
ਕਾਰੀਗਰ ਖੁਰੀ ਲਗਾਉਣ ਲਈ ਪਹਿਲਾਂ ਬਲਦ, ਘੋੜੇ ਨੂੰ ਜ਼ਮੀਨ ਤੇ ਬਿਠਾਉਂਦਾ ਸੀ।
ਇਹ ਗੱਲ ਉਨ੍ਹਾਂ ਵੇਲਿਆ ਦੀ ਸੀ ਜਦੋਂ ਪੰਜਾਬ ਵਿਚ ਮਸ਼ੀਨੀ ਯੁੱਗ ਨਹੀਂ ਸੀ ਆਇਆ। ਉਸ ਵੇਲੇ ਬਲਦਾਂ ਨਾਲ ਹੱਲ ਜੋੜ ਕੇ ਪੈਲੀ ਵਾਹੀ ਜਾਂਦੀ ਸੀ। ਖੇਤੀ ਦੇ ਸੰਦ ਹਰ ਕਿਸਾਨ ਦੇ ਘਰ ਦਾ ਸ਼ਿੰਗਾਰ ਹੁੰਦੇ ਸਨ। ਕਿਸਾਨ ਸਵੇਰੇ ਮੂੰਹ ਹਨੇਰੇ ਉਠ ਕੇ ਬਿਨਾਂ ਕੁੱਝ ਖਾਧੇ ਪੀਤੇ ਬਲਦਾਂ ਦੇ ਗਲ ਵਿਚ ਪੰਜਾਲੀ ਪਾ ਕੇ ਹੱਲ ਮੋਢੇ ਤੇ ਚੁਕ ਕੇ ਖੇਤਾਂ ਵਲ ਚਲ ਪੈਂਦਾ ਸੀ। ਉਸ ਸਮੇਂ ਸਾਰੀ ਖੇਤੀਬਾੜੀ ਇੰਦਰ ਦੇਵਤਾ ਤੇ ਯਾਨੀ ਕਿ ਬਾਰਸ਼ ’ਤੇ ਨਿਰਭਰ ਸੀ। ਸਾਡੀ ਪੈਲੀ ਰੋਹੀ ਵਾਲੀ ਸੀ। ਜ਼ਿਆਦਾ ਬਾਰਸ਼ ਪੈਣ ਨਾਲ ਹੜ੍ਹ ਆ ਜਾਂਦੇ ਸੀ। ਪਾਣੀ ਪੈਲੀ ਵਿਚ ਰੁਕ ਜਾਂਦਾ ਸੀ, ਫ਼ਸਲ ਮਾਰੀ ਜਾਂਦੀ ਸੀ।
ਸਾਡੀ ਸੱਤ ਕਿਲੇ੍ਹ ਪੈਲੀ ਵਿਚੋਂ ਮਸਾਂ 40 ਬੋਰੀਆਂ ਕਣਕ ਦੀਆਂ ਨਿਕਲਦੀਆਂ ਸਨ। ਖੂਹ ਵੀ ਉਦੋਂ ਕਿਤੇ-ਕਿਤੇ, ਟਾਂਵੇ-ਟਾਂਵੇ ਹੁੰਦੇ ਸਨ। ਜੋ ਬਲਦਾਂ ਨਾਲ ਖੂਹ ਵਾ, ਖੂਹ ਵਿਚੋਂ ਪਾਣੀ ਕੱਢ ਫ਼ਸਲਾਂ ਨੂੰ ਲਾਈਦਾ ਸੀ। ਮੈਂ ਇਥੇ ਗੱਲ ਖੁਰੀਆਂ ਦੀ ਕਰ ਰਿਹਾ ਹਾਂ। ਖੁਰੀਆਂ ਲਾਉਣ ਵਾਲੇ ਉਹ ਕਾਰੀਗਰ ਹੁੰਦੇ ਹਨ ਜੋ ਬਲਦਾਂ ਅਤੇ ਘੋੜਿਆਂ ਦੇ ਖੁਰਾਂ ਥੱਲੇ ਖੁਰੀਆਂ ਲਗਾਉਂਦੇ ਹਨ। ਖੁਰੀ ਲੋਹੇ ਦੀ ਬਣੀ ਗੁਲਾਈਦਾਰ ਪੱਤਰੀ ਨੂੰ ਕਹਿੰਦੇ ਹਨ। ਪਹਿਲਾ ਸਾਰੀ ਖੇਤੀ ਬਲਦਾਂ, ਊਠਾਂ ਨਾਲ ਕੀਤੀ ਜਾਂਦੀ ਸੀ। ਫ਼ਸਲਾਂ ਫਲਿਆਂ ਨਾਲ ਗਾਈਆਂ ਜਾਂਦੀਆਂ ਸਨ ਤੇ ਹੱਲ ਬਲਦਾਂ ਨਾਲ ਵਾਏ ਜਾਂਦੇ ਸਨ। ਗੱਡਾ ਤੇ ਖੂਹ ਵੀ ਬਲਦਾਂ ਨਾਲ ਚਲਦਾ ਸੀ ਜਿਸ ਕਾਰਨ ਬਲਦਾਂ ਦੇ ਖੁਰ ਘੱਸ ਜਾਂਦੇ ਸਨ। ਖੁਰ ਨੂੰ ਕੋਈ ਨੁਕਸਾਨ ਨਾ ਹੋਵੇ, ਨਾ ਕੋਈ ਬੀਮਾਰੀ ਲੱਗੇ। ਇਸ ਕਰ ਕੇ ਬਲਦਾਂ ਨੂੰ ਖੁਰੀਆਂ ਲਾਈਆਂ ਜਾਂਦੀਆਂ ਸਨ। ਖੁਰੀਆਂ ਲਾਉਣ ਵਾਲੇ ਆਮ ਤੌਰ ’ਤੇ ਮੁਸਲਮਾਨ ਕਾਰੀਗਰ ਹੁੰਦੇ ਸਨ। ਬਲਦਾਂ ਦੇ ਖੁਰ ਦੋ ਹਿੱਸੇ ਵਿਚ ਹੁੰਦੇ ਸਨ। ਬਲਦਾਂ ਦੀਆਂ ਖੁਰਾਂ ਦੀ ਬਣਤਰ ਬਲਦਾਂ ਦੀਆਂ ਖੁਰਾਂ ਵਰਗੀ ਹੁੰਦੀ ਸੀ। ਘੋੜੇ ਦੇ ਖੁਰ ਇਕ ਹਿੱਸੇ ਵਿਚ ਹੁੰਦੇ ਸਨ। ਇਸ ਲਈ ਘੋੜੇ ਦੀ ਖੁਰੀ ਘੋੜੇ ਦੇ ਖੁਰ ਵਰਗੀ ਹੁੰਦੀ ਸੀ।
ਕਾਰੀਗਰ ਖੁਰੀ ਲਗਾਉਣ ਲਈ ਪਹਿਲਾਂ ਬਲਦ, ਘੋੜੇ ਨੂੰ ਜ਼ਮੀਨ ਤੇ ਬਿਠਾਉਂਦਾ ਸੀ। ਫਿਰ ਬਲਦ ਤੇ ਘੋੜੇ ਦੇ ਚਾਰੇ ਪੈਰਾਂ ਨੂੰ ਰੱਸਿਆਂ ਨਾਲ ਇਕ ਥਾਂ ਬੰਨ੍ਹ ਲਿਆ ਜਾਂਦਾ ਸੀ। ਬੰਨ੍ਹੇ ਹੋਏ ਚਾਰੇ ਪੈਰਾਂ ਦੇ ਵਿਚਾਲੇ ਇਕ ਖ਼ਾਸ ਕਿਸਮ ਦਾ ਬਣਾਇਆ ਹੋਇਆ ਡੰਡਾ ਜਿਸ ਵਿਚ ਚੰਮ ਜਾਂ ਨਵਾਰ ਦੀ ਵੱਧਰੀ ਲੱਗੀ ਹੁੰਦੀ ਸੀ, ਅੜਾਇਆ ਜਾਂਦਾ ਸੀ। ਇਸ ਡੰਡੇ ਦੇ ਅੜਾਉਣ ਨਾਲ ਪਸ਼ੂ ਦੇ ਪੈਰ ਧਰਤੀ ਦੇ ਉਪਰ ਉਠ ਖੜਦੇ ਸਨ। ਖੁਰੀ ਲਗਾਉਣ ਵਾਲਾ ਕਾਰੀਗਰ ਡੰਗਰਾਂ ਦੇ ਖੁਰ ਨੂੰ ਕਿਸ ਖ਼ਾਸ ਕਿਸਮ ਦੇ ਬਣੇ ਔਜਾਰ ਨਾਲ ਸਾਫ਼ ਕਰਦਾ ਤੇ ਛਿਲਦਾ ਸੀ। ਖੁਰ ਦੇ ਹੇਠਲੇ ਹਿੱਸੇ ਨੂੰ ਇਕ-ਸਾਰ ਕਰਦਾ ਸੀ। ਫਿਰ ਖੁਰੀ ਨੂੰ ਮੇਖਾਂ ਨਾਲ ਲਾ ਦਿੰਦਾ ਸੀ। ਖੁਰੀ ਲਾਉਣ ਵਾਲੀਆਂ ਮੇਖਾਂ ਖ਼ਾਸ ਕਿਸਮ ਦੀਆਂ ਹੁੰਦੀਆਂ ਸਨ। ਖੁਰੀ ਲਾਉਣ ਤੋਂ ਬਾਅਦ ਡੰਡਾ ਲੱਤਾਂ ਵਿਚੋਂ ਕੱਢ ਦਿਤਾ ਜਾਂਦਾ ਸੀ। ਲੱਤਾਂ ਵਿਚ ਪਾਏ ਜੂੜ ਨੂੰ ਖੋਲ੍ਹ ਦਿੰਦੇ ਸਨ।
ਜੁੱਤੀ ਤੇ ਬੂਟ ਦੀ ਅੱਡੀ ਥੱਲੇ ਵੀ ਖੁਰੀਆਂ ਲਗਾਈਆਂ ਜਾਂਦੀਆਂ ਸਨ। ਜਦੋਂ ਅੱਡੀ ਘਿਸ ਜਾਂਦੀ ਸੀ ਪਰ ਇਹ ਖੁਰੀਆਂ ਮੋਚੀ ਲਗਾਉਂਦੇ ਹਨ। ਪੁਲਿਸ ਦੇ ਮਹਿਕਮੇ ਵਿਚ ਖੁਰੀਆਂ ਦੀ ਬਹੁਤ ਮਹੱਤਤਾ ਹੈ। ਜਦੋਂ ਅਸੀਂ ਪੁਲਿਸ ਵਿਚ ਭਰਤੀ ਹੋ ਰੰਗਰੂਟੀ ਕਰਨ ਗਏ ਤੇ ਵਰਦੀ ਦੇ ਨਾਲ ਸਾਨੂੰ ਵੱਡੇ ਬੂਟ ਚਮੜੇ ਦੇ ਪਰੇਡ ਕਰਨ ਲਈ ਵਰਦੀ ਦੀ ਕਿੱਟ ਨਾਲ ਮਿਲ ਗਏ। ਸੋਮਵਾਰ, ਸ਼ੁਕਰਵਾਰ ਜਰਨਲ ਪਰੇਡ ਹੁੰਦੀ ਸੀ। ਵਰਦੀ ਨਾਲ ਬੂਟਾਂ ਦੀ ਨਿਰੀਖਣ ਹੁੰਦੀ ਸੀ। ਬੂਟਾਂ ਨੂੰ ਉਪਰ ਚੁਕ ਨਿਰੀਖਣ ਕਰਨ ਵਾਲਾ ਅਫ਼ਸਰ ਵੱਡੇ ਬੂਟਾਂ ’ਤੇ ਲੱਗੀਆਂ ਖੁਰੀਆਂ ਦੀ ਨਿਰੀਖਣ ਕਰਦਾ ਸੀ। ਜੇਕਰ ਖੁਰੀਆਂ ਨਹੀਂ ਲੱਗੀਆਂ ਜਾਂ ਪੂਰੀਆਂ ਨਹੀਂ ਲੱਗੀਆਂ ਸਜ਼ਾ ਮਿਲ ਜਾਂਦੀ ਸੀ। ਖੁਰੀਆਂ ਲੱਗਣ ਨਾਲ ਵੱਡੇ ਬੂਟ ਪਰੇਡ ਕਰਨ ਤੇ ਰੋਡ ਮਾਰਚ ਕਰਨ ਨਾਲ ਘਿਸਦੇ ਨਹੀਂ ਸਨ।
ਹੁਣ ਚਮੜੇ ਦੇ ਬੂਟ ਦੀ ਥਾਂ ਰਬੜਸੋਲ ਦੇ ਬੂਟ ਆ ਗਏ ਹਨ। ਹੁਣ ਬਲਦਾਂ ਦੀ ਕੋਈ ਖੇਤੀ ਨਹੀਂ ਕਰਦਾ, ਨਾ ਹੀ ਟਾਂਗੇ ਘੋੜੇ ਚਲਦੇ ਹਨ। ਇਸ ਲਈ ਬਲਦਾਂ ਤੇ ਘੋੜਿਆਂ ਨੂੰ ਖੁਰੀਆਂ ਲਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਕਰ ਕੇ ਨਾ ਹੀ ਬਲਦ, ਟਾਂਗੇ, ਘੋੜੇ ਰਹੇ ਹਨ ਤੇ ਨਾ ਹੀ ਖੁਰੀਆਂ ਲਾਉਣ ਵਾਲੇ ਕਾਰੀਗਰ। ਉਨ੍ਹਾਂ ਨੇ ਹੋਰ ਧੰਦੇ ਅਖ਼ਤਿਆਰ ਕਰ ਲਏ ਹਨ। ਸਮਾਂ ਬਦਲਿਆ ਅੱਜ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਜਿਹੜੀ ਵਾਹੀ ਦਿਨਾਂ ਵਿਚ ਹੁੰਦੀ ਸੀ, ਹੁਣ ਘੰਟਿਆਂ ਵਿਚ ਹੋ ਜਾਦੀ ਹੈ। ਜਿਹੜੇ ਬਲਦਾਂ ਦਾ ਮੰਡੀ ਵਿਚ ਹਜ਼ਾਰਾਂ ਦਾ ਮੁਲ ਪੈਂਦਾ ਸੀ। ਹੁਣ ਬਲਦ ਅਵਾਰਾ ਬਣ ਬਜ਼ਾਰਾਂ ਵਿਚ ਘੁੰਮਦੇ ਫਿਰਦੇ ਹਨ। ਜਿਨ੍ਹਾਂ ਦਾ ਸ਼ਿਕਾਰ ਹਰ ਰੋਜ਼ ਕੋਈ ਨਾ ਕੋਈ ਰਾਹਗੀਰ, ਫ਼ਸਲਾਂ ਦੇ ਉਜਾੜੇ ਨਾਲ ਕਿਸਾਨ ਹੁੰਦਾ ਰਹਿੰਦਾ ਹੈ। ਹੁਣ ਇਨ੍ਹਾਂ ਬਲਦਾ ਨਾਲ ਚਲਣ ਵਾਲੇ ਹੱਲ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਟਾਂਗੇ ਘੋੜੇ ਅਲੋਪ ਹੋ ਗਏ ਹਨ। ਅੱਜ ਦੀ ਪੀੜ੍ਹੀ ਅਪਣੀ ਹੱਥੀ ਕਿਰਤ ਨਹੀਂ ਕਰਦੀ। ਉਹ ਤਾਂ ਸਿਰਫ਼ ਪ੍ਰਵਾਸੀ ਮਜ਼ਦੂਰਾਂ ’ਤੇ ਨਿਰਭਰ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ। 9878600221