ਖ਼ਬਰਾਂ |

ਤਾਜ਼ਾ |

ਤੁਰਲੇ ਵਾਲੀ ਪੱਗ ਦੀ ਹੁੰਦੀ ਸੀ ਸ਼ਾਨ ਨਿਰਾਲੀ

By : GAGANDEEP

Published : Mar 8, 2026, 6:35 am IST
Updated : Mar 8, 2026, 8:14 am IST
SHARE ARTICLE
Turban Punjabi Culture Article in punjabi
Turban Punjabi Culture Article in punjabi

ਆਦਮੀਆਂ ਦੇ ਸਿਰਾਂ ਤੇ ਸੋਹਦੀਆਂ ਪੱਗਾਂ ਕੇਵਲ ਸਿਰ ਕੱਜਣ ਦਾ ਕੰਮ ਹੀ ਨਹੀਂ ਕਰਦੀਆਂ ਸਗੋਂ ਸ਼ਾਨ, ਸ਼ੌਕਤ ਅਤੇ ਸਤਿਕਾਰ ਦੀਆਂ ਪ੍ਰਤੀਕ ਵੀ ਹੁੰਦੀਆ ਹਨ।

ਆਦਮੀਆਂ ਦੇ ਸਿਰਾਂ ਤੇ ਸੋਹਦੀਆਂ ਪੱਗਾਂ ਕੇਵਲ ਸਿਰ ਕੱਜਣ ਦਾ ਕੰਮ ਹੀ ਨਹੀਂ ਕਰਦੀਆਂ ਸਗੋਂ ਸ਼ਾਨ, ਸ਼ੌਕਤ ਅਤੇ ਸਤਿਕਾਰ ਦੀਆਂ ਪ੍ਰਤੀਕ ਵੀ ਹੁੰਦੀਆ ਹਨ। ਕਿਸੇ ਵੀ ਸਿਰ ’ਤੇ ਸਜਾਈ ਪੱਗ ਉਸ ਵਿਅਕਤੀ ਦੇ ਵਿਅਕਤੀਤਵ ਨੂੰ ਦੂਣ-ਸਿਵਾਇਆ ਕਰ ਦੇਂਦੀ ਹੈ। ਸਿੱਖ ਧਰਮ ਵਿਚ ਤਾਂ ਪੱਗ ਨੂੰ ਦਸਤਾਰ ਦਾ ਨਾਂ ਦੇ ਕੇ ਬਹੁਤ ਹੀ ਸਤਕਾਰਿਆਂ ਜਾਂਦਾ ਹੈ ਅਤੇ ਦਸਤਾਰ ਸਜਾਉਣ ਨੂੰ ਖ਼ਾਸ ਅਹਿਮੀਅਤ ਦਿਤੀ ਜਾਂਦੀ ਹੈ। ਪੱਗ ਨੂੰ ਸਰਦਾਰੀ ਦਾ ਮਾਣ ਦਿਤਾ ਜਾਂਦਾ ਹੈ। ਜਿਸ ਤਰ੍ਹਾਂ ਵੱਖ-ਵੱਖ ਫਿਰਕਿਆਂ ਵਿਚ ਪੱਗ ਬੰਨ੍ਹਣ ਦਾ ਰਿਵਾਜ਼ ਹੈ, ਉਸੇ ਤਰ੍ਹਾਂ ਹੀ ਪੱਗ ਬੰਨਣ ਦੇ ਢੰਗ-ਤਰੀਕੇ ਵੀ ਵੱਖ-ਵੱਖ ਦੇਖਣ ਨੂੰ ਮਿਲਦੇ ਹਨ। ਕਈ ਵਾਰ ਬੰਨ੍ਹੀ ਪੱਗ ਦੇਖ ਕੇ ਹੀ ਅਸੀਂ ਉਸ ਵਿਅਕਤੀ ਦੇ ਧਰਮ, ਫਿਰਕੇ ਅਤੇ ਇਲਾਕੇ ਬਾਰੇ ਜਾਣ ਜਾਂਦੇ ਹਾਂ।

ਜਿਸ ਤਰ੍ਹਾਂ ਕਿ ਰਾਜਸਥਾਨੀ ਮਰਦ ਲੋਕ ਜੋ ਪੱਗ ਬੰਨ੍ਹਦੇ ਹਨ ਉਨ੍ਹਾਂ ਤੋਂ ਉਨ੍ਹਾਂ ਦੇ ਰਾਜਸਥਾਨੀ ਹੋਣ ਦਾ ਸਬੂਤ ਮਿਲ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਵਿਚ ਨਾਮਧਾਰੀ ਪੱਗ ਦੀ ਪਹਿਚਾਣ ਬੜੀ ਜਲਦੀ ਹੋ ਜਾਂਦੀ ਹੈ। ਨਿਹੰਗ ਸਿੰਘ ਦੀਆਂ ਸਜਾਈਆਂ ਦਸਤਾਰਾਂ ਬਿਲਕੁਲ ਨਿਵੇਕਲੀਆਂ ਹੁੰਦੀਆਂ ਹਨ ਅਤੇ ਹਰ ਕੋਈ ਉਨ੍ਹਾਂ ਦੀ ਵੱਖਰੀ ਪਹਿਚਾਣ ਨੂੰ ਜਾਣ ਜਾਂਦਾ ਹੈ। ਆਮ ਤੌਰ ’ਤੇ ਨਿਹੰਗ ਸਿੰਘ ਅਪਣੀਆਂ ਦਸਤਾਰਾਂ ਨੂੰ ਦੁਮਾਲਾ ਸਜਾਉਣਾ ਵੀ ਆਖਦੇ ਹਨ। ਇਸੇ ਤਰ੍ਹਾਂ ਹਰਿਆਣੇ ਦੇ ਮਰਦ ਹਰਿਆਣਵੀ ਪੱਗਾਂ ਦੀ ਵੱਖਰੀ ਪਹਿਚਾਣ ਰੱਖਦੇ ਹਨ। ਪੰਜਾਬੀਆਂ ਦੀਆਂ ਪੱਗਾਂ ਦਾ ਅਪਣਾ ਹੀ ਵਿਲੱਖਣ ਢੰਗ ਹੈ। ਅੱਜਕਲ ਤਾਂ ਪੰਜਾਬੀ ਗੱਭਰੂ ਬੜੀਆਂ ਪੋਚਵੀਆਂ ਪੱਗਾਂ ਬੰਨ੍ਹਣ ਦੇ ਆਦੀ ਹੋ ਗਏ ਹਨ। ਇਸੇ ਕਰ ਕੇ ਹੀ ਪੰਜਾਬੀ ਸੱਭਿਆਚਾਰ ਵਿਚ ਪੱਗਾਂ ਬਾਰੇ ਅਨੇਕਾਂ ਗੀਤ, ਲੋਕ ਗੀਤ ਜਾਂ ਬੋਲੀਆਂ ਵੀ ਸੁਨਣ ਨੂੰ ਮਿਲਦੀਆਂ ਹਨ।

ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਪੱਗ ਬੰਨ੍ਹਣ ਦਾ ਰਿਵਾਜ਼ ਭਾਵੇਂ ਬਹੁਤ ਪੁਰਾਣਾ ਹੈ ਪਰ ਸਮੇਂ ਦੇ ਨਾਲ-ਨਾਲ ਇਸ ਨੂੰ ਬੰਨ੍ਹਣ ਦੇ ਢੰਗ ਬਦਲਦੇ ਗਏ ਹਨ। ਭਾਵੇਂ ਅੱਜਕਲ ਦੇ ਮੁੰਡੇ ਲੰਬੀਆਂ ਪੱਗਾਂ ਨੂੰ ਸਿਉਣਾ ਪਾ ਕੇ ਬੰਨ੍ਹਣ ਦੇ ਸ਼ੌਕੀਨ ਹਨ ਪਰ ਕਦੇ ਸਮੇਂ ਸੀ ਕਿ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਤੁਰਲੇ ਵਾਲੀ ਪੱਗ ਦਾ ਬਹੁਤ ਹੀ ਰਿਵਾਜ਼ ਹੁੰਦਾ ਸੀ। ਰੰਗਦਾਰ ਪੱਗਾਂ ਨੂੰ ਮਾਵਾ ਦਿਲਵਾ ਕੇ ਬਹੁਤ ਹੀ ਵਧੀਆ ਢੰਗ ਨਾਲ ਤੁਰਲਾ ਛੱਡ ਕੇ ਬੰਨਿ੍ਹਆ ਜਾਂਦਾ ਸੀ ਜਿਸ ਦੀ ਵੱਖਰੀ ਹੀ ਨੁਹਾਰ ਹੁੰਦੀ ਸੀ। ਠੇਠ ਪੰਜਾਬੀ ਬੋਲੀ ਵਿਚ ਇਸ ਪੱਗ ਨੂੰ ਤੁਰਲੇ ਵਾਲਾ ਸਾਫਾ ਕਹਿ ਕੇ ਮਾਣ ਦਿਤਾ ਜਾਂਦਾ ਸੀ। ਇਹ ਤੁਰਲੇ ਵਾਲਾ ਸਾਫਾ ਸ਼ੌਕੀ ਗੱਭਰੂਆਂ ਦੀ ਪਹਿਲੀ ਪਸੰਦ ਹੁੰਦੀ ਸੀ। ਪੰਜਾਬੀ ਗਿੱਧਿਆਂ ਵਿਚ ਇਸ ਤੁਰਲੇ ਵਾਲੇ ਸਾਫੇ ਨੇ ਖੂਬ ਧੂਮਾਂ ਮਚਾਈਆਂ ਅਤੇ ਗਿੱਧਿਆਂ ਦੇ ਪਿੜਾਂ ਵਿਚ ਇਹ ਬੋਲੀ ਆਮ ਸੁਨਣ ਨੂੰ ਮਿਲਦੀ ਸੀ -
‘‘ਤੁਰਲੇ ਵਾਲਾ ਸਾਫਾ ਬੰਨ੍ਹ ਕੇ, ਤੂੰ ਗਿੱਧੇ ਵਿਚ ਆਇਆ    ਅੱਖਾਂ ਵਿਚ ਤੇਰੇ ਸੁਰਮਾ ਖਿੰਡਿਆ ਕਿਹੜੀ ਭਾਬੀ ਨੇ ਪਾਇਆ।    ਐਂਡੇ ਸ਼ੌਕੀ ਨੇ ਵਿਆਹ ਕਿਉਂ ਨਹੀਂ ਕਰਵਾਇਆ।’’

ਇਹ ਤੁਰਲੇ ਵਾਲੇ ਸਾਫੇ, ਪੇਂਡੂ ਵਿਆਹਾਂ ਵਿਚ ਆਮ ਦੇਖਣ ਨੂੰ ਮਿਲਦੇ ਸਨ। ਬਰਾਤ ਜਾਣ ਸਮੇਂ ਪਿੰਡ ਦੇ ਮਰਦ ਪੱਗ ਨੂੰ ਖ਼ੂਬ ਮਾਵਾ ਦਿਲਵਾ ਕੇ, ਉੱਚਾ ਤੁਰਲਾ ਛੱਡ ਕੇ ਅਪਣੀ ਪੂਰੀ ਟੋਹਰ ਬਣਾ ਕੇ ਜਾਂਦੇ। ਉਨ੍ਹਾਂ ਦਿਨਾਂ ਵਿਚ ਬਰਾਤਾਂ ਵੀ ਰੱਥਾਂ, ਘੋੜਿਆਂ ਜਾਂ ਊਠਾਂ ’ਤੇ ਜਾਇਆ ਕਰਦੀਆਂ ਸਨ ਤਾਂ ਕੋਈ ਵੀ ਗੱਭਰੂ ਜਦੋਂ ਤੁਰਲੇ ਵਾਲੀ ਪੱਗ ਬੰਨ੍ਹ ਊਠਾਂ ’ਤੇ ਸਵਾਰ ਹੁੰਦੇ ਸਨ ਤਾਂ ਉਹ ਅਪਣੇ ਆਪ ਨੂੰ ਕਿਸੇ ਸ਼ਹਿਨਸ਼ਾਹ ਤੋਂ ਘੱਟ ਨਾ ਸਮਝਦੇ।ਚਿੱਟੇ ਚਾਦਰੇ ਅਤੇ ਤੁਰਲੇ ਵਾਲੀ ਪੱਗ ਕਿਸੇ ਸਮੇਂ ਪੰਜਾਬੀਆਂ ਦਾ ਮਨਭਾਉਂਦਾ ਪਹਿਰਾਵਾ ਹੁੰਦਾ ਸੀ। ਜਦੋਂ ਵੀ ਕਿਸੇ ਨੇ ਮਹਿਮਾਨ ਦੇ ਤੌਰ ਤੇ ਜਾਣਾ ਹੁੰਦਾ ਤਾਂ ਉਹ ਜ਼ਰੂਰ ਇਸ ਪਹਿਰਾਵੇ ਨੂੰ ਪਸੰਦ ਕਰਦਾ ਅਤੇ ਅਪਣੇ ਆਪ ’ਤੇ ਮਾਣ ਕਰਦਾ। ਕੁੜੀਆਂ ਦੇ ਵਿਆਹਾਂ ਵਿਚ ਬਰਾਤ ਆਉਣ ਸਮੇਂ ਤੁਰਲੇ ਵਾਲਿਆਂ ਦੀ ਖਾਸ ਪਹਿਚਾਣ ਸਮਝੀ ਜਾਂਦੀ ਸੀ ਤੇ ਉਨ੍ਹਾਂ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਨਿਵਾਜਿਆ ਜਾਂਦਾ। ਤੁਰਲੇ ਦੀ ਅਜਿਹੀ ਟੋਹਰ ਦੇਖ ਕੇ ਪਿੰਡਾਂ ਦੇ ਚੌਧਰੀ ਅਤੇ ਦੂਜੇ ਜ਼ਿੰਮੀਦਾਰ ਲੋਕ ਵੀ ਤੁਰਲੇ ਵਾਲੀਆਂ ਪੱਗਾਂ ਬੰਨ੍ਹ ਕੇ ਲੋਕਾਂ ਵਿਚ ਜਾਂਦੇ ਤਾਕਿ ਉਨ੍ਹਾਂ ਦਾ ਲੋਕਾਂ ਸੱਚ ਵਿਸ਼ੇਸ਼ ਸਤਿਕਾਰ ਬਣਿਆ ਰਹੇ।

ਖ਼ਾਸ ਕਰ ਕੇ ਪੰਜਾਬ ਦੇ ਪੇਂਡੂ ਮੇਲਿਆਂ ਦੇ ਮੌਕੇ ਗੱਭਰੂ ਵਿਸ਼ੇਸ਼ ਤੌਰ ’ਤੇ ਤੁਰਲੇ ਵਾਲੀਆਂ ਪੱਗਾਂ ਬੰਨ੍ਹ, ਚਿੱਟੇ ਚਾਦਰਿਆਂ ਅਤੇ ਨੌਕਦਾਰ ਜੁੱਤੀ ਨਾਲ ਹੱਥ ਵਿਚ ਖੁੰਡਾ ਲੈ ਕੇ ਜਾਂਦੇ ਤਾਂਕਿ ਮੇਲੇ ਵਿਚ ਉਸ ਦੇ ਯਾਰਾਂ-ਦੋਸਤਾਂ ਵਿਚ ਉਸ ਦੀ ਧਾਂਕ ਜੰਮੀ ਰਹੇ। ਅੱਜਕਲ ਵੀ ਜਿਹੜੇ ਨੌਜਵਾਨ ਪੱਗਾ ਬੰਨ੍ਹਦੇ ਹਨ, ਉਹ ਵੀ ਪੱਗ ਬੰਨ੍ਹਣ ’ਤੇ ਪੂਰਾ ਜ਼ੋਰ ਲਗਾ ਦੇਂਦੇ ਹਨ। ਵੱਖ-ਵੱਖ ਰੰਗਾਂ ਦੀਆਂ ਪੱਗਾਂ ਭਾਵੇਂ ਨੌਜਵਾਨਾਂ ਨੂੰ ਬਹੁਤ ਸੱਜਦੀਆਂ ਹਨ ਤੇ ਇੰਝ ਲੱਗਦਾ ਹੈ ਕਿ ਕਿਤੇ ਕਿਸੇ ਗੱਭਰੂ ਨੂੰ ਨਜ਼ਰਾਂ ਹੀ ਨਾ ਲੱਗ ਜਾਵਣ। ਤਾਂ ਹੀ ਤਾਂ ਕਿਹਾ ਜਾਂਦਾ ਹੈ-
‘‘ਪੱਗਾਂ ਬੱਧੀਆਂ ਨੂੰ ਨਜ਼ਰਾਂ ਲੱਗੀਆਂ
ਮਿਰਚਾਂ ਵਾਰ ਸੋਹਣੀਏਂ।’’

ਪਰ ਹੁਣ ਤੁਰਲੇ ਵਾਲੀਆਂ ਪੱਗਾਂ ਬੀਤੇ ਜ਼ਮਾਨੇ ਦੀ ਗੱਲ ਲੱਗ ਰਹੀਆਂ ਹਨ ਅੱਜਕਲ ਤੁਰਲੇ ਵਾਲੀਆਂ ਪੱਗਾਂ ਬਹੁਤ ਘੱਟ ਨਜ਼ਰ ਆਉਂਦੀਆਂ ਹਨ। ਕਿਤੇ ਕਿਤੇ ਭੰਗੜਾ ਪਾਉਣ ਵਾਲੇ ਗੱਭਰੂਆਂ ਦੀਆਂ ਪੱਗਾਂ ’ਤੇ ਤੁਰਲੇ ਦੇਖਣ ਨੂੰ ਮਿਲ ਜਾਂਦੇ ਹਨ ਜਾਂ ਭੰਗੜੇ ਸਮੇਂ ਢੋਲੀ ਨੇ ਖੂਬ ਵਧੀਆ ਤੁਰਲਾ ਛੱਡ ਕੇ ਪੱਗ ਬੰਨ੍ਹੀ ਹੁੰਦੀ ਹੈ। ਕੁੱਝ ਵੀ ਹੋਵੇ ਇਹ ਤੁਰਲੇ ਵਾਲੀਆਂ ਪੱਗਾਂ ਸਾਨੂੰ ਅਪਣਾ ਪੁਰਾਤਨ ਸੱਭਿਆਚਾਰਕ ਵਿਰਸਾ ਜ਼ਰੂਰ ਯਾਦ ਕਰਵਾ ਦੇਂਦੀਆਂ ਹਨ। 
ਬਹਾਦਰ ਸਿੰਘ ਗੌਸਲ
(ਮੋ. 9876452223)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement