ਆਉਂਦੇ ਕੁਝ ਦਿਨਾਂ ਚੱਲੇਗੀ ਸੀਤ ਲਹਿਰ
Punjab Weather News: ਪਹਾੜੀ ਇਲਾਕਿਆਂ ’ਚ ਹੋ ਰਹੀ ਬਰਫਬਾਰੀ ਤੋਂ ਬਾਅਦ ਜਿੱਥੇ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਦੇ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਉੱਥੇ ਹੀ। ਉਥੇ ਹੀ ਪਹਾੜਾਂ ਤੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਚੱਲਣ ਲੱਗ ਪਈ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਪੰਜਾਬ ਭਰ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਪਵਨੀਤ ਕੌਰ ਕਿੰਗਰਾ ਦੀ ਮੰਨ ਕੇ ਚੱਲਿਆ ਤਾਂ ਆਉਂਦੇ 14 ਦਸੰਬਰ ਤਕ ਪੰਜਾਬ ਭਰ ਵਿਚ ਸੀਤ ਲਹਿਰ ਚੱਲੇਗੀ ਜਿਸ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਪੂਰੇ ਪੰਜਾਬ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ ਗਰਮ ਕੱਪੜੇ ਨਾਲ ਆਪਣੇ ਆਪ ਨੂੰ ਸੀਤ ਲਹਿਰ ਤੋਂ ਬਚਾਉਣ ਦੀ ਅਪੀਲ ਕੀਤੀ ਹੈ ।
ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਸਰਦੀ ਕਾਰਨ ਤਾਪਮਾਨ ਪਿਛਲੇ ਦਿਨੀਂ ਕਾਫੀ ਘੱਟ ਹੋ ਗਿਆ ਹੈ। ਇਸ ਲਈ ਵਡੇਰੀ ਉਮਰ ਅਤੇ ਛੋਟੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਜ਼ੁਰਗ ਅਤੇ ਛੋਟੀ ਉਮਰ ਦੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਠੰਡ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਬਜ਼ੁਰਗਾਂ ਅਤੇ ਦਿਲ ਦੇ ਰੋਗੀਆਂ ਨੂੰ ਸਵੇਰੇ ਅਤੇ ਦੇਰ ਸ਼ਾਮ ਤਕ ਜ਼ਿਆਦਾ ਠੰਡ ’ਚ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਮੌਸਮ ’ਚ ਛੋਟੇ ਬੱਚਿਆਂ ਨੂੰ ਨਿਮੋਨੀਆ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਨਿਮੋਨੀਆ ਤੋਂ ਬਚਾਅ ਲਈ ਸਰਦੀ ਦੇ ਮੌਸਮ ’ਚ ਬੱਚੇ ਦੇ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਗਰਮ ਕੱਪੜੇ ਪਹਿਨਾਉਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਜ਼ਮੀਨ ’ਤੇ ਨੰਗੇ ਪੈਰੀਂ ਨਹੀਂ ਚੱਲਣ ਦੇਣਾ ਚਾਹੀਦਾ। ਇਸ ਸਬੰਧੀ ਹੋਰ ਹਦਾਇਤਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਨਿਮੋਨੀਆ ਤੋਂ ਬਚਣ ਲਈ ਸਾਨੂੰ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ ਤਾਂ ਜੋ ਬੈਕਟੀਰੀਆ ਨੂੰ ਰੋਕਣ ’ਚ ਮਦਦ ਮਿਲ ਸਕੇ।
ਘਰ ਤੋਂ ਬਾਹਰ ਜਾਣ ਸਮੇਂ ਗਰਮ ਮੋਟੀ ਤਹਿ ਵਾਲੇ ਕੱਪੜੇ, ਦਸਤਾਨੇ, ਮਫਲਰ, ਟੋਪੀ ਆਦਿ ਪਾਉਣੀ ਚਾਹੀਦੀ ਹੈ। ਜ਼ਿਆਦਾ ਦੇਰ ਤੱਕ ਘੱਟ ਤਾਪਮਾਨ ’ਚ ਰਹਿਣ ਨਾਲ ਫਰੋਬਾਈਟ ਚਿਲਬਰੇਨ ਹਾਈਪੋਥਰਮੀਆਂ ਜਿਹੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ, ਜਿਸ ਕਾਰਨ ਸਰੀਰ ਠੰਡਾ ਪੈ ਸਕਦਾ ਹੈ, ਕਾਂਬਾ ਲੱਗਦਾ ਹੈ ਅਤੇ ਥਕਾਵਟ, ਜ਼ੁਬਾਨ ਦੀ ਕੰਬਣੀ ਤੋਂ ਇਲਾਵਾ ਸੋਚ-ਸ਼ਕਤੀ ਵੀ ਜਾ ਸਕਦੀ ਹੈ।