
ਜੇਕਰ ਪੁਰਾਤਨ ਪੰਜਾਬ ਦੇ ਸਭਿਆਚਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚੋਂ ਹੁਣ ਕਈ ਸ਼ਬਦ ਅਲੋਪ ਹੋ ਚੁੱਕੇ ਹਨ।
Bapu's bed in the hallway Punjab Culture: ਜੇਕਰ ਪੁਰਾਤਨ ਪੰਜਾਬ ਦੇ ਸਭਿਆਚਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚੋਂ ਹੁਣ ਕਈ ਸ਼ਬਦ ਅਲੋਪ ਹੋ ਚੁੱਕੇ ਹਨ। ਨਵੀਂ ਪੀੜ੍ਹੀ ਨੂੰ ਉਨ੍ਹਾਂ ਸ਼ਬਦਾਂ ਦਾ ਗਿਆਨ ਹੀ ਨਹੀਂ, ਕਿਉਂਕਿ ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ। ਜੇਕਰ ਪੁਰਾਣੇ ਸਮਿਆਂ ਦੀ ਗੱਲ ਨਵੀਂ ਪੀੜ੍ਹੀ ਨਾਲ ਕਰਦੇ ਹਾਂ ਤਾਂ ਉਨ੍ਹਾਂ ਨੂੰ ਕਈ ਸ਼ਬਦ ਅਣਸੁਣੇ ਲਗਦੇ ਹਨ, ਜਿਵੇਂ ਕਿ ਆਪਾਂ ਵੇਖਦੇ ਹਾਂ ਕਿ ਫ਼ਿਲਮਾਂ ਵਾਲੇ ਬੜੀ ਮਿਹਨਤ ਨਾਲ ਪੁਰਾਣੇ ਸਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਫ਼ਿਲਮਾਂ ਬਣਾਉਂਦੇ ਹਨ। ਕਈ ਫ਼ਿਲਮਾਂ ਦੇ ਵਿਚ ਦ੍ਰਿਸ਼ ਪੁਰਾਣੇ ਸਮਿਆਂ ਦੇ ਘਰਾਂ ਤੇ ਹਵੇਲੀਆ ਦਿਖਾਉਣ ਦੀ ਕੋਸ਼ਿਸ ਕਰਦੇ ਹਨ। ਜਿਨ੍ਹਾਂ ਸਮਿਆਂ ਵਿਚ ਬਹੁਤੇ ਲੋਕਾਂ ਦੇ ਘਰ ਕੱਚੇ ਹੁੰਦੇ ਸਨ ਪਰ ਲੋਕ ਪੱਕੇ ਤੇ ਬਹੁਤ ਮਿਹਨਤੀ ਹੁੰਦੇ ਸਨ। ਉਹ ਕੱਚਿਆਂ ਘਰਾਂ ਨੂੰ ਵੀ ਬੜਾ ਲਿੰਬ ਪੋਚ ਕੇ ਰੱਖਦੇ ਹੁੰਦੇ ਸੀ, ਖਾਸ ਕਰ ਕੇ ਜਦੋਂ ਦੀਵਾਲੀ ਦਾ ਮੌਕਾ ਆਉਣਾ। ਉਨ੍ਹਾਂ ਦਿਨਾਂ ਵਿਚ ਛੱਪੜਾਂ ਤੇ ਟੋਬਿਆ ਵਿਚੋਂ ਗਾਰਾ ਕੱਢ ਕੇ ਲਿਆਉਣਾ।
ਉਸ ਵਿਚ ਥੋੜ੍ਹਾ ਜਿਹਾ ਨੀਲ ਪਾ ਕੇ ਚੌਕੇ ਚੁੱਲ੍ਹਿਆਂ ਨੂੰ ਪਰੋਲਾ ਫੇਰਨਾ। ਗੋਹੇ ਨੂੰ ਮਿੱਟੀ ਵਿਚ ਮਿਲਾਕੇ ਕੰਧਾਂ ਉਤੇ ਫੇਰਨਾ। ਜਦੋਂ ਉਹ ਸੁੱਕ ਜਾਣੀਆਂ ਫਿਰ ਚਿੱਟੀ ਕਲੀ ਨਾਲ ਘੁੱਗੀਆਂ ਮੋਰ ਬਣਾ ਕੇ ਘਰਾਂ ਨੂੰ ਸਜਾ ਕੇ ਰੱਖਣਾ। ਮਾਵਾਂ ਨੇ ਅਪਣੀਆਂ ਧੀਆਂ ਨੂੰ ਮਿੱਟੀ ਲਾਉਣੀ ਸਿਖਾਉਣੀ, ਚੁੱਲ੍ਹਾ ਬਣਾਉਣਾ ਸਿਖਾਉਣਾ। ਹੋਰ ਵੀ ਘਰ ਦੇ ਨਿੱਕੇ ਮੋਟੇ ਕੰਮ ਸਿਖਾਉਣੇ। ਸੂਈ ਧਾਗੇ ਨਾਲ ਚਾਦਰਾਂ ਉਤੇ ਫੁੱਲ ਬੂਟੀਆਂ ਪਾਉਣ ਦਾ ਵਲ ਸਿਖਾਉਣਾ। ਵਿਆਹ ਤੋਂ ਪਹਿਲਾਂ ਘਰ ਦੇ ਸਾਰੇ ਕੰਮ ਸਿਖਾ ਕੇ ਫਿਰ ਮੰਗਣ ਵਿਆਹੁਣ ਦੀ ਗੱਲ ਸ਼ੁਰੂ ਹੁੰਦੀ ਸੀ। ਧੀਆਂ ਭੈਣਾਂ ਨੂੰ ਵੀ ਕੰਮ ਸਿੱਖਣ ਦਾ ਬੜਾ ਸ਼ੋਂਕ ਹੁੰਦਾ ਸੀ, ਖਾਸ ਕਰ ਕੇ ਪੱਖੀਆਂ ਬਣਾਉਣੀਆਂ ਵੀ ਇਕ ਕਲਾ ਹੁੰਦੀ ਸੀ। ਉਸ ਵਿਚ ਮਹਾਰਤ ਹਾਸਲ ਕਰਨਾ ਕੁੜੀਆਂ ਅਪਣਾ ਮਾਣ ਸਮਝਦੀਆਂ ਸਨ।
ਦੂਜੇ ਪਾਸੇ ਮਾਵਾਂ ਨੂੰ ਇਹ ਹੁੰਦਾ ਸੀ ਕਿ ਕੋਈ ਕੁੜੀ ਦੇ ਸਹੁਰੇ ਘਰ ਦਾ ਜੀਅ ਇਹ ਨਾ ਬੋਲ ਸੱਕੇ ਕਿ ਕੁੜੀ ਕੁਚੱਜੀ ਹੈ, ਇਸ ਦੀ ਮਾਂ ਨੇ ਇਸ ਨੂੰ ਕੋਈ ਕੰਮ ਨਹੀਂ ਸਿਖਾਇਆ। ਇਹ ਵੀ ਇਕ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਸੰਯੁਕਤ ਪਰਿਵਾਰ ਹੁੰਦੇ ਸਨ ਪਰ ਸਾਰੇ ਘਰ ਪਰਿਵਾਰ ਉਤੇ ਬਾਪੂ ਦਾ ਰਾਜ ਹੁੰਦਾ ਸੀ। ਬਾਪੂ ਦੀ ਮਰਜ਼ੀ ਤੋਂ ਘਰ ਵਿਚ ਪੱਤਾ ਵੀ ਨਹੀਂ ਹਿੱਲ ਸਕਦਾ ਸੀ। ਬਾਪੂ ਨੇ ਚਿੱਟਾ ਝੱਗਾ ਤੇ ਚਾਦਰਾ ਬੰਨ੍ਹ ਕੇ ਡਿਉੜੀ ਵਿਚ ਮੰਜਾ ਢਾਹ ਕੇ ਬੈਠੇ ਰਹਿਣਾ। ਚਿੱਟੀ ਪੱਗ ਨੂੰ ਮਾਇਆ ਲਾ ਕੇ ਬੰਨ੍ਹਣੀ। ਡਿਉੜੀ ਇਕ ਤਰ੍ਹਾਂ ਦੀ ਜੇਲ੍ਹ ਦਾ ਦਰਵਾਜ਼ਾ ਹੁੰਦਾ ਸੀ। ਵੈਸੇ ਅੱਜ ਵੀ ਜੇਲ੍ਹਾਂ ਦੇ ਅੰਦਰ ਆਉਣ ਜਾਣ ਲਈ ਡਿਉੜੀ ਹੀ ਵਰਤੀ ਜਾਂਦੀ ਹੈ। ਘਰ ਦੇ ਚਾਰ ਚੁਫੇਰੇ ਉੱਚੀਆਂ ਉੱਚੀਆਂ ਕੰਧਾਂ ਬਣਾਈਆਂ ਹੁੰਦੀਆਂ ਸਨ। ਘਰ ਦੇ ਅੰਦਰ ਬਾਹਰ ਆਉਣ ਜਾਣ ਲਈ ਇਕੋ ਇਕ ਰਾਹ ਹੁੰਦਾ ਸੀ, ਜਿਹੜਾ ਡਿਉੜੀ ਦੇ ਵਿਚੋਂ ਹੀ ਨਿੱਕਲਦਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਬਜ਼ੁਰਗ ਅਪਣੇ ਕੋਲ ਖੁੰਡੇ ਹੀ ਰੱਖਦੇ ਹੁੰਦੇ ਸੀ। ਬਾਪੂ ਦਾ ਖੁੰਡਾ ਵੀ ਲਿਸ਼ਕਾਂ ਮਾਰਦਾ ਹੁੰਦਾ ਸੀ। ਬਾਪੂ ਖੁੰਡਾ ਸਿਰਾਹਣੇ ਰੱਖ ਕੇ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਸੀ, ਜਿਨ੍ਹੇਂ ਵੀ ਘਰ ਆਉਣਾ ਪਹਿਲਾਂ ਬਾਪੂ ਕੋਲ ਆ ਕੇ ਡਿਉੜੀ ਵਿਚ ਬੈਠਦਾ। ਡਿਉੜੀ ਵੀ ਘਰ ਦੀ ਇਕ ਸ਼ਾਨ ਹੁੰਦੀ ਸੀ, ਜਿਸ ਨੂੰ ਸਭ ਤੋਂ ਪਹਿਲਾਂ ਸਜਾਇਆ ਜਾਂਦਾ ਸੀ। ਪਰ ਅੱਜਕਲ ਡਿਉੜੀ ਦੀ ਥਾਂ ਡਰਾਇੰਗ ਰੂਮ ਬਣ ਗਏ ਹਨ। ਬੇਸ਼ਕ ਡਰਾਇੰਗ ਰੂਮ ਵਿਚ ਵੇਖਣ ਵਿਖਾਉਣ ਨੂੰ ਬਹੁਤ ਕੁਝ ਰੱਖਿਆ ਹੁੰਦਾ ਹੈ ਪਰ ਉਹ ਅੱਜ ਵੀ ਡਿਉੜੀ ਦੀ ਰੀਸ ਨਹੀਂ ਕਰ ਸਕਦੇ। ਕੁੜੀਆਂ ਚਿੜ੍ਹੀਆਂ ਨੇ ਖ਼ੁਸ਼ੀ ਵੇਲੇ ਗਿੱਧੇ ਵਿਚ ਬੋਲੀਆਂ ਰਾਹੀਂ ਇਹ ਦਸਣ ਦੀ ਕੋਸ਼ਿਸ਼ ਕਰਨੀ ਕਿ ਸਾਡਾ ਜੀਅ ਤਾਂ ਬਹੁਤ ਕਰਦਾ ਹੈ ਘਰੋਂ ਬਾਹਰ ਆਉਣ ਨੂੰ ਪਰ ਕੀ ਕਰੀਏ ਸਹੇਲੀਉ ਸਖੀਓ... ਬੋਲੀ ਰਾਹੀਂ ਸਭ ਕੁੱਝ ਦਸਣ ਦੀ ਕੋਸ਼ਿਸ਼ ਕਰ ਦੇਣੀ ਕਿ... ਵਿਹੜੇ ਵਿਚ ਬੂਟਾ ਬਾਥੂ ਦਾ, ਡਿਉੜੀ ਵਿੱਚ ਮੰਜਾ ਬਾਪੂ ਦਾ... ਨਾ ਮੈਂ ਆਈ ਆ, ਨਾ ਤੂੰ ਆਈ ਏ...ਇਸ ਤਰ੍ਹਾਂ ਕਹਿਣਾ ਕਿ ਘਰ ਵਿਚ ਬਾਪੂ ਦੀ ਪੂਰੀ ਸਖ਼ਤੀ ਹੈ। ਡਿਉੜੀ ਦੇ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਆਉਣਾ ਜਾਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਸੀ। ਹੁਣ ਨਾ ਕੱਚੇ ਕੋਠੇ ਰਹੇ ਤੇ ਨਾ ਹੀ ਡਿਉੜੀਆਂ। ਡਿਉੜੀਆਂ ਹੁਣ ਡਰਾਇੰਗ ਰੂਮਾਂ ਵਿਚ ਫ਼ੋਟੋ ਬਣ ਕੇ ਕੇ ਕੰਧਾਂ ’ਤੇ ਲਟਕਣ ਜੋਗੀਆਂ ਹੀ ਰਹਿ ਗਈਆਂ ਹਨ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ
ਮੋ. 7589155501