
ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ ਜੋ ਸਿਖਾਉਂਦਾ ਹੈ ਕਿ ਚੰਗਿਆਈ ਹਮੇਸ਼ਾ ਬੁਰਾਈ ਉੱਤੇ ਜਿੱਤ ਪ੍ਰਾਪਤ ਕਰਦੀ ਹੈ।
Diwali Special Article 2025 in punjabi : ਦੀਵਾਲੀ ਦਾ ਤਿਉਹਾਰ ਰੌਸ਼ਨੀ, ਪਿਆਰ ਅਤੇ ਖ਼ੁਸ਼ੀਆਂ ਦਾ ਪ੍ਰਤੀਕ ਹੈ। ਇਹ ਤਿਉਹਾਰ ਸਿਰਫ਼ ਘਰਾਂ ਨੂੰ ਹੀ ਨਹੀਂ ਸਗੋਂ ਦਿਲਾਂ ਨੂੰ ਵੀ ਚਮਕਾਉਂਦਾ ਹੈ। ਦੀਵਾਲੀ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਦੀਵਾਲੀ ਸਾਡੇ ਲਈ ਮਿਲਾਪ, ਪਿਆਰ ਅਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਲਿਆਉਂਦੀ ਹੈ। ਇਸ ਦਿਨ ਘਰ ਸਜਾਉਣ, ਦੀਵੇ ਜਲਾਉਣ, ਮਠਿਆਈਆਂ ਵੰਡਣ ਦੀ ਪ੍ਰੰਪਰਾ ਹੈ। ਇਸ ਦਿਨ ਬਾਜ਼ਾਰਾਂ ਵਿਚ ਰੌਣਕ ਵੇਖਣ ਵਾਲੀ ਹੁੰਦੀ ਹੈ।
ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ ਜੋ ਸਿਖਾਉਂਦਾ ਹੈ ਕਿ ਚੰਗਿਆਈ ਹਮੇਸ਼ਾ ਬੁਰਾਈ ਉੱਤੇ ਜਿੱਤ ਪ੍ਰਾਪਤ ਕਰਦੀ ਹੈ। ਹਿੰਦੂਆਂ ਇਤਿਹਾਸ ਅਨੁਸਾਰ ਇਸ ਦਿਨ ਭਗਵਾਨ ਰਾਮ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸੀ। ਉਨ੍ਹਾਂ ਨੇ ਰਾਵਣ ਦਾ ਸੰਘਾਰ ਕਰ ਕੇ, ਬੁਰਾਈ ’ਤੇ ਜਿੱਤ ਹਾਸਲ ਕੀਤੀ। ਰਾਮ ਜੀ ਦੇ ਆਉਣ ਦੀ ਖ਼ੁਸ਼ੀ ਵਿਚ ਅਯੋਧਿਆ ਦੇ ਲੋਕਾਂ ਨੇ ਦੀਪਮਾਲਾ ਕੀਤੀ ਅਤੇ ਘਰ ਸਜਾਏ।
ਸਿੱਖਾਂ ਵਲੋਂ ਇਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲੇ੍ਹ ਤੋਂ 52 ਰਾਜਿਆਂ ਨੂੰ ਆਜ਼ਾਦ ਕਰਵਾ ਕੇ ਅੰਮਿ੍ਰਤਸਰ ਵਾਪਸ ਆਏ ਸੀ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਹਰਿਮੰਦਰ ਸਾਹਿਬ ਨੂੰ ਦੀਵਿਆਂ ਨਾਲ ਸਜਾਇਆ ਗਿਆ ਅਤੇ ਸਿੱਖਾਂ ਨੇ ਅਪਣੇ ਘਰਾਂ ਦੇ ਬਨੇਰਿਆ ’ਤੇ ਵੀ ਦੀਪਮਾਲਾ ਕੀਤੀ। ਇਹ ਦਿਨ ਆਜ਼ਾਦੀ, ਨੇਕੀ ਅਤੇ ਇਨਸਾਫ਼ ਦੀ ਜਿੱਤ ਦਾ ਪ੍ਰਤੀਕ ਹੈ।
ਦੀਵਾਲੀ ਦੇ ਦਿਨ ਹਰ ਪਾਸੇ ਖ਼ੁਸ਼ੀ ਦਾ ਮਾਹੌਲ ਹੁੰਦਾ ਹੈ। ਬਾਜ਼ਾਰਾਂ ਵਿਚ ਦੁਕਾਨਾਂ ਮਠਿਆਈਆਂ ਪਟਾਕਿਆਂ ਅਤੇ ਹੋਰ ਸਜਾਵਟੀ ਸਮਾਨ ਨਾਲ ਸੱਜੀਆਂ ਹੁੰਦੀਆਂ ਹਨ। ਲੋਕ ਪਟਾਕੇ ਚਲਾਉਂਦੇ ਹਨ ਅਤੇ ਰਾਤ ਨੂੰ ਆਕਾਸ਼ ਰੰਗ ਬਿਰੰਗੀ ਰੌਸ਼ਨੀ ਨਾਲ ਭਰ ਜਾਂਦਾ ਹੈ। ਪਟਾਕਿਆਂ ਦੀ ਚਮਕ ਨਾਲ ਚਿਹਰਿਆਂ ’ਤੇ ਖ਼ੁਸ਼ੀ ਦੀ ਚਮਕ ਆ ਜਾਂਦੀ ਹੈ। ਇਹ ਸਮਾਂ ਪ੍ਰਵਾਰ ਨਾਲ ਮਿਲ ਕੇ ਖ਼ੁਸ਼ੀਆਂ ਮਨਾਉਣ ਦਾ ਹੁੰਦਾ ਹੈ।
ਤਿਉਹਾਰ ਮਨਾਉਂਦੇ ਸਮੇਂ ਸਾਨੂੰ ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰਖਣਾ ਚਾਹੀਦਾ ਹੈ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ। ਆਉ ਇਸ ਵਾਰ ਦੀਵਾਲੀ ਗਰੀਨ ਪਟਾਕਿਆਂ ਨਾਲ ਮਨਾਈਏ, ਜੋ ਘੱਟ ਧੂੰਆਂ ਤੇ ਸ਼ੋਰ ਕਰਦੇ ਹਨ ਅਤੇ ਧਰਤੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਮਿੱਟੀ ਦੇ ਦੀਵੇ ਖ਼ਰੀਦਣ ਨਾਲ ਨਾ ਕੇਵਲ ਪ੍ਰਦੂਸ਼ਣ ਘਟਦਾ ਹੈ, ਸਗੋਂ ਇਸ ਨਾਲ ਉਨ੍ਹਾਂ ਘੁਮਿਆਰ ਪ੍ਰਵਾਰਾਂ ਦੀ ਆਰਥਕ ਮਦਦ ਵੀ ਹੁੰਦੀ ਹੈ ਜੋ ਇਨ੍ਹਾਂ ਦੀਵਿਆਂ ਨੂੰ ਤਿਆਰ ਕਰਦੇ ਹਨ। ਸਮੇਂ ਦੇ ਬਦਲਣ ਨਾਲ ਲੋਕਾਂ ਦਾ ਝੁਕਾਅ ਬਿਜਲੀ ਵਾਲੀਆਂ ਲਾਈਟਾਂ ਵਲ ਵੱਧ ਗਿਆ ਹੈ, ਪਰ ਮਿੱਟੀ ਦੇ ਦੀਵੇ ਸਾਡੇ ਰਿਵਾਜਾਂ ਤੇ ਸੰਸਕਿ੍ਰਤੀ ਨੂੰ ਵੀ ਜਿਉਂਦਾ ਰਖਦੇ ਹਨ।
ਇਸ ਨਾਲ ਤਿਉਹਾਰ ਦੀ ਰੌਣਕ ਕਾਇਮ ਰਹਿੰਦੀ ਹੈ ਅਤੇ ਹਵਾ ਦਾ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ। ਦੀਵਾਲੀ ਸਿਰਫ਼ ਤਿਉਹਾਰ ਨਹੀਂ, ਸਗੋਂ ਇਕ ਅਵਸਰ ਹੈ ਅਪਣੇ ਮਨ, ਘਰ ਅਤੇ ਸਮਾਜ ਨੂੰ ਚਮਕਾਉਣ ਦਾ। ਅਸਲ ਦੀਵਾਲੀ ਉਹੀ ਹੈ ਜਦੋਂ ਅਸੀਂ ਅਪਣੇ ਅੰਦਰ ਦੀ ਨਫ਼ਰਤ, ਲਾਲਚ, ਝੂਠ ਅਤੇ ਦੁੱਖਾਂ ਦੇ ਹਨੇਰੇ ਨੂੰ ਮਿਟਾ ਕੇ ਰੌਸ਼ਨੀ ਦੀ ਲੋਅ ਜਗਾਉਂਦੇ ਹਾਂ। ਆਉ ਸਿਰਫ਼ ਘਰਾਂ ਨੂੰ ਹੀ ਨਹੀਂ, ਅਪਣੇ ਦਿਲਾਂ ਨੂੰ ਵੀ ਰੌਸ਼ਨ ਕਰੀਏ ਤੇ ਮਿਲਜੁਲ ਕੇ ਇਸ ਤਿਉਹਾਰ ਦਾ ਆਨੰਦ ਮਾਣੀਏ।
ਪਵਨ ਕੁਮਾਰ ਅੱਤਰੀ
ਅਧਿਆਪਕ (ਕਪੂਰਥਲਾ)
ਮੋ 8427791277