ਹੋਮਿਓਪੈਥੀ ਸਬੰਧੀ ਗ਼ਲਤ ਧਾਰਨਾਵਾਂ ਅਤੇ ਭਰਮ-ਭੁਲੇਖੇ
Published : Jan 16, 2018, 11:42 pm IST
Updated : Jan 16, 2018, 6:12 pm IST
SHARE ARTICLE

ਹੋਮਿਓਪੈਥੀ ਦੁਨੀਆਂ ਦੀਆਂ ਮੁਢਲੀਆਂ ਇਲਾਜ ਪ੍ਰਣਾਲੀਆਂ ਵਿਚੋਂ ਇਕ ਹੈ ਜਿਸ ਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹੈਨੇਮੈਨ ਨੇ ਕੀਤੀ। ਹੌਲੀ ਹੌਲੀ ਇਹ ਪੈਥੀ ਸਾਰੇ ਸੰਸਾਰ ਵਿਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਪ੍ਰਚਲਤ ਇਲਾਜ ਪ੍ਰਣਾਲੀਆਂ ਵਿਚੋਂ ਇਕ ਹੈ। ਪਰ ਲੋਕਮਨਾਂ ਵਿਚ ਹੋਮਿਓਪੈਥੀ ਸਬੰਧੀ ਬਹੁਤ ਭਰਮ-ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿਚ ਇਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਕਿ ਹੋਮਿਓਪੈਥੀ ਸਬੰਧੀ ਲੋਕਾਂ ਦਾ ਗਿਆਨ ਵੱਧ ਸਕੇ। ਸੱਭ ਤੋਂ ਪਹਿਲੀ ਗੱਲ ਤਾਂ ਲੋਕਮਨਾਂ ਵਿਚ ਇਹ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫ਼ਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਇਹ ਬਹੁਤ ਵੱਡਾ ਭਰਮ-ਭੁਲੇਖਾ ਹੈ ਜੋ ਲੋਕ ਮਨਾਂ ਵਿਚ ਪਲਿਆ ਹੋਇਆ ਹੈ। ਦੁਨੀਆਂ ਉਤੇ ਕੋਈ ਵੀ ਚੀਜ਼ ਹੋਵੇ, ਜੇਕਰ ਉਸ ਦਾ ਬਿਨਾਂ ਸੋਚੇ-ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ ਕਰੇਗੀ। ਕਈ ਲੋਕ ਅਪਣੇ ਆਪ ਕਿਤਾਬਾਂ ਪੜ੍ਹ ਕੇ ਹੋਮਿਓਪੈਥੀ ਨੂੰ ਅਜ਼ਮਾਉਣ ਲੱਗ ਜਾਂਦੇ ਹਨ, ਜੋ ਕਿ ਖ਼ਤਰਨਾਕ ਰੁਝਾਨ ਹੈ। ਹੋਮਿਓਪੈਥਿਕ ਦਵਾਈਆਂ ਦੇ ਅਸਰ ਬਹੁਤ ਡੂੰਘੇ ਹੁੰਦੇ ਹਨ। ਜੇਕਰ ਬਿਨਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਦੇ ਅਸੀ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਇਹ ਮੰਨੋ ਕਿ ਅਸੀ ਅਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ।ਹੋਮਿਓਪੈਥਿਕ ਦਵਾਈ ਬਹੁਤ ਹੌਲੀ ਅਸਰ ਕਰਦੀ ਹੈ:  ਇਹ ਬੜਾ ਵੱਡਾ ਭਰਮ ਲੋਕ ਮਨਾਂ ਵਿਚ ਪਾਇਆ ਜਾਂਦਾ ਹੈ ਕਿ ਜਦੋਂ ਨੂੰ ਹੋਮਿਓਪੈਥਿਕ ਦਵਾਈ ਨੇ ਅਸਰ ਸ਼ੁਰੂ ਕੀਤਾ, ਉਦੋਂ ਨੂੰ ਜਾਨ ਨਿਕਲ ਜਾਊ। ਹੋਮਿਓਪੈਥੀ ਵਿਚ ਦੋ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ। ਇਕ ਨਵੀਂ ਬਿਮਾਰੀ ਲਈ ਅਤੇ ਇਕ ਪੁਰਾਣੀ ਬਿਮਾਰੀ ਲਈ। ਮੰਨ ਲਉ ਕਿਸੇ ਮਰੀਜ਼ ਨੂੰ ਸ਼ੂਗਰ ਦੀ ਤਕਲੀਫ਼ ਹੈ, ਜੋ ਕਿ ਦਸ ਸਾਲ ਪੁਰਾਣੀ ਹੈ। ਜੇਕਰ ਉਸ ਰੋਗੀ ਨੂੰ ਹੋਮਿਓਪੈਥਿਕ ਦਵਾਈ ਦਿਤੀ ਜਾਵੇ ਤਾਂ ਇਹ ਤਾਂ ਹੈ ਨਹੀਂ ਕਿ ਉਸ ਦੀ ਸ਼ੂਗਰ ਦੋ ਹਫ਼ਤਿਆਂ ਵਿਚ ਠੀਕ ਹੋ ਜਾਵੇਗੀ। ਜਿੰਨੀ ਪੁਰਾਣੀ ਬਿਮਾਰੀ ਹੁੰਦੀ ਹੈ, ਓਨਾ ਹੀ ਸਮਾਂ ਵੱਧ ਲਗਦਾ ਹੈ। ਇਸ ਤੋਂ ਉਲਟ ਜੇਕਰ ਕਿਸੇ ਦੇ ਸਿਰ ਵਿਚ ਸੱਟ ਲੱਗ ਜਾਵੇ ਅਤੇ ਆਦਮੀ ਬੇਹੋਸ਼ ਹੋ ਜਾਵੇ ਤਾਂ ਉਸੇ ਵੇਲੇ ਮੂੰਹ ਵਿਚ ਪਾਈ ਹੋਮਿਓਪੈਥਿਕ ਦਵਾਈ ਦੀ ਇਕ ਖੁਰਾਕ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੋਵੇਗੀ। ਸੋ ਕਹਿਣ ਤੋਂ ਭਾਵ ਹੈ ਕਿ ਸਾਡੀਆਂ ਬਿਮਾਰੀਆਂ ਹੀ ਬਹੁਤ ਪੁਰਾਣੀਆਂ ਹੁੰਦੀਆਂ ਹਨ। ਪਹਿਲਾਂ ਹੋਰ ਇਲਾਜ ਪ੍ਰਣਾਲੀਆਂ ਰਾਹੀਂ ਰੋਗ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ। ਫਿਰ ਜਦੋਂ ਰੋਗੀ ਹੋਮਿਓਪੈਥੀ ਵਿਚ ਆਉਂਦਾ ਹੈ ਤਾਂ ਕਾਫ਼ੀ ਸਮਾਂ ਲੰਘ ਚੁੱਕਾ ਹੁੰਦਾ ਹੈ।ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਦਵਾਈਆਂ ਦੀ ਵਰਤੋਂ: ਮੰਨ ਲਉੁ ਕਿ ਪਹਿਲਾਂ ਕੋਈ ਰੋਗੀ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਥਾਇਰਾਇਡ ਦੀ ਅੰਗਰੇਜ਼ੀ ਗੋਲੀ ਖਾ ਕੇ ਸਮਾਂ ਗੁਜ਼ਾਰ ਰਿਹਾ ਹੈ। ਇਕਦਮ ਉਸ ਦੇ ਮਨ ਵਿਚ ਹੋਮਿਓਪੈਥੀ ਦਾ ਖ਼ਿਆਲ ਆਉਂਦਾ ਹੈ ਤਾਂ ਡਾਕਟਰ ਕੋਲ ਆ ਕੇ ਰੋਗੀ ਇਹੋ ਸਵਾਲ ਕਰਦਾ ਹੈ, ਹੁਣ ਮੈਂ ਇਹ ਗੋਲੀ ਜਾਂ ਕੈਪਸੂਲ ਛੱਡ ਦਿਆਂ? ਕਈ ਮਰੀਜ਼ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਹੋਮਿਓਪੈਥਿਕ ਦਵਾਈ ਦੇ ਨਾਲ ਕੋਈ ਹੋਰ ਦਵਾਈ ਨਹੀਂ ਲੈਣੀ। ਪਰ ਇਹ ਖ਼ਤਰਨਾਕ ਰੁਝਾਨ ਹੈ। ਜਿਸ ਦਵਾਈ ਨੂੰ ਰੋਗੀ ਸਾਲਾਂਬੱਧੀ ਖਾ ਰਿਹਾ ਹੈ, ਉਸ ਨੂੰ ਇਕਦਮ ਛੱਡਣ ਨਾਲ ਸਰੀਰ ਵਿਚ ਕਿਸੇ ਵੀ ਤਰ੍ਹਾਂ ਦਾ ਨੁਕਸ ਪੈ ਸਕਦਾ ਹੈ। ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੋਲੀ ਇਕਦਮ ਛੱਡਣ ਨਾਲ ਅਧਰੰਗ ਹੋਣ ਦਾ ਖ਼ਤਰਾ ਬਣ ਸਕਦਾ ਹੈ ਕਿਉਂਕਿ ਇਹ ਗੋਲੀਆਂ ਅਤੇ ਕੈਪਸੂਲ ਇਕ ਤਰ੍ਹਾਂ ਨਸ਼ੇ ਵਾਂਗ ਸਰੀਰ ਨੂੰ ਲੱਗੇ ਹੁੰਦੇ ਹਨ। ਜੇਕਰ ਕਿਸੇ ਅਮਲੀ ਦਾ ਨਸ਼ਾ ਇਕਦਮ ਛੁਡਾ ਦਿਤਾ ਜਾਵੇ ਤਾਂ ਉਸ ਨੂੰ ਤੋੜ ਲਗਦੀ ਹੈ। ਇਸੇ ਤਰ੍ਹਾਂ ਹੋਮਿਓਪੈਥਿਕ ਦਵਾਈ ਸ਼ੁਰੂ ਕਰਨ ਵੇਲੇ ਉਹ ਦਵਾਈਆਂ ਜਿਨ੍ਹਾਂ ਦੀ ਰੋਗੀ ਵਰਤੋਂ ਕਰਦਾ ਸੀ, ਇਕਦਮ ਨਹੀਂ ਛਡਣੀਆਂ ਚਾਹੀਦੀਆਂ। ਜਦੋਂ ਹੋਮਿਓਪੈਥਿਕ ਦਵਾਈ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਵੇ, ਉਦੋਂ ਡਾਕਟਰ ਦੀ ਸਲਾਹ ਨਾਲ ਹੀ ਇਹ ਦਵਾਈਆਂ ਛਡਣੀਆਂ ਚਾਹੀਦੀਆਂ ਹਨ।ਕਈ ਵਾਰ ਹੋਮਿਓਪੈਥਿਕ ਦਵਾਈਆਂ ਦੇ ਚਲਦੇ ਮਰੀਜ਼ ਨੂੰ ਕੋਈ ਬੁਖ਼ਾਰ ਜਾਂ ਖੰਘ ਹੋ ਜਾਂਦੀ ਹੈ। ਫਿਰ ਮਰੀਜ਼ ਦਾ ਸਵਾਲ ਹੁੰਦਾ ਹੈ ਕਿ ਉਹ ਕੋਈ ਹੋਰ ਦਵਾਈ ਲੈ ਲਵੇ ਜਾਂ ਜੇਕਰ ਕੋਈ ਹੋਰ ਦਵਾਈ ਲਵੇਗਾ ਤਾਂ ਉਸ ਨਾਲ ਹੋਮਿਓਪੈਥਿਕ ਦਵਾਈ ਦਾ ਅਸਰ ਤਾਂ ਨਹੀਂ ਕਟਿਆ ਜਾਵੇਗਾ। ਅਗਰ ਤਾਂ ਹੋਮਿਓਪੈਥਿਕ ਦਵਾਈ ਲੈਣ ਤੋਂ ਇਕ-ਦੋ ਦਿਨਾਂ ਬਾਅਦ ਬੁਖ਼ਾਰ, ਖੰਘ, ਨਜ਼ਲਾ, ਰੇਸ਼ਾ ਜਾਂ ਟੱਟੀਆਂ ਲੱਗ ਜਾਂਦੀਆਂ ਹਨ ਤਾਂ ਇਹ ਬਹੁਤ ਵਧੀਆ ਲੱਛਣ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਹੋਮਿਓਪੈਥਿਕ ਦਵਾਈ ਨੇ ਅਪਣਾ ਅਸਰ ਸ਼ੁਰੂ ਕਰ ਦਿਤਾ ਹੈ। ਅਗਰ ਇਹ ਅਲਾਮਤਾਂ ਹੋਮਿਓਪੈਥਿਕ ਇਲਾਜ ਦੌਰਾਨ ਵੈਸੇ ਹੋ ਜਾਂਦੀਆਂ ਹਨ ਜਿਵੇਂ ਕਿ ਮੌਸਮ ਦੇ ਬਦਲਣ ਨਾਲ ਜਾਂ ਕੁੱਝ ਖਾਣ-ਪੀਣ ਕਰ ਕੇ ਤਾਂ ਕਾਹਲੀ ਕਰ ਕੇ ਕੋਈ ਹੋਰ ਦਵਾਈ ਨਹੀਂ ਲੈਣੀ ਚਾਹੀਦੀ। ਹੋ ਸਕਦਾ ਹੈ ਕਿ ਇਕ-ਦੋ ਦਿਨਾਂ ਵਿਚ ਇਹ ਤਕਲੀਫ਼ ਅਪਣੇ ਆਪ ਠੀਕ ਹੋ ਜਾਵੇ ਜਾਂ ਅਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੁਖਾਰ, ਖੰਘ, ਸਿਰ ਦਰਦ, ਜ਼ੁਕਾਮ ਦੀ ਗੋਲੀ ਇਕਦਮ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਈ ਰੋਗ ਜਿੱਥੇ ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਇਲਾਜ ਪ੍ਰਣਾਲੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਐਕਸੀਡੈਂਟ, ਜਲ ਜਾਣਾ ਜਾਂ ਆਪਰੇਸ਼ਨ ਵਗੈਰਾ ਦੀ ਹਾਲਤ ਵਿਚ ਹੋਮਿਓਪੈਥੀ ਦਵਾਈ ਨਾਲ ਦੂਜੀ ਦਵਾਈ ਲਈ ਜਾ ਸਕਦੀ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ।ਹੋਮਿਓਪੈਥਿਕ ਦਵਾਈ ਅਤੇ ਪ੍ਰਹੇਜ਼: ਇਹ ਗੱਲਾਂ ਲੋਕ ਮਨਾਂ ਦੀ ਘਾੜਤ ਹਨ ਕਿ ਹੋਮਿਓਪੈਥੀ ਵਿਚ ਜ਼ਿਆਦਾ ਪ੍ਰਹੇਜ਼ ਕਰਨਾ ਪੈਂਦਾ ਹੈ। ਆਮ ਸੁਣਨ ਵਿਚ ਆਉਂਦਾ ਹੈ ਕਿ ਹੋਮਿਓਪੈਥਿਕ ਦਵਾਈਆਂ ਨਾਲ ਲਸਣ, ਪਿਆਜ਼, ਇਲਾਇਚੀ ਆਦਿ ਦੀ ਵਰਤੋਂ ਨਹੀਂ ਕਰਨੀ। ਦਰਅਸਲ ਹੋਮਿਓਪੈਥੀ ਵਿਚ ਕਿਸੇ ਵੀ ਚੀਜ਼ ਦਾ ਪ੍ਰਹੇਜ਼ ਨਹੀਂ ਪਰ ਇਲਾਜ ਨਾਲੋਂ ਪ੍ਰਹੇਜ਼ ਚੰਗਾ ਜਾਂ ਜਿਹੋ ਜਿਹੀ ਬਿਮਾਰੀ, ਉਹੋ ਜਿਹਾ ਪ੍ਰਹੇਜ਼ ਹੁੰਦਾ ਹੈ। ਜੇ ਸ਼ੂਗਰ ਵਾਲੇ ਮਰੀਜ਼ ਨੂੰ ਖੰਡ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਨਮਕ ਬੰਦ ਕਰ ਦਿਤਾ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਮਰੀਜ਼ਾਂ ਦੀ ਖੰਡ ਜਾਂ ਨਮਕ ਬੰਦ ਹੋ ਗਏ। ਪ੍ਰਹੇਜ਼ ਦਵਾਈ ਨਾਲ ਨਹੀਂ ਸਗੋਂ ਬਿਮਾਰੀ ਨਾਲ ਹੁੰਦਾ ਹੈ। ਪਿਆਜ਼ ਜਾਂ ਲਸਣ ਉਨ੍ਹਾਂ ਲੋਕਾਂ ਦਾ ਬੰਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਪਿਆਜ਼ ਜਾਂ ਲਸਣ ਤੋਂ ਕੋਈ ਤਕਲੀਫ਼ ਹੁੰਦੀ ਹੈ ਜਾਂ ਜਿਨ੍ਹਾਂ ਦੀ ਦਵਾਈ ਲਸਣ ਜਾਂ ਪਿਆਜ਼ ਆਦਿ ਤੋਂ ਬਣੀ ਹੁੰਦੀ ਹੈ ਕਿਉਂਕਿ ਹੋਮਿਓਪੈਥੀ ਵਿਚ ਹਰ ਚੀਜ਼ ਤੋਂ ਦਵਾਈ ਤਿਆਰ ਕੀਤੀ ਜਾਂਦੀ ਹੈ। ਜਿਸ ਚੀਜ਼ ਤੋਂ ਉਹ ਦਵਾਈ ਤਿਆਰ ਕੀਤੀ ਜਾਂਦੀ ਹੈ, ਉਸ ਦਾ ਪ੍ਰਹੇਜ਼ ਕਰ ਦਿਤਾ ਜਾਂਦਾ ਹੈ ਪਰ ਇਹ ਵੀ ਹਰ ਥਾਂ ਲਾਗੂ ਨਹੀਂ ਹੁੰਦਾ। ਸੋ ਭਾਵੇਂ ਹੋਮਿਓਪੈਥਿਕ ਦਵਾਈ ਨੂੰ ਲਸਣ ਜਾਂ ਪਿਆਜ਼ ਵਿਚ ਲਪੇਟ ਕੇ ਲੈ ਲਵੋ ਤਾਂ ਵੀ ਅਸਰ ਕਰੇਗੀ। ਹਾਂ ਦਵਾਈ ਦੌਰਾਨ ਸ਼ਰਾਬ, ਕਾਫ਼ੀ, ਚਾਹ ਜਾਂ ਜ਼ਿਆਦਾ ਤਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।
ਹੋਮਿਓਪੈਥਿਕ ਦਵਾਈ ਸਿਰਫ਼ ਕੱਚ ਦੇ ਗਲਾਸ ਵਿਚ ਹੀ ਲੈਣੀ ਚਾਹੀਦੀ ਹੈ, ਇਹ ਵੀ ਕੋਈ ਬੰਦਿਸ਼ ਨਹੀਂ। ਭਾਵੇਂ ਦਵਾਈ ਸਟੀਲ ਦੇ ਗਿਲਾਸ ਵਿਚ ਲੈ ਲਵੋ ਜਾਂ ਪਿੱਤਲ ਦੇ ਗਿਲਾਸ ਵਿਚ। ਅਗਰ ਤੀਰ ਨਿਸ਼ਾਨੇ ਤੇ ਲੱਗਾ ਹੈ ਤਾਂ ਦਵਾਈ ਅਸਰ ਕਰੇਗੀ ਹੀ।ਹੋਮਿਓਪੈਥਿਕ ਦਵਾਈ ਨੂੰ ਹੱਥ ਨਹੀਂ ਲਾਉਣਾ: ਇਸ ਪਿੱਛੇ ਇਹ ਕਾਰਨ ਹੈ ਕਿ ਕਈ ਵਾਰ ਹੱਥ ਨੂੰ ਕੁੱਝ ਲਗਿਆ ਹੁੰਦਾ ਹੈ ਜਾਂ ਸਾਨੂੰ ਹੱਥ ਧੋਣ, ਸਾਫ਼-ਸਫਾਈ ਰੱਖਣ ਦੀ ਆਦਤ ਘੱਟ ਹੈ, ਜੇਕਰ ਉਹੀ ਲਿਬੜੇ-ਤਿਬੜੇ ਹੱਥਾਂ ਨਾਲ ਅਸੀ ਦਵਾਈ ਲਵਾਂਗੇ ਤਾਂ ਦਵਾਈ ਦੇ ਨਾਲ ਨਾਲ ਬਿਮਾਰੀਆਂ ਫੈਲਾਉਣ ਵਾਲੇ ਜੀਵਾਣੂ ਵੀ ਸਾਡੇ ਅੰਦਰ ਚਲੇ ਜਾਣਗੇ। ਨਾਲੇ ਆਪਾਂ ਰੋਜ਼ ਪੜ੍ਹਦੇ-ਸੁਣਦੇ ਹਾਂ ਕਿਸੇ ਵੀ ਚੀਜ਼ ਨੂੰ ਖਾਣ ਲਗਿਆਂ ਚੰਗੀ ਤਰ੍ਹਾਂ ਹੱਥ ਧੋ ਲੈਣੇ ਚਾਹੀਦੇ ਹਨ। ਸੋ ਹੋਮਿਓਪੈਥੀ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਦਵਾਈ ਨੂੰ ਹੱਥ ਨਾ ਲੱਗੇ ਪਰ ਇਹ ਜ਼ਰੂਰ ਹੈ ਕਿ ਅਗਰ ਹੱਥ ਚੰਗੀ ਤਰ੍ਹਾਂ ਸਾਫ਼ ਕੀਤੇ ਹਨ, ਬੇਸ਼ੱਕ ਦਵਾਈ ਹੱਥ ਤੇ ਧਰ ਕੇ ਲੈ ਲਵੋ ਤਾਂ ਵੀ ਦਵਾਈ ਦਾ ਅਸਰ ਓਨਾ ਹੀ ਹੋਵੇਗਾ।ਇਸ ਦੇ ਨਾਲ ਹੀ ਭੁੰਜੇ ਡਿੱਗੀ ਗੋਲੀ ਖਾਣ ਨਾਲ ਵੀ ਇਹੋ ਤੱਥ ਜੁੜਿਆ ਹੋਇਆ ਹੈ ਕਿ ਜੋ ਚੀਜ਼ ਇਕ ਵਾਰ ਭੁੰਜੇ ਡਿੱਗ ਪੈਂਦੀ ਹੈ, ਉਸ ਵਿਚ ਮਿੱਟੀ ਆਦਿ ਦੇ ਕਣ ਮਿਲ ਜਾਂਦੇ ਹਨ। ਇਥੇ ਵੀ ਇਹੀ ਗੱਲ ਕਹਿਣੀ ਬਣਦੀ ਹੈ ਕਿ ਅਸੀ ਰੋਜ਼ਾਨਾ ਜੀਵਨ ਵਿਚ ਭੁੰਜੇ ਡਿਗੀਆਂ ਚੀਜ਼ਾਂ ਖਾਂਦੇ ਨਹੀਂ ਜਾਂ ਫਿਰ ਧੋਣ ਵਾਲੀ ਵਸਤੂ ਨੂੰ ਜ਼ਰੂਰ ਧੋ ਕੇ ਖਾ ਲਿਆ ਜਾਂਦਾ ਹੈ। ਅਗਰ ਗੋਲੀ ਸਾਫ਼ ਥਾਂ ਤੇ ਡਿੱਗ ਪਈ ਤਾਂ ਚੁੱਕ ਕੇ ਖਾ ਲਉ। ਫਿਰ ਵੀ ਓਨਾ ਹੀ ਅਸਰ ਕਰੇਗੀ। ਅਗਰ ਗੋਲੀ ਮਿੱਟੀ ਤੇ ਜਾਂ ਗੰਦੇ-ਮੰਦੇ ਫਰਸ਼ ਤੇ ਡਿੱਗੀ ਹੈ ਤਾਂ ਬਿਲਕੁਲ ਨਹੀਂ ਖਾਣੀ ਚਾਹੀਦੀ।ਹੋਮਿਓਪੈਥੀ ਤਾਂ ਦੇਸੀ ਦਵਾਈ ਹੁੰਦੀ ਹੈ: ਹੋਮਿਓਪੈਥੀ ਇਕ ਵਿਗਿਆਨਕ ਪੈਥੀ ਹੈ। ਇਹ ਨਾ ਦੇਸੀ ਹੈ ਨਾ ਪ੍ਰਦੇਸੀ। ਇਸ ਵਿਚ ਨਾ ਕੋਈ ਠੰਢੀ ਦਵਾਈ ਹੁੰਦੀ ਹੈ, ਨਾ ਗਰਮ। ਇਹ ਦਵਾਈ ਸਿਰਫ਼ ਰੋਗੀ ਦੇ ਸਰੀਰਕ ਅਤੇ ਮਾਨਸਿਕ ਲੱਛਣਾਂ ਨੂੰ ਵੇਖ ਕੇ ਦਿਤੀ ਜਾਂਦੀ ਹੈ। ਹੋਮਿਓਪੈਥਿਕ ਦਵਾਈਆਂ ਨੂੰ ਬਣਾਉਣ ਲਈ ਵਿਸ਼ੇਸ਼ ਫਾਰਮੇਸੀਆਂ ਬਣੀਆਂ ਹੋਈਆਂ ਹਨ, ਜੋ ਕਿਸੇ ਵਿਧੀ ਵਿਧਾਨ ਅਨੁਸਾਰ ਦਵਾਈਆਂ ਬਣਾਉਂਦੀਆਂ ਹਨ, ਨਾਕਿ ਕਿਸੇ ਖ਼ੁਦ ਬਣੇ ਵੈਦ ਵਾਂਗ ਜੋ ਮਰਜ਼ੀ ਰਗੜ ਰਗੜ ਲੋਕਾਂ ਨੂੰ ਖਵਾਈ ਜਾਉ।ਇਹ ਭਰਮ-ਭੁਲੇਖੇ ਤਾਂ ਆਮ ਲੋਕਾਂ ਵਲੋਂ ਪਾਏ ਜਾਂਦੇ ਹਨ ਅਤੇ ਇਹ ਗੱਲਾਂ ਆਮ ਲੋਕ ਮਨਾਂ ਵਿਚ ਵਸੀਆਂ ਹੋਈਆਂ ਹਨ। ਕੁੱਝ ਪੜ੍ਹੇ-ਲਿਖੇ ਅਪਣੇ ਆਪ ਨੂੰ ਵਿਗਿਆਨਕ ਹੋਣ ਦਾ ਦਾਅਵਾ ਕਰਨ ਵਾਲੇ ਤਰਕਸ਼ੀਲ ਸੱਜਣ ਹੋਮਿਓਪੈਥੀ ਨੂੰ ਸਾਇੰਸ ਮੰਨਣ ਤੋਂ ਹੀ ਇਨਕਾਰੀ ਹੋਈ ਫਿਰਦੇ ਹਨ। ਐਵੋਗੇਡਰੋ ਦੇ ਲਾਅ ਨੂੰ ਆਧਾਰ ਮੰਨ ਕੇ ਇਹ ਲੋਕ ਹੋਮਿਓਪੈਥੀ ਨੂੰ ਗ਼ੈਰ-ਵਿਗਿਆਨਕ ਸਿੱਧ ਕਰਨਾ ਚਾਹੁੰਦੇ ਹਨ ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੋ ਗੱਲ ਇਕ ਸਾਇੰਸਦਾਨ ਨੇ ਕਹਿ ਦਿਤੀ, ਉਹ ਅਟੱਲ ਹੋਵੇਗੀ। ਨਾਲੇ ਵਿਗਿਆਨਕ ਯੁੱਗ ਵਿਚ ਅਸੀ ਵੇਖ ਰਹੇ ਹਾਂ ਕਿ ਇਕ ਦਾ ਬਣਾਇਆ ਹੋਇਆ ਕਾਨੂੰਨ, ਫਾਰਮੂਲਾ ਦੂਜੇ ਸਾਇੰਸਦਾਨਾਂ ਨੇ ਰੱਦ ਕਰ ਦਿਤਾ ਹੈ। ਇਹੀ ਵਿਗਿਆਨਕ ਤਰੱਕੀ ਹੈ। ਹੋਮਿਓਪੈਥੀ ਦੇ ਬਾਨੀ ਡਾ. ਹੈਨੇਮੈਨ ਨੇ ਫ਼ਿਲਾਸਫੀ ਵਿਚ ਜ਼ਿਕਰ ਕੀਤਾ ਹੈ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ਕੁਦਰਤ ਦੇ ਸਿਧਾਂਤਾਂ ਤੇ ਅਧਾਰਿਤ ਇਕ ਵਿਗਿਆਨ ਹੈ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement