
ਐਸ.ਏ.ਐਸ. ਨਗਰ, 31 ਅਕਤੂਬਰ (ਗੁਰਮੁਖ ਵਾਲੀਆ, ਸੁਖਦੀਪ ਸਿੰਘ ਸੋਈਂ): ਬੀਤੇ ਦਿਨੀਂ ਫੇਜ਼-6 ਦੀ ਮਹਿਲਾ ਸ਼ਕੀਲਾ ਬੇਗਮ ਦੀ ਡੇਂਗੂ ਦੀ ਬੀਮਾਰੀ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਫ਼ੇਜ਼-6 ਦੇ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਮਹਿਲਾ ਨੂੰ ਪੰਜ-ਛੇ ਦਿਨ ਪਹਿਲਾਂ ਬਖ਼ਾਰ ਦੀ ਸ਼ਿਕਾਇਤ ਹੋਣ 'ਤੇ ਪਰਵਾਰ ਵਲੋਂ ਫ਼ੇਜ਼-6 ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਸੀ ਜਿਥੇ ਡਾਕਟਰਾਂ ਵਲੋਂ ਪਹਿਲਾਂ ਤਾਂ ਉਸ ਦਾ ਇਲਾਜ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਸੀ ਜਿਥੇ ਬੀਤੇ ਦਿਨੀਂ ਤੜਕਸਾਰ ਉਸ ਦੀ ਮੌਤ ਹੋ ਗਈ ਸੀ।ਇਸ ਸਬੰਧੀ ਖ਼ਬਰ ਪ੍ਰਕਾਸ਼ਤ ਹੋਣ ਉਪਰੰਤ ਸਿਵਲ ਸਰਜਨ ਰੀਟਾ ਭਾਰਦਵਾਜ ਵਲੋਂ ਪਹਿਲਾਂ ਤਾਂ ਫ਼ੋਨ ਕਰ ਕੇ ਕਿਹਾ ਗਿਆ ਕਿ ਇਸ ਨਾਂ ਦਾ ਕੋਈ ਮਰੀਜ਼ ਹਸਪਤਾਲ ਵਿਚ ਆਇਆ ਹੀ ਨਹੀਂ ਸੀ। ਬਾਅਦ ਵਿਚ ਹਸਪਤਾਲ ਦੀ ਐਮਰਜੈਂਸੀ ਵਿਚ ਤੈਨਾਤ ਡਾਕਟਰ ਵਲੋਂ ਇਹ ਦਸਿਆ ਕਿ ਉਸ ਮਹਿਲਾ ਨੂੰ ਹਸਪਤਾਲ ਵਿਚੋਂ ਰੈਫ਼ਰ ਕਰਨ ਦਾ ਕਾਰਨ ਇਹ ਸੀ ਕਿ ਮਰੀਜ਼ ਦਾ ਟੀ ਐਲ ਸੀ ਲੈਵਲ 43000 'ਤੇ ਪਹੁੰਚ ਗਿਆ ਸੀ ਅਤੇ ਉਸ ਦੀ ਹਾਲਤ ਗੰਭੀਰ ਸੀ। ਮਰੀਜ਼ ਨੂੰ ਡੇਂਗੂ ਹੋਣ ਬਾਰੇ ਸਿਵਲ ਹਸਪਤਾਲ ਦੇ ਡਾਕਟਰ ਕੁੱਝ ਵੀ ਨਹੀਂ ਦਸਦੇ।
ਦੂਜੇ ਪਾਸੇ ਫ਼ੇਜ਼-6 ਦੇ ਕੌਂਸਲਰ ਆਰ.ਪੀ. ਸ਼ਰਮਾ ਕਹਿੰਦੇ ਹਨ ਕਿ ਇਸ ਪੂਰੇ ਮਾਮਲੇ ਵਿਚ ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਝਲਕਦੀ ਹੈ। ਉਨ੍ਹਾਂ ਦਸਿਆ ਕਿ ਮਰੀਜ਼ ਦੇ ਪਰਵਾਰ ਵਲੋਂ ਇਕ ਨਿਜੀ ਲੈਬਾਰਟਰੀ ਤੋਂ ਵੀ ਟੈਸਟ ਕਰਵਾਇਆ ਗਿਆ ਸੀ ਅਤੇ ਉਸ ਵਿਚ ਡੇਂਗੂ ਦੀ ਰੀਪੋਰਟ ਪਾਜੀਟਿਵ ਆਈ ਸੀ। ਜਿਹੜੀ ਫੇਜ਼-6 ਦੇ ਡਾਕਟਰਾਂ ਨੂੰ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿਵਲ ਸਰਜਨ ਕਹਿੰਦੇ ਹਨ ਕਿ ਮਰੀਜ਼ ਦਾ ਸੈਂਪਲ ਡੇਂਗੂ ਟੈਸਟ ਲਈ ਭੇਜਿਆ ਸੀ ਫਿਰ ਮਰੀਜ਼ ਦੀ ਮੌਤ ਹੋਣ ਤੱਕ ਉਸ ਦੀ ਰੀਪੋਰਟ ਕਿਉਂ ਨਹੀਂ ਆਈ। ਕੀ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਇੰਨੇ ਢਿੱਲੇ ਤਰੀਕੇ ਨਾਲ ਕੰਮ ਕਰਦਾ ਹੈ ਕਿ ਮਰੀਜ਼ ਦੇ ਖ਼ੂਨ ਦੀ ਰੀਪੋਰਟ ਆਉਣ ਤਕ ਮਰੀਜ਼ ਹੀ ਪੂਰਾ ਹੋ ਜਾਂਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪਧਰੀ ਜਾਂਚ ਕਰ ਕੇ ਮਹਿਲਾ ਦੀ ਮੌਤ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਲਾਪ੍ਰਵਾਹੀ ਲਈ ਜਿੰਮੇਵਾਰ ਅਧਿਕਾਰੀਆਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਸਿਵਲ ਸਰਜਨ ਨਾਲ ਤਾਂ ਸੰਪਰਕ ਨਹੀਂ ਹੋਇਆ ਪਰ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਮਹਿਲਾ ਨੂੰ ਡੇਂਗੂ ਹੋਣ ਬਾਰੇ ਉਨ੍ਹਾਂ ਕੋਲ ਪੁਖਤਾ ਜਾਣਕਾਰੀ ਨਹੀਂ ਹੈ। ਹਾਂ ਮ੍ਰਿਤਕ ਦੇ ਸਰੀਰ ਵਿਚ ਇਨਫ਼ੈਕਸ਼ਨ ਕਾਫ਼ੀ ਵੱਧ ਗਿਆ ਸੀ ਅਤੇ ਇਸ ਵਾਸਤੇ ਡਿਊਟੀ ਡਾਕਟਰ ਵਲੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਮੁੱਖ ਰਖਦਿਆਂ ਉਸ ਨੂੰ ਸੈਕਟਰ-32 ਦੇ ਹਸਪਤਾਲ ਰੈਫ਼ਰ ਕੀਤਾ ਗਿਆ ਸੀ ਅਤੇ ਇਸ ਵਿਚ ਲਾਪਰਵਾਹੀ ਵਾਲੀ ਕੋਈ ਗੱਲ ਨਹੀਂ ਹੈ।