
Health News: ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਕੇ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉ:
Health News: ਸਵੇਰੇ ਉਠਦੇ ਸਾਰ ਮੂੰਹ ਵਿਚੋਂ ਬਦਬੂ ਆਉਣਾ ਆਮ ਗੱਲ ਹੈ। ਸਵੇਰੇ ਹਰ ਕੋਈ ਬੁਰਸ਼ ਜਾਂ ਫਿਰ ਕੁਰਲੀ ਤਾਂ ਕਰਦਾ ਹੀ ਹੈ ਜਿਸ ਨਾਲ ਤਾਜ਼ਾ ਸਾਹ ਆਉਂਦਾ ਅਤੇ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਜਦੋਂ ਰਾਤ ਨੂੰ ਅਸੀਂ ਸੌਂਦੇ ਹਾਂ ਤਾਂ ਸਾਹ ਵਿਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਦਬੂ ਨਹੀਂ ਆਉਂਦੀ ਪਰ ਸਵੇਰੇ ਸਾਹ ਲੈਣ ਸਮੇਂ ਬਦਬੂ ਪੈਦਾ ਹੋ ਜਾਂਦੀ ਹੈ। ਕੁੱਝ ਲੋਕਾਂ ਦੇ ਮੂੰਹ ਵਿਚੋਂ ਤਾਂ ਸਾਰਾ ਦਿਨ ਬਦਬੂ ਆਉਂਦੀ ਹੈ ਜਿਸ ਨਾਲ ਉਨ੍ਹਾਂ ਨਾਲ ਗੱਲ ਕਰਨ ਵਿਚ ਵੀ ਪ੍ਰੇਸ਼ਾਨੀ ਹੁੰਦੀ ਹੈ।
ਦਫ਼ਤਰੀ ਮੀਟਿੰਗ ਵਿਚ ਤੁਹਾਨੂੰ ਇਸ ਵਜ੍ਹਾ ਨਾਲ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸ ਦਾ ਕਾਰਨ ਦੰਦਾਂ ਦੇ ਪਿੱਛੇ ਅਤੇ ਜੀਭ ਦੇ ਆਲੇ-ਦੁਆਲੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਦਾ ਪੈਦਾ ਹੋਣਾ ਹੈ। ਬੁਰਸ਼ ਨਾਲ ਦੰਦ ਸਾਫ਼ ਕਰ ਕੇ ਕੁੱਝ ਰਾਹਤ ਤਾਂ ਮਿਲ ਜਾਂਦੀ ਹੈ ਪਰ ਤੁਸੀਂ ਰੋਜ਼ਾਨਾ ਛੋਟੇ-ਛੋਟੇ ਘਰੇਲੂ ਉਪਾਅ ਅਪਣਾ ਕੇ ਹਮੇਸ਼ਾ ਲਈ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਸਵੇਰੇ ਉਠਦੇ ਸਾਰ ਮੂੰਹ ਦੀ ਬਦਬੂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਅਸੀਂ ਇਸ ਦੇ ਕਾਰਨ ਬਾਰੇ ਗੱਲ ਕਰੀਏ ਤਾਂ ਇਸ ਦਾ ਕਾਰਨ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕਰਨਾ ਜਾਂ ਸਾਹ ਲੈਣ ਦੇ ਤਰੀਕੇ ਨਾਲ ਜੁੜਿਆ ਹੋਇਆ ਹੈ। ਕਈ ਲੋਕ ਸੌਣ ਵੇਲੇ ਨੱਕ ਦੀ ਬਜਾਏ ਮੂੰਹ ਰਾਹੀਂ ਸਾਹ ਲੈਂਦੇ ਹਨ ਜਿਸ ਕਾਰਨ ਖਰਾਟੇ ਲੈਣ ਵਾਲੇ ਲੋਕਾਂ ਦੇ ਮੂੰਹ ਤੋਂ ਬਦਬੂ ਆਉਣ ਲਗਦੀ ਹੈ। ਮਾਹਰਾਂ ਅਨੁਸਾਰ ਉਹ ਲੋਕ ਜਿਹੜੇ ਜ਼ਿਆਦਾ ਦਵਾਈਆਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਐਲਰਜੀ ਜਾਂ ਸਿਗਰਟ ਪੀਣ ਵਾਲੇ ਲੋਕਾਂ ਦੇ ਮੂੰਹ ’ਚੋਂ ਬਹੁਤ ਬਦਬੂ ਆਉਣ ਦੀ ਸਮੱਸਿਆ ਵੀ ਹੁੰਦੀ ਹੈ।
ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਕੇ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉ:
ਸੌਂਫ਼ ਪਾਚਨ ਕਿਰਿਆ ਨੂੰ ਦਰੁਸਤ ਰੱਖਣ ਦੇ ਨਾਲ-ਨਾਲ ਮੂੰਹ ਨੂੰ ਤਾਜ਼ਾ ਵੀ ਰਖਦੀ ਹੈ। ਇਸ ਦੇ ਐਂਟੀ ਮਾਈਕ੍ਰੋਬੀਅਲ ਤੱਤ ਬੈਕਟੀਰੀਆ ਨਾਲ ਲੜਨ ਦਾ ਕੰਮ ਵੀ ਕਰਦੇ ਹਨ। ਖਾਣਾ ਖਾਣ ਤੋਂ ਬਾਅਦ ਮੂੰਹ ਨੂੰ ਤਾਜ਼ਾ ਕਰਨ ਲਈ ਇਕ ਚਮਚਾ ਸੌਂਫ਼ ਨੂੰ ਚਬਾ ਕੇ ਖਾਉ। ਇਸ ਤੋਂ ਇਲਾਵਾ 1 ਗਲਾਸ ਪਾਣੀ ਵਿਚ 1 ਚਮਚਾ ਸੌਂਫ਼ ਉਬਾਲ ਲਉ। ਫਿਰ ਇਸ ਨੂੰ ਠੰਢਾ ਕਰ ਕੇ ਇਸ ਦੀ ਕੁਰਲੀ ਕਰੋ ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਰਾਤ ਨੂੰ ਖਾਣਾ-ਖਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਗਲਾਸ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਪਾ ਕੇ ਪੀਣ ਨਾਲ ਸਾਹ ਦੀ ਬਦਬੂ ਨਹੀਂ ਆਉਂਦੀ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਣੀ ਨਾਲ ਗਰਾਰੇ ਵੀ ਕਰ ਸਕਦੇ ਹੋ।
ਟੀ-ਟ੍ਰੀ ਤੇਲ ਮੂੰਹ ਦੇ ਬੈਕਟੀਰੀਆ ਨਾਲ ਲੜਨ ਵਿਚ ਬਹੁਤ ਅਸਰਦਾਰ ਹੁੰਦਾ ਹੈ। ਪਾਣੀ ਵਿਚ 1 ਬੂੰਦ ਟੀ-ਟ੍ਰੀ ਤੇਲ ਨੂੰ ਪਾ ਕੇ ਕੁਰਲੀ ਕਰਨ ਨਾਲ ਬਹੁਤ ਫ਼ਾਇਦਾ ਮਿਲਦਾ ਹੈ ਜਿਸ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।
ਦੋ ਚਮਚ ਨਿੰਬੂ ਦੇ ਰਸ ਵਿਚ ਇਕ ਗਲਾਸ ਪਾਣੀ ਮਿਕਸ ਕਰ ਕੇ ਇਸ ਨਾਲ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਕੁਰਲੀ ਕਰੋ। ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋਵੇਗਾ ਅਤੇ ਬੈਕਟੀਰੀਆ ਵੀ ਘੱਟ ਹੋਣਗੇ।
ਇਕ ਚੁਟਕੀ ਨਮਕ ਵਿਚ ਇਕ ਬੂੰਦ ਸਰ੍ਹੋਂ ਦੇ ਤੇਲ ਵਿਚ ਪਾ ਲਉ। ਇਸ ਨਾਲ ਦੰਦਾਂ ਅਤੇ ਮਸੂੜਿਆਂ ਦੀ ਮਾਲਿਸ਼ ਕਰੋ। ਇਸ ਨਾਲ ਦੰਦ ਦਰਦ ਅਤੇ ਪੀਲਾਪਣ ਦੂਰ ਹੋਵੇਗਾ ਅਤੇ ਮੂੰਹ ਦੀ ਬਦਬੂ ਵੀ ਦੂਰ ਹੋ ਜਾਵੇਗੀ।