ਨਿਊਯਾਰਕ, 3 ਫ਼ਰਵਰੀ : ਇਕ ਅਧਿਐਨ 'ਚ ਦਸਿਆ ਗਿਆ ਹੈ ਕਿ ਕੁੱਝ ਮਾਤਰਾ 'ਚ ਸ਼ਰਾਬ ਪੀਣ ਨਾਲ ਦਿਮਾਗ਼ 'ਚੋਂ ਜ਼ਹਿਰੀਲੀਆਂ ਚੀਜ਼ਾਂ ਨੂੰ ਕੱਢਣ ਵਿਚ ਮਦਦ ਮਿਲਦੀ ਹੈ ਅਤੇ ਅਲਜ਼ਾਈਮਰ ਦੇ ਮਰੀਜ਼ਾਂ ਲਈ ਵੀ ਇਹ ਲਾਭਦਾਇਕ ਹੈ।
ਇਹ ਪ੍ਰਗਟਾਵਾ ਅਮਰੀਕੀ ਯੂਨੀਵਰਸਟੀ ਆਫ਼ ਰੋਚੇਸਟਰ ਦੀ ਪ੍ਰੋਫੈਸਰ ਮੈਕੇਨ ਨੇਡਰਗਾਰਡ ਨੇ ਅਪਣੀ ਇਕ ਰੀਪੋਰਟ 'ਚ ਕੀਤਾ ਹੈ। ਪ੍ਰੋ. ਮੈਕੇਨ ਨੇ ਦਸਿਆ ਕਿ ਲੰਮੇ ਸਮੇਂ ਤਕ ਵਧੇਰੇ ਮਾਤਰਾ 'ਚ ਸ਼ਰਾਬ ਪੀਣ ਨਾਲ ਪਾਚਨ ਸ਼ਕਤੀ 'ਤੇ ਉਲਟਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ, ''ਇਸ ਅਧਿਐਨ 'ਚ ਅਸੀਂ ਪਹਿਲੀ ਵਾਰ ਦਸਿਆ ਹੈ ਕਿ ਘੱਟ ਮਾਤਰਾ 'ਚ ਸ਼ਰਾਬ ਪੀਣਾ ਦਿਮਾਗ਼ ਲਈ ਲਾਭਦਾਇਕ ਹੋ ਸਕਦਾ ਹੈ। ਇਹ ਦਿਮਾਗ਼ ਦੀਆਂ ਫ਼ਾਲਤੂ ਜਾਣਕਾਰੀਆਂ ਨੂੰ ਹਟਾਉਣ ਦੀ ਸਮਰੱਥਾ ਨੂੰ ਸੁਧਾਰਦਾ ਹੈ।''

ਇਹ ਅਧਿਐਨ ਜਨਰਲ ਸਾਇੰਟੀਫਿਕ ਰੀਪੋਰਟ 'ਚ ਪ੍ਰਕਾਸ਼ਿਤ ਹੋਇਆ ਹੈ। ਇਹ ਗਿਲ ਫੈਟਿਕ ਸਿਸਟਮ 'ਤੇ ਜ਼ੋਰ ਦਿੰਦਾ ਹੈ ਜੋ ਦਿਮਾਗ਼ 'ਚੋਂ ਫ਼ਾਲਤੂ ਜਾਣਕਾਰੀ ਕੱਢਣ ਦੀ ਪ੍ਰਕਿਰਿਆ ਹੈ। ਇਹ ਅਧਿਐਨ ਚੂਹੇ 'ਤੇ ਕੀਤਾ ਗਿਆ ਸੀ ਜਿਸ 'ਚ ਸ਼ਰਾਬ ਦੇ ਤੇਜ਼ ਅਤੇ ਲੰਮੇ ਸਮੇਂ ਤਕ ਦੇ ਪ੍ਰਭਾਵ ਵੇਖੇ ਗਏ ਸਨ। ਜ਼ਿਕਰਯੋਗ ਹੈ ਕਿ ਕਈ ਅਧਿਐਨ ਇਹ ਦੱਸ ਚੁਕੇ ਹਨ ਕਿ ਵਧੇਰੇ ਮਾਤਰਾ 'ਚ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਹਾਲਾਂਕਿ ਕਈ ਅਧਿਐਨਾਂ ਨੇ ਇਹ ਵੀ ਦਸਿਆ ਕਿ ਘੱਟ ਮਾਤਰਾ 'ਚ ਸ਼ਰਾਬ ਪੀਣ ਨਾਲ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। (ਪੀਟੀਆਈ)
end-of