
ਫ਼ਾਜ਼ਿਲਕਾ ਅੰਦਰ ਮੁੜ ਤੋਂ ਵਧਣ ਲੱਗੀ ਮਿੱਟੀ ਦੇ ਬਰਤਨਾਂ ਦੀ ਮੰਗ
ਫ਼ਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : ਇਕ ਸਮਾਂ ਸੀ ਜਦੋਂ ਲੋਕ ਆਪਣੇ ਘਰਾਂ ਅੰਦਰ ਮਿੱਟੀ ਦੇ ਬਣੇ ਹੋਏੇ ਭਾਂਡੇ ਵਰਤਦੇ ਸਨ ਅਤੇ ਹੱਥੀ ਕੀਰਤ ਕਰਨ ਨੂੰ ਤਰਜੀਹ ਦਿੰਦੇ ਸਨ ਪਰ ਜਦੋਂ ਇਸ ਮਸ਼ੀਨੀ ਯੁੱਗ ਨੇ ਸਾਡੇ ਸਮਾਜ ਅੰਦਰ ਅਪਣੇ ਪੈਰ ਪਸਾਰੇ ਹਨ ਤਾਂ ਸਾਨੂੰ ਮਸ਼ੀਨੀ ਤੇ ਨਿਰਭਰ ਰਹਿਣ ਲਈ ਮਜ਼ਬੂਰ ਕਰ ਦਿਤਾ ਨਾਲ ਇਸ ਮਸ਼ੀਨੀ ਯੁੱਗ ਨੇ ਸਾਡੇ ਕੋਲੋਂ ਮਿੱਟੀ ਦੇ ਭਾਂਡੇ ਵੀ ਕੋਹਾਂ ਦੂਰ ਕਰ ਕੇ ਬੀਮਾਰੀਆਂ ਦਾ ਵਸ ਪਾ ਦਿਤਾ ਹੈ ਪਰ ਦੂਜੇ ਪਾਸੇ ਫ਼ਾਜ਼ਿਲਕਾ ਅੰਦਰ ਘੁਮਿਆਰਾਂ ਦੇ ਕੁੱਝ ਅਜਿਹੇ ਪਰਵਾਰ ਨੇ ਜੋ ਅੱਜ ਵੀ ਅਪਣੀ ਮਿੱਟੀ ਨਾਲ ਜੁੜੇ ਹੋਏ ਹਨ ਅਤੇ ਮਿੱਟੀ ਦੇ ਭਾਂਡਿਆਂ ਦਾ ਜ਼ਮਾਨਾ ਮੁੜ ਤੋਂ ਲਿਆਉਣ ਲਈ ਸਮਾਜ ਨਾਲ ਦੋ ਚਾਰ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਮਫਲ ਪ੍ਰਜਾਪਤ ਨੇ ਦਸਿਆ ਕਿ ਉਹ ਘੁਮਿਆਰ ਹਨ ਅਤੇ ਪੇਸ਼ੇ ਵਜੋਂ ਮਿੱਟੀ ਦੇ ਬਰਤਨ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਦਾਦੇ ਪੜਦਾਦੇੇ ਵੀ ਇਹ ਕੰਮ ਕਰਦੇ ਸਨ ਅਤੇ ਘੁਮਿਆਰ ਦਾ ਕੰਮ ਉਹ ਵਿਰਾਸਤ ਵਜੋਂ ਅਪਣੀ ਅਗਲੀ ਪੀੜ੍ਹੀ ਦੀ ਝੋਲੀ ਪਾ ਗਏ, ਇਸੇ ਤਰ੍ਹਾਂ ਹੀ ਅੱਜ ਉਹ ਵੀ ਅਪਣੀ ਵਿਰਾਸਤ ਸਾਂਭੀ ਬੈਠੇ ਹਨ। ਉਨ੍ਹਾਂ ਦਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਮੁੜ ਤੋਂ ਮਿੱਟੀ ਦੇ ਬਰਤਨਾਂ ਦੀ ਮੰਗ ਵਧਣ ਲੱਗ ਪਈ ਹੈ ਅਤੇ ਡਾਕਟਰ ਵੀ ਮਿੱਟੀ ਦੇ ਬਰਤਨਾਂ ਦੀ ਸਲਾਹ ਦਿੰਦੇ ਹਨ, ਜਿਸ ਕਰ ਕੇ ਸਾਡਾ ਰੁਜ਼ਗਾਰ ਵੀ ਚੰਗਾ ਚਲਦਾ ਹੈ।
ਘੜਾ ਕਰਦੈ ਫ਼ਰਿੱਜ ਦਾ ਕੰਮ
ਘੁਮਿਆਰ ਨੇ ਦਸਿਆ ਕਿ ਪੁਰਾਣੇ ਸਮੇਂ ਵੇਲੇ ਘੜੇ ਨੂੰ ਫ਼ਰਿੱਜ ਕਿਹਾ ਜਾਂਦਾ ਸੀ ਅਤੇ ਇਹ ਬਰਤਨਾਂ ਦਾ ਰਾਜਾ ਹੁੰਦਾ ਸੀ, ਪਰ ਇਸ ਸਾਇੰਸ ਦੀ ਤਰੱਕੀ ਨੇ ਸਾਥੋ ਅਸਲੀ ਫ਼ਰਿੱਜ ਖੋਹ ਲਈ ਹੈ ਜਿਸ ਤੋਂ ਅੱਜ ਦੀ ਪੀੜ੍ਹੀ ਮੁੱਖ ਮੋੜੀ ਬੈਠੀ ਹੈ। ਉਨ੍ਹਾਂ ਦਸਿਆ ਕਿ ਘੜੇ ਦਾ ਪਾਣੀ ਮਿੱਠਾ ਅਤੇ ਠੰਡਾ ਹੁੰਦਾ ਹੈ ਇਹ ਕਈ ਰੋਗਾਂ ਨੂੰ ਕਟਦਾ ਹੈ ਅਤੇ ਗ਼ਰੀਬਾਂ ਦੇ ਹੱਥ ਦਾ ਬਣਿਆ ਘੜਾ ਅਮੀਰਾਂ ਦੀ ਰਸੋਈ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ।
ਮਿੱਟੀ ਦੀ ਤੌੜੀ ’ਚ ਬਣੇ ਸਾਗ ਦਾ ਹੁੰਦੈ ਵਖਰਾ ਸੁਆਦ
ਤੌੜੀ ਅੰਦਰ ਪਿੰਡ ਦੇ ਲੋਕ ਦਾਲ, ਸਬਜ਼ੀ ਅਤੇ ਸਰੋਂ ਦਾ ਸਾਗ ਬਣਾਉਂਦੇ ਹਨ ਜਿਸ ਦਾ ਸਵਾਦ ਕਈ ਦਹਾਕਿਆਂ ਤਕ ਯਾਦ ਰਹਿੰਦਾ ਹੈ ਅਤੇ ਇਸ ਵਿਚਲੇ ਪੌਸ਼ਟਿਕ ਤੱਤ ਵੀ ਨਸ਼ਟ ਨਹੀਂ ਹੁੰਦੇ, ਜੋ ਸਾਡੇ ਲਈ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ। ਉਨ੍ਹਾਂ ਦਸਿਆ ਕਿ ਸਟੀਲ ਨੇ ਸਾਨੂੰ ਬਿਮਾਰੀਆਂ ਵਸ ਪਾ ਦਿਤਾ ਹੈ ਜੋ ਸਾਡੇ ਲਈ ਬਹੁਤ ਹੀ ਹਾਨੀਕਾਰਕ ਹੈ।
ਡਾਕਟਰਾਂ ਨੇ ਮੁੜ ਮਿੱਟੀ ਦੀ ਹਾਂਡੀ ਨੂੰ ਅਪਣੀ ਥਾਂ ਦਿਵਾਈ
ਪਿੰਡਾਂ ਸ਼ਹਿਰਾਂ ਦੀ ਰਸੋਈ ’ਚ ਇਕ ਵਾਰ ਤਾਂ ਹਾਂਡੀ ਦੀ ਥਾਂ ਪਲਾਸਟਿਕ, ਸਟੀਲ ਨੇ ਕਬਜ਼ਾ ਕਰ ਲਿਆ ਸੀ ਪਰ ਹੁਣ ਵਧ ਰਹਿਆਂ ਬੀਮਾਰੀਆਂ ਦੇ ਚਲਦੇ ਡਾਕਟਰਾਂ ਵਲੋਂ ਮੁੜ ਮਿੱਟੀ ਦੀ ਹਾਂਡੀ ਨੂੰ ਅਪਣੀ ਥਾਂ ਦਿਵਾਈ ਤਾਂ ਲੋਕ ਵੀ ਹਾਂਡੀ ਅੰਦਰ ਦਹੀ ਪਾ ਕੇ ਖਾਂਦੇ ਹਨ ਅਤੇ ਹਾਂਡੀ ਦੀ ਤਾਰੀਫ਼ ਕਰ ਕੇ ਲੋਕਾਂ ਨੂੰ ਚੰਗੀ ਸਲਾਹ ਦਿੰਦੇ ਹਨ।
ਬੜੇ ਉਤਸ਼ਾਹ ਨਾਲ ਮਿੱਟੀ ਦੇ ਭਾਂਡੇ ਲੋਕ ਖਰੀਦ ਰਹੇ ਹਨ ਘੁਮਿਆਰ ਨੇ ਦਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਹੁਣ ਤਾਂ ਕਲਕੱਤਾ, ਗੁਜਰਾਤ ਅਤੇ ਬਿਕਾਨੇਰ ਦੀ ਮਿੱਟੀ ਦੇ ਭਾਂਡੇ ਵੀ ਵਿਕਣ ਲਈ ਆ ਰਹੇ ਹਨ ਤੇ ਲੋਕ ਵੀ ਇਸ ਨੂੰ ਬੜੇ ਉਤਸ਼ਾਹ ਨਾਲ ਖਰੀਦ ਰਹੇ ਹਨ। ਉਨ੍ਹਾਂ ਦਸਿਆ ਕਿ ਸਮਾਜ ਅੰਦਰ ਆਏ ਦਿਨ ਨਾ ਮੁਰਾਦ ਬਿਮਾਰੀਆਂ ਪੈਂਦਾ ਹੋ ਰਹੀਆਂ ਹਨ ਜਿਸ ਦੇ ਚਲਦੇ ਘੁਮਿਆਰਾਂ ਨੇ ਹੁਣ ਹਰ ਤਰ੍ਹਾਂ ਦੇ ਮਿੱਟੀ ਦੇ ਭਾਂਡੇ ਤਿਆਰ ਕਰਨੇ ਸ਼ੁਰੂ ਕਰ ਦਿਤੇ ਜਿਸ ਤਰ੍ਹਾਂ ਕਿ ਮਿੱਟੀ ਦਾ ਤਵਾ, ਜੱਗ, ਸੁਰਾਹੀ, ਕੁੱਕਰ, ਤੌੜੀ, ਪਰਾਤ, ਥਾਂਲੀ, ਕੌਲੀ, ਦੌਰੀ, ਗਲਾਸ ਆਦਿ ਤੋਂ ਇਲਾਵਾ 30 ਹੋਰ ਕਿਸਮਾਂ ਦੇ ਭਾਂਡੇ ਵੇਚੇ ਜਾਂਦੇ ਹਨ। ਜੋ ਸਾਡੀ ਰਸੋਈ ਦਾ ਸ਼ਿੰਗਾਰ ਵੀ ਹਨ।