
ਟੇਪ ਰਿਕਾਰਡਰ ਵਿਚ ਤਾਂ ਕਈ ਮੇਰੇ ਵਰਗੇ ਜ਼ਿਆਦਾ ਸ਼ੌਂਕੀ ਅਖਾੜਿਆਂ ਤੋਂ ਗਵਈਏ ਦੇ ਗੀਤ ਵੀ ਰਿਕਾਰਡ ਕਰ ਲੈਂਦੇ ਸਨ
ਗੀਤ ਸੰਗੀਤ ਯੁਗਾਂ ਯੁਗਾਂਤਰਾਂ ਤੋਂ ਮਨੁੱਖ ਲਈ ਰੂਹ ਦੀ ਖ਼ੁਰਾਕ ਰਹੀ ਹੈ। ਸਾਡੇ ਪੁਰਖ਼ਿਆਂ ਵੇਲੇ ਦੇ ਗਵਈਏ ਤੂੰਬੀ, ਢੋਲਕ, ਚਿਮਟਾ, ਅਲਗੋਜ਼ੇ, ਢਡ, ਸਾਰੰਗੀ ਘੜਾ ਤੇ ਹੋਰ ਵੀ ਕਈ ਤਰ੍ਹਾਂ ਦੇ ਸਾਜ਼ ਹੱਥੀਂ ਵਜਾਉਂਦੇ ਰਹੇ ਜੋ ਕਿ ਨਵੀਂ ਤਕਨੀਕ ਆਈ ਤੋਂ ਬਾਅਦ ਇਹ ਸਾਜ਼ ਸਿਰਫ਼ ਸਟੇਜਾਂ ਤਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਕੀ ਕਹਿਣੈਂ ਕਿ ਕੋਈ ਇਕ ਦੋ ਵੀਰ ਇਨ੍ਹਾਂ ਨੂੰ ਵਰਤਦੇ ਹੋਣ ਨਹੀਂ ਤਾਂ ਅਜੋਕੇ ਦੌਰ ਵਿਚ ਇਹੋ ਜਿਹੀਆਂ ਔਰਗਿਨਜ਼ ਆ ਗਈਆਂ ਨੇ ਕਿ ਚਿਮਟਾ, ਅਲਗੋਜ਼ੇ, ਢੋਲਕ, ਛੈਣੇ, ਘੜਾ ਸਾਰਿਆਂ ਦੀ ਛੁੱਟੀ ਹੋ ਗਈ ਹੈ। ਔਰਗਿਨਜ਼ ਵਿਚੋਂ ਹੀ ਸਾਰੀਆਂ ਆਵਾਜ਼ਾਂ ਨਿਕਲਦੀਆਂ ਹਨ।
ਉਨ੍ਹਾਂ ਸਮਿਆਂ ਵਿਚ ਛੋਟੇ ਰੇਡੀਉ ਜਾਂ ਟੇਪ ਰਿਕਾਰਡਰ ਹੁੰਦੇ ਸਨ। ਟੇਪ ਰਿਕਾਰਡਰ ਵਿਚ ਤਾਂ ਕਈ ਮੇਰੇ ਵਰਗੇ ਜ਼ਿਆਦਾ ਸ਼ੌਂਕੀ ਅਖਾੜਿਆਂ ਤੋਂ ਗਵਈਏ ਦੇ ਗੀਤ ਵੀ ਰਿਕਾਰਡ ਕਰ ਲੈਂਦੇ ਸਨ ਤੇ ਫਿਰ ਉਨ੍ਹਾਂ ਨੂੰ ਦੇਸੀ ਜੁਗਾੜ ਬਣਾ ਕੇ ਉੱਚੀ ਆਵਾਜ਼ ਵਿਚ ਚਲਾਇਆ ਕਰਦੇ ਸਾਂ, ਉਨ੍ਹਾਂ ਵਿਚ ਸਪੀਕਰ ਛੋਟੇ ਹੁੰਦੇ ਸਨ। ਇਸੇ ਕਰ ਕੇ ਹੀ ਔਰਿਜਨਲ ਸਪੀਕਰਾਂ ਵਿਚੋਂ ਤਾਰਾਂ ਜੋੜ ਕੇ ਵੱਡੇ ਸਪੀਕਰਾਂ ਨਾਲ ਜੋੜ ਲੈਣੀਆਂ ਤੇ ਉਨ੍ਹਾਂ ਨੂੰ ਘੜੇ (ਤੌੜੇ) ਤੇ ਮੂਧੇ ਰੱਖ ਕੇ ਆਵਾਜ਼ ਉੱਚੀ ਕਰ ਲੈਣੀ।
ਜੋ ਅਜੋਕੇ ਸਮਿਆਂ ਵਿਚ ਚਲਦੇ ਡੀ ਜੇ ਤੋਂ ਵੀ ਕਿਤੇ ਵਧੇਰੇ ਸਾਫ਼ ਆਵਾਜ਼ ਤੇ ਥੋੜ੍ਹੀ ਬਹੁਤੀ ਧਮਕ ਵੀ ਦਿਆ ਕਰਦੇ ਸਨ। ਕੋਈ ਜ਼ਿਆਦਾ ਸ਼ੋਰ ਸ਼ਰਾਬਾ ਵੀ ਨਹੀਂ ਸੀ ਹੁੰਦਾ। ਬਿਲਕੁਲ ਸਾਫ਼ ਆਵਾਜ਼ ਨਾਲ ਵਧੀਆ ਸਮਝ ਆਇਆ ਕਰਦੀ ਸੀ ਅਤੇ ਦੂਰ ਤਕ ਸੁਣਿਆਂ ਵੀ ਜਾ ਸਕਦਾ ਸੀ। ਇਸੇ ਨੂੰ ਕਹਿੰਦੇ ਨੇ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ।
ਹੁਣ ਦੇ ਬਦਲੇ ਸਮੇਂ ਵਿਚ ਤਾਂ ਡੀ ਜੇ ਦੇ ਜ਼ਿਆਦਾ ਸ਼ੋਰ ਸ਼ਰਾਬੇ ਤੋਂ ਤਾਂ ਹਰ ਵਰਗ ਦੁਖੀ ਹੋ ਜਾਂਦਾ ਹੈ। ਖ਼ਾਸ ਕਰ ਕੇ ਪੜ੍ਹਾਈ ਦੇ ਦਿਨਾਂ ਵਿਚ ਜਿਨ੍ਹਾਂ ਬੱਚਿਆਂ ਨੇ ਪੇਪਰਾਂ ਦੀ ਤਿਆਰੀ ਕਰਨੀ ਹੁੰਦੀ ਹੈ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਵੈਸੇ ਵੀ ਅਜੋਕੇ ਸਮਿਆਂ ਵਿਚ ਮਾਤਾ ਰਾਣੀ ਦੇ ਦਰਸ਼ਨਾਂ ਨੂੰ ਜਾਂ ਕਿਸੇ ਵੀ ਧਾਰਮਕ ਅਸਥਾਨਾਂ ਦੇ ਦਰਸ਼ਨ ਲਈ ਜਾਣਾ ਹੋਵੇ ਤਾਂ ਇਕ ਖ਼ਾਸ ਕਿਸਮ ਦੀ ਚਹੁ ਪਹੀਆ ਗੱਡੀ ਜਿਸ ਨੂੰ ਚਿੱਟਾ ਹਾਥੀ ਵੀ ਕਿਹਾ ਜਾਂਦਾ ਹੈ ਉਸ ਦੇ ਉਪਰ ਬਹੁਤ ਵੱਡੇ ਵੱਡੇ ਸਪੀਕਰ/ਡੀ ਜੇ ਲਾ ਕੇ ਇਕ ਧਾਰਮਕ ਯਾਤਰਾ ਦੇ ਰੂਪ ਵਾਂਗ ਸਾਰੇ ਸ਼ਹਿਰ ਵਿਚ ਦੀ ਲੈ ਜਾਇਆ ਜਾਂਦਾ ਹੈ।
ਇਹ ਹਰ ਇਕ ਭਗਤ ਦੀ ਆਪੋ ਅਪਣੀ ਨਿਹਚਾ ਭਾਵਨਾ ਹੁੰਦੀ ਹੈ। ਉੁਂਜ ਇਸ ਤਰ੍ਹਾਂ ਕਰਨ ਨਾਲ ਸ਼ਹਿਰ ਵਾਸੀਆਂ ਨੂੰ ਜਾਂ ਰਾਹਗੀਰਾਂ ਨੂੰ ਕਿੰਨੀ ਕੁ ਤਕਲੀਫ਼ ਜਾਂ ਪ੍ਰੇਸ਼ਾਨੀ ਹੁੰਦੀ ਹੈ, ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਾਉਂਦਾ। ਸੋ ਸਮੇਂ ਦੇ ਨਾਲ-ਨਾਲ ਸੱਭ ਕੁੱਝ ਬਦਲ ਰਿਹਾ ਹੈ। ਇਹ ਬਦਲਾਅ ਵੀ ਕੁਦਰਤ ਦਾ ਨੇਮ ਹੈ। ਅਜੋਕੇ ਸਮੇਂ ਵਿਚ ਐਡੇ ਵੱਡੇ ਡੀ ਜੇ ਲਾ ਕੇ ਵੀ ਆਵਾਜ਼ ਘੱਟ ਮਹਿਸੂਸ ਹੁੰਦੀ ਹੈ
ਤੇ ਉਹ ਸਾਡੇ ਸਮਿਆਂ ਭਾਵ ਪੁਰਾਤਨ ਸਮਿਆਂ ਵਿਚ ਘੜੇ ਉੱਤੇ ਸਪੀਕਰ ਮੂਧਾ ਮਾਰ ਕੇ ਰੇਡੀਉ ਵਿਚ ਆਉਣ ਵਾਲੇ ਢਾਈ ਵਾਲੇ ਗੀਤਾਂ ਜਾਂ ਟੇਪ ਰਿਕਾਰਡਰ ਦੇ ਗੀਤਾਂ ਨਾਲ ਹੀ ਨੱਚੀ ਜਾਣਾ ਤੇ ਉਸੇ ਨਾਲ ਹੀ ਸੰਤੁਸ਼ਟੀ ਹੋ ਜਾਇਆ ਕਰਦੀ ਸੀ। ਅਜੋਕੀ ਪੀੜ੍ਹੀ ਤਾਂ ਅਤਿ ਆਧੁਨਿਕ ਡੀ ਜੇ ਦੀ ਆਵਾਜ਼ ਨੂੰ ਵੀ ਘੱਟ ਹੀ ਸਮਝਦੀ ਹੈ ਅਤੇ ਅਸੀਂ ਉਨ੍ਹਾਂ ਪੁਰਾਤਨ ਸਮਿਆਂ ਵਿਚ ਉਸ ਸਮੇਂ ਦੇ ਜੁਗਾੜੂ ਡੀ ਜੇ ਤੇ ਹੀ ਖ਼ੁਸ਼ ਹੋ ਜਾਇਆ ਕਰਦੇ ਸਾਂ।
-ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ।
95691-49556