ਮੂਲੀ ਵਿਚ ਮੌਜੂਦ ਪੌਸ਼ਕ ਤੱਤਾਂ ਕਾਰਨ ਇਸ ਨੂੰ ਕੁਦਰਤੀ ਕਲੀਂਜ਼ਰ ਕਿਹਾ ਜਾਂਦਾ ਹੈ।
ਮੁਹਾਲੀ: ਮੂਲੀ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਮੂਲੀ ਨੂੰ ਪਰੌਂਠੇ ਦੇ ਤੌਰ ’ਤੇ, ਸਬਜ਼ੀ ਅਤੇ ਸਲਾਦ ਦੇ ਰੂਪ ਵਿਚ ਮੂਲੀ ਸਵਾਦ ਨਾਲ ਖਾਧੀ ਜਾਂਦੀ ਹੈ। ਮੂਲੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ । ਇਸ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਮੂਲੀ ਨਜ਼ਲਾ-ਜ਼ੁਕਾਮ, ਖੰਘ ਨੂੰ ਠੀਕ ਕਰਨ, ਬੀ.ਪੀ. ਨੂੰ ਕੰਟਰੋਲ ਕਰਨ ਅਤੇ ਚਮੜੀ ਨੂੰ ਸਿਹਤਮੰਦ ਬਣਾਉਣ ਵਿਚ ਸਹਾਇਤਾ ਕਰਦੀ ਹੈ। ਜੇਕਰ ਤੁਸੀਂ ਸਰਦੀਆ ਵਿਚ ਜ਼ੁਕਾਮ ਅਤੇ ਖੰਘ ਤੋਂ ਬਚਣਾ ਚਾਹੁੰਦੇ ਹੋ, ਤਾਂ ਅਪਣੀ ਖ਼ੁਰਾਕ ਵਿਚ ਅੱਜ ਹੀ ਮੂਲੀ ਨੂੰ ਸ਼ਾਮਲ ਕਰ ਲਉ।
ਜ਼ਹਿਰੀਲੇ ਪਦਾਰਥਾਂ ਨੂੰ ਕੱਢੇ ਬਾਹਰ: ਮੂਲੀ ਵਿਚ ਮੌਜੂਦ ਪੌਸ਼ਕ ਤੱਤਾਂ ਕਾਰਨ ਇਸ ਨੂੰ ਕੁਦਰਤੀ ਕਲੀਂਜ਼ਰ ਕਿਹਾ ਜਾਂਦਾ ਹੈ। ਰੋਜ਼ਾਨਾ ਮੂਲੀ ਦਾ ਰਸ ਪੀਣ ਨਾਲ ਸਰੀਰ ਡਿਟਾਕਸ ਹੁੰਦਾ ਹੈ ਜਿਸ ਨਾਲ ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ।
ਢਿੱਡ ਦੀਆਂ ਸਮੱਸਿਆਵਾਂ ਕਰੇ ਦੂਰ: ਢਿੱਡ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੂਲੀ ਦੇ ਰਸ ਵਿਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਉ। ਇਸ ਨਾਲ ਤੁਹਾਨੂੰ ਢਿੱਡ ਨਾਲ ਜੁੜੀ ਹਰ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।
ਮਜ਼ਬੂਤ ਪਾਚਨ ਤੰਤਰ: ਕੱਚੀ ਮੂਲੀ ਦੀ ਵਰਤੋਂ ਜਾਂ ਫਿਰ ਇਸ ਦੇ ਰਸ ਵਿਚ ਨਮਕ ਮਿਲਾ ਕੇ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਢਿੱਡ ਦੇ ਕੀੜੇ ਵੀ ਨਸ਼ਟ ਹੋ ਜਾਂਦੇ ਹਨ।
ਲਿਵਰ ਲਈ ਫ਼ਾਇਦੇਮੰਦ: ਜੇਕਰ ਤੁਹਾਨੂੰ ਲਿਵਰ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਨਿਯਮਤ ਰੂਪ ਨਾਲ ਮੂਲੀ ਦੀ ਵਰਤੋਂ ਕਰੋ।
ਪੀਲੀਆ ਰੋਗ: ਪੀਲੀਆ ਰੋਗ ਹੋਣ ’ਤੇ ਤਾਜ਼ੀ ਮੂਲੀ ਦਾ ਰਸ ਪੀਉ। ਇਸ ਤੋਂ ਇਲਾਵਾ ਰੋਜ਼ ਸਵੇਰੇ 1 ਮੂਲੀ ਖਾਣ ਨਾਲ ਵੀ ਪੀਲੀਆ ਰੋਗ ਦੂਰ ਹੋ ਜਾਂਦਾ ਹੈ।
ਬਵਾਸੀਰ ਦਾ ਇਲਾਜ: ਘੁਲਨਸ਼ੀਲ ਫ਼ਾਈਬਰ ਹੋਣ ਕਾਰਨ ਇਸ ਨਾਲ ਬਵਾਸੀਰ ਦੀ ਸਮੱਸਿਆ ਵੀ ਕੁੱਝ ਹੀ ਮਹੀਨਿਆਂ ਵਿਚ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੂਲੀ ਠੰਢਕ ਦੇਣ ਦਾ ਕੰਮ ਵੀ ਕਰਦੀ ਹੈ ਜਿਸ ਨਾਲ ਬਵਾਸੀਰ ਵਿਚ ਜਲਣ ਤੋਂ ਰਾਹਤ ਮਿਲਦੀ ਹੈ।