਂਸਰ ਦਾ ਇਲਾਜ ਕਰਵਾ ਰਹੇ ਸਨ ਜਦਕਿ 33 ਫ਼ੀ ਸਦੀ ਉਹ ਸਨ ਜੋ ਸਰਕਾਰੀ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਸਨ।