
ਪਾਣੀ ਪੀਣ ਲਈ ਇੰਨਾ ਕੁਦਰਤੀ ਮਿੱਠਾ ਤੇ ਠੰਢਾ ਹੁੰਦਾ ਸੀ ਹੁਣ ਦੀ ਫ਼ਰਿਜ ਵਾਂਗੂ ਪਾਣੀ ਪੀ ਗਲਾ ਖ਼ਰਾਬ ਨਹੀਂ ਸੀ ਹੁੰਦਾ
ਲੋਹੇ ਦੀ ਉਸ ਮਸ਼ੀਨਰੀ ਨੂੰ ਜਿਸ ਨਾਲ ਇਕ ਬਲਦ ਜਾਂ ਕੱਟਾ ਜੋੜ ਕੇ ਜਾਂ ਹੱਥ ਨਾਲ ਗੇੜਿਆਂ ਜਾਂਦਾ ਸੀ ਉਸ ਨੂੰ ਹਲਟੀ ਕਿਹਾ ਜਾਂਦਾ ਸੀ। ਸਾਡੇ ਘਰ ਦੇ ਨਜ਼ਦੀਕ ਹੀ ਹਲਟੀ ਵਾਲੀ ਖੂਹੀ ਸੀ ਜਿਸ ਨੂੰ ਦਾਤੋ ਵਾਲੀ ਖੂਹੀ ਕਹਿੰਦੇ ਸੀ ਜੋ ਅਸੀਂ ਤਕਰੀਬਨ ਉਸ ਨੂੰ ਹੱਥ ਨਾਲ ਹੀ ਗੇੜ ਖੂਹੀ ਵਿਚੋਂ ਪਾਣੀ ਕੱਢ ਕੇ ਨਹਾਉਂਦੇ ਸੀ। ਸੀਮਿੰਟ ਦੀ ਹੌਦੀ ਬਣੀ ਸੀ ਜਿਸ ਵਿਚ ਖੂਹੀ ਦਾ ਪਾਣੀ ਹਲਟੀ ਨਾਲ ਗੇੜ ਭਰ ਲਿਆ ਜਾਂਦਾ ਸੀ।
ਹੌਦੀ ਦੇ ਦੋਵੇਂ ਪਾਸੀ ਟੂਟੀਆਂ ਲੱਗੀਆਂ ਹੁੰਦੀਆਂ ਸਨ ਜੋ ਮੋਰੀ ਕਰ ਕਾਨੇ, ਡੱਕੇ, ਲੱਕੜੀ ਨਾਲ ਫਿੱਟ ਬੰਦ ਕਰ ਲਈਆਂ ਜਾਂਦੀਆਂ ਸਨ ਜੋ ਨਹਾਉਣ ਲਈ ਮੋਰੀ ਵਿਚੋਂ ਡੱਕੇ ਲੱਕੜੀ ਨੂੰ ਕੱਢ ਲਿਆ ਜਾਂਦਾ ਸੀ। ਨਹਾਉਣ ਤੋਂ ਬਾਅਦ ਟੂਟੀ ਬੰਦ ਕਰ ਦਿਤੀ ਜਾਦੀ ਸੀ। ਇਕ ਬੰਨੇ ਮਰਦਾਂ ਤੇ ਦੂਸਰੇ ਪਾਸੇ ਔਰਤਾਂ ਵਾਸਤੇ ਨਹਾਉਣ ਲਈ ਪਰਦਾ ਲਾ ਟੂਟੀਆਂ ਲਗਾਈਆਂ ਜਾਂਦੀਆਂ ਸਨ। ਔਰਤਾਂ ਨਹਾਉਂਦੇ ਨਹਾਉਂਦੇ ਕਪੜੇ ਵੀ ਧੋ ਲੈਂਦੀਆਂ ਸਨ। ਜਾਣ ਲੱਗਿਆਂ ਪੀਣ ਵਾਸਤੇ ਪਾਣੀ, ਘੜੇ ਜਾਂ ਬਾਲਟੀ, ਭਾਂਡੇ ਵਿਚ ਪਾ ਕੇ ਲੈ ਜਾਂਦੀਆਂ ਸਨ।
ਪਾਣੀ ਪੀਣ ਲਈ ਇੰਨਾ ਕੁਦਰਤੀ ਮਿੱਠਾ ਤੇ ਠੰਢਾ ਹੁੰਦਾ ਸੀ ਹੁਣ ਦੀ ਫ਼ਰਿਜ ਵਾਂਗੂ ਪਾਣੀ ਪੀ ਗਲਾ ਖ਼ਰਾਬ ਨਹੀਂ ਸੀ ਹੁੰਦਾ। ਪੌਸ਼ਟਿਕ ਤੱਤ ਹੋਣ ਕਾਰਨ ਨਾ ਹੀ ਕੋਈ ਬੀਮਾਰੀ ਲਗਦੀ ਸੀ। ਪਸ਼ੂਆਂ ਨੂੰ ਵੀ ਪਾਣੀ ਇਥੋਂ ਹੀ ਪਿਆਉਂਦੇ ਸੀ ਜੋ ਪਾਣੀ ਹੌਜੀ ਵਿਚ ਹੈ। ਪਸ਼ੂਆਂ ਵਾਸਤੇ ਬਣਾਈ ਪਾਣੀ ਪੀਣ ਵਾਲੀ ਖੇਲ ਵਿਚ ਚਲਾ ਜਾਂਦਾ ਸੀ। ਹਲਟੀ ਹਲਟ ਵਾਂਗ ਹੀ ਹੁੰਦੀ ਸੀ। ਫ਼ਰਕ ਸਿਰਫ਼ ਇੰਨਾ ਸੀ ਹਲਟੀ ਦਾ ਹਰ ਅੰਗ ਹਿੱਸਾ ਹਲਟ ਨਾਲੋਂ ਛੋਟਾ ਹੁੰਦਾ ਸੀ।
ਹਲਟ ਦੋਹਾਂ ਬਲਦਾਂ ਨਾਲ ਗਿੱੜਦਾ ਸੀ ਤੇ ਪਾਣੀ ਸਿੰਚਾਈ ਲਈ ਖੇਤਾਂ ਵਿਚ ਜਾਂਦਾ ਸੀ। ਹਲਟੀ ਦਾ ਪਾਣੀ ਨਹਾਉਣ, ਪੀਣ ਤੇ ਕਪੜੇ ਧੋਣ ਤੇ ਡੰਗਰਾਂ ਦੇ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਖੂਹੀ ਤੇ ਮੇਲਾ ਲੱਗਾ ਰਹਿੰਦਾ ਸੀ। ਪਾਣੀ ਦਾ ਲੈਵਲ ਦੂਰ ਜਾਣ ਕਾਰਨ ਪਾਣੀ ਹੁਣ ਸਰਕਾਰੀ ਜਲ ਘਰਾਂ ਵਿਚੋਂ ਸਪਲਾਈ ਹੁੰਦਾ ਹੈ ਜਾਂ ਲੋਕਾਂ ਨੇ ਘਰਾਂ ਵਿਚ ਸਮਰਸੀਬਲ ਲਗਾ ਲਏ ਹਨ। ਹਲਟੀਆਂ ਵਾਲੀਆਂ ਖੂਹੀਆਂ ਅਲੋਪ ਹੋ ਗਈਆਂ ਹਨ।