
ਸਬ-ਡਵੀਜ਼ਨ ਪੱਧਰ ਦੇ ਤੈਨਾਤ ਕੀਤੇ ਜਾਣਗੇ ਹਸਪਤਾਲਾਂ 'ਚ ਮਾਹਰ ਡਾਕਟਰ
ਜਲਦ ਮੁਕੰਮਲ ਹੋਵੇਗੀ ਭਰਤੀ ਪ੍ਰਕਿਰਿਆ
ਚੰਡੀਗੜ੍ਹ : ਸਮਰਾਲਾ ਵਿਖੇ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਅਤੇ ਟਰਾਮਾ ਯੂਨਿਟ ਖੋਲ੍ਹੇ ਜਾ ਰਹੇ ਹਨ। ਇਹ 10 ਬੈੱਡਾਂ ਵਾਲੇ ਯੂਨਿਟ ਹੋਣਗੇ।
ਇਸ ਤੋਂ ਇਲਾਵਾ ਸਬ-ਡਵੀਜ਼ਨ ਪੱਧਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਾਹਰ ਡਾਕਟਰ ਹੋਣਗੇ। ਉਨ੍ਹਾਂ ਦੀ ਭਰਤੀ ਪ੍ਰਕਿਰਿਆ ਜਲਦੀ ਹੀ ਮੁਕੰਮਲ ਕੀਤੀ ਜਾ ਰਹੀ ਹੈ। ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। 80 ਤੋਂ 90 ਫ਼ੀ ਸਦੀ ਜਨਰਲ ਓਪੀਡੀ ਆਮ ਆਦਮੀ ਕਲੀਨਿਕਾਂ ਵਿਚ ਹੋਵੇਗੀ।
ਇਹ ਵੀ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਪਿਛਲੀਆਂ ਸਰਕਾਰਾਂ 'ਤੇ ਤੰਜ਼ ਕਸਦਿਆਂ ਕਿਹਾ ਕਿ ਪਹਿਲਾਂ ਵਾਲੇ ਤਾਂ ਖ਼ਜ਼ਾਨਾ ਖ਼ਾਲੀ ਕਹਿ ਕੇ ਭੱਜ ਜਾਂਦੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਿੱਖਿਆ, ਖੇਡਾਂ ਅਤੇ ਸਿਹਤ ਲਈ ਖਜ਼ਾਨਾ ਬਿਲਕੁਲ ਖ਼ਾਲੀ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਨ੍ਹਾਂ ਤਿੰਨਾਂ ਗੱਲਾਂ 'ਤੇ ਜ਼ੋਰ ਦੇ ਕੇ ਸੂਬੇ ਦਾ ਨਕਸ਼ਾ ਬਦਲ ਰਹੀ ਹੈ। ਖੁੱਲ੍ਹੇ ਗੱਫ਼ੇ ਵੰਡੇ ਜਾ ਰਹੇ ਹਨ।
ਹੜ੍ਹ ਪ੍ਰਭਾਵਿਤ ਖੇਤਰਾਂ 'ਚ 950 ਰੈਪਿਡ ਟੀਮਾਂ ਦਾ ਪ੍ਰਬੰਧ
ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਸਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ 450 ਰੈਪਿਡ ਟੀਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਕਿ ਗਲੀ ਮੁਹੱਲਿਆਂ 'ਚ ਕੈਂਪ ਲਗਾ ਰਹੀਆਂ ਹਨ। ਇਸ ਤੋਂ ਇਲਾਵਾ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਨਿੱਜੀ ਤੌਰ 'ਤੇ ਆਈ.ਐਮ.ਏ. ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਮਦਦ ਲਈ ਹੈ।
ਇਹ ਵੀ ਪੜ੍ਹੋ: ਪਾਬੰਦੀ ਦੇ ਬਾਵਜੂਦ ਚੰਡੀਗੜ੍ਹ 'ਚ ਪੈਦਾ ਹੋ ਰਿਹਾ ਰੋਜ਼ਾਨਾ ਔਸਤਨ 35 ਟਨ ਪਲਾਸਟਿਕ ਕੂੜਾ
ਪ੍ਰਾਈਵੇਟ ਹਸਪਤਾਲਾਂ ਨੇ ਸਰਕਾਰ ਲਈ 500 ਰੈਪਿਡ ਟੀਮਾਂ ਦਾ ਪ੍ਰਬੰਧ ਕੀਤਾ ਹੈ। ਫਿਲਹਾਲ ਇਨ੍ਹਾਂ ਦੀ ਕੋਈ ਲੋੜ ਨਹੀਂ ਪਈ ਹੈ। ਸਰਕਾਰੀ ਹਸਪਤਾਲਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਿਚ 1000 ਬੈੱਡਾਂ ਦੀ ਵਿਵਸਥਾ ਹੈ। ਰੱਬ ਦਾ ਸ਼ੁਕਰ ਹੈ ਕਿ ਇਥੇ ਕਿਸੇ ਕਿਸਮ ਦੀ ਮਹਾਂਮਾਰੀ ਨਹੀਂ ਫੈਲੀ ਹੈ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਘਰ-ਘਰ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ।
ਸਮਰਾਲਾ ਪੁੱਜਣ 'ਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਨੇੜਤਾ ਦੇ ਸਵਾਲ ਉਪਰ ਕਿਹਾ ਕਿ ਇਹ ਕਿਸੇ ਤਰ੍ਹਾਂ ਦਾ ਸਿਆਸੀ ਸੰਕੇਤ ਨਹੀਂ ਹੈ | ਕਿਸਾਨ ਅੰਦੋਲਨ ਦੌਰਾਨ ਰਾਜੇਵਾਲ ਨਾਲ ਉਹਨਾਂ ਦੇ ਚੰਗੇ ਸਬੰਧ ਬਣੇ। ਇਹ ਵਿਚਾਰਾਂ ਦੀ ਸਾਂਝ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜੇਵਾਲ ਨੂੰ ਬਾਪੂ ਕਹਿੰਦੇ ਹਨ ਅਤੇ ਉਹਨਾਂ ਦਾ ਪੂਰਾ ਸਤਿਕਾਰ ਹੈ।