ਬਲਾਚੌਰ/ਕਾਠਗੜ੍ਹ, 28 ਦਸੰਬਰ (ਜਤਿੰਦਰਪਾਲ ਸਿੰਘ ਕਲੇਰ) : ਕੜਾਕੇ ਦੀ ਠੰਢ ਦੇ ਨਾਲ ਹੀ ਬਾਜ਼ਾਰਾਂ ਵਿਚ ਮੂੰਗਫਲੀ, ਗੱਚਕ, ਰਿਉੜੀਆਂ ਦੀ ਵਿਕਰੀ ਵਿਚ ਤੇਜ਼ੀ ਆ ਜਾਂਦੀ ਹੈ। ਉਥੇ ਹੀ ਹੁਣ ਹਲਵਾਈਆਂ ਦੀਆਂ ਦੁਕਾਨਾਂ ਵਿਚ ਸਰਦੀਆਂ ਦੇ ਦਿਨਾਂ ਵਿਚ ਵਿਕਣ ਵਾਲਾ ਗਜਰੇਲਾ, ਪਿੰਨੀ, ਖਜੂਰ, ਅਲਸੀ ਦੀ ਪਿੰਨੀ, ਦਾਲ ਵਾਲੀ ਪਿੰਨੀ ਵੀ ਬਣਨੀ ਸ਼ੁਰੂ ਹੋ ਗਈ ਹੈ। ਲੋਹੜੀ ਦੇ ਦਿਨਾਂ ਵਿਚ ਸੱਭ ਤੋਂ ਜ਼ਿਆਦਾ ਵਿਕਣ ਵਾਲੀ ਮਿਠਾਈ ਖਜੂਰ ਹੁਣ ਤੋਂ ਹੀ ਹਲਵਾਈਆਂ ਨੇ ਬਣਾਉਣੀ ਸ਼ੁਰੂ ਕਰ ਦਿਤੀ ਹੈ। ਇਹ ਖਜੂਰ ਦੇਸੀ ਘਿਉ ਦੀ 280 ਤੋਂ 300 ਰੁਪਏ ਅਤੇ ਵੱਡੀਆਂ ਦੁਕਾਨਾਂ ਵਾਲੇ 400 ਰੁਪਏ ਤਕ ਵੇਚ ਰਹੇ ਹਨ। ਉਥੇ ਡਾਲਡਾ ਘਿਉ ਤੋਂ ਬਣੀ ਖਜੂਰ 100 ਤੋਂ 150 ਰੁਪਏ ਤਕ ਵਿਕ ਰਹੀ ਹੈ। ਇਸੇ ਤਰ੍ਹਾਂ ਦੇਸੀ ਘਿਉ ਦਾਲ ਵਾਲੀ ਪਿੰਨੀ 290 ਰੁਪਏ, ਗਜਰੇਲਾ 240, ਅਲਸੀ ਵਾਲੀ ਪਿੰਨੀ 280 ਰੁਪਏ ਵਿਕ ਰਹੀ ਹੈ। ਦੁਕਾਨ ਮਾਲਕ ਮੁਹਿੰਦਰ ਸਿੰਘ ਨੇ ਕਿਹਾ ਕਿ ਸਰਦੀਆਂ ਵਿਚ ਇਹ ਸਮਾਨ ਖੂਬ ਵਿਕਦਾ ਹੈ। ਮੂੰਗਫਲੀ ਤੇ ਗੱਚਕ ਦੀ ਵਿਕਰੀ : ਸਰਦੀਆਂ ਦੇ ਨਾਲ-ਨਾਲ ਮੂੰਗਫਲੀ, ਗੱਚਕ, ਰਿਉੜੀਆਂ ਦੀ ਖ਼ੂਬ ਵਿਕਰੀ ਹੁੰਦੀ ਹੈ। ਬਾਜ਼ਾਰ ਵਿਚ ਇਸ ਵਾਰ ਮੂੰਗਫ਼ਲੀ 100 ਤੋਂ ਲੈ ਕੇ 120 ਰੁਪਏ ਪ੍ਰਤੀ ਕਿਲੋ, ਗੱਚਕ, ਗੱਚਕ ਡਾਈਫ਼ਰੂਟ ਵਾਲੀ, ਗੱਚਕ ਮੂੰਗਫਲੀ ਵਾਲੀ, ਤਿਲ ਵਾਲੀ ਆਦਿ 150 ਤੋਂ ਲੈ ਕੇ 300 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਇਸੇ ਤਰ੍ਹਾਂ ਰਿਉੜੀਆਂ ਵੀ 120 ਤੋਂ 150 ਰੁਪਏ ਕਿਲੋ ਤੱਕ ਵਿੱਕ ਰਹੀਆ ਹਨ। ਦੁਕਾਨਦਾਰ ਹਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਇਹ ਸਮਾਨ ਸਰਦੀਆਂ ਵਿਚ ਜ਼ਿਆਦਾ ਵਿਕਦਾ ਹੈ।

ਡ੍ਰਾਈਫ਼ਰੂਟ ਦੀ ਵਿਕਰੀ ਵਿਚ ਕਮੀ : ਸੈਣੀ ਕਰਿਆਨਾ ਸਟੋਰ ਦੇ ਮਾਲਿਕ ਜੋਗਿੰਦਰ ਸਿੰਘ ਨੇ ਦਸਿਆ ਕਿ ਬਦਾਮ, ਅਖ਼ਰੋਟ, ਕਾਜੂ ਤੋ ਹੋਰ ਡ੍ਰਾਈਫ਼ਰੂਟ ਦੀ ਵਿਕਰੀ ਸਰਦੀਆਂ ਵਿਚ ਜ਼ਿਆਦਾ ਹੁੰਦੀ ਹੈ। ਲੋਕਾਂ ਦੀ ਖ਼ਰੀਦ ਸ਼ਕਤੀ ਵਿਚ ਆਈ ਕਮੀ ਕਾਰਨ ਡ੍ਰਾਈਫ਼ਰੂਟ ਦੀ ਵਿਕਰੀ ਪਿਛਲੀ ਸਾਲਾਂ ਦੀ ਤੁਲਨਾ ਵਿਚ ਕਾਫ਼ੀ ਘੱਟ ਰਹੀ ਹੈ। ਡ੍ਰਾਈਫ਼ਰੂਟ ਦੀ ਆਈਟਮਜ਼ ਵਿਚ 500 ਤੋਂ ਲੈ ਕੇ ਇਕ ਹਜ਼ਾਰ ਰੁਪਏ ਤਕ ਅੰਤਰ ਹੋਣ ਕਰ ਕੇ ਆਮ ਵਿਅਕਤੀਆਂ ਦੀ ਖ਼ਰੀਦਣ ਦੀ ਪਹੁੰਚ ਤੋਂ ਬਾਹਰ ਹੈ। ਬਾਜ਼ਾਰ ਵਿਚ ਹੁਣ ਘੱਟ ਮਾਤਰਾ ਵਿਚ ਪੈਕਿੰਗ ਵਾਲਾ ਡ੍ਰਾਈਫ਼ਰੂਟ ਦਾ ਸਮਾਨ ਆਉਣ ਲੱਗ ਪਿਆ ਹੈ।
end-of