ਰੰਗ ਬਿਰੰਗੇ ਖਜੂਰ ਦੇ ਖੱਗਿਆਂ ਅਤੇ ਕਣਕ ਦੇ ਨਾੜ ਤੋਂ ਬਣੀਆਂ ਹੋਈਆਂ ਇਹ ਵਸਤਾਂ ਰਸੋਈ ਘਰ ਨੂੰ ਹੋਰ ਵੀ ਚਾਰ ਚੰਨ ਲਾਉਂਦੀਆਂ ਸਨ
ਕੋਈ ਸਮਾਂ ਹੁੰਦਾ ਸੀ ਜਦੋਂ ਰਸੋਈ ਦਾ ਸ਼ਿੰਗਾਰ ਚੰਗੇਰਾਂ ਅਤੇ ਸਰਪੋਸ਼ ਹੁੰਦੇ ਸਨ। ਰੰਗ ਬਿਰੰਗੇ ਖਜੂਰ ਦੇ ਖੱਗਿਆਂ ਅਤੇ ਕਣਕ ਦੇ ਨਾੜ ਤੋਂ ਬਣੀਆਂ ਹੋਈਆਂ ਇਹ ਵਸਤਾਂ ਰਸੋਈ ਘਰ ਨੂੰ ਹੋਰ ਵੀ ਚਾਰ ਚੰਨ ਲਾਉਂਦੀਆਂ ਸਨ। ਕਈ ਵਾਰ ਕਣਕ ਦਾ ਨਾੜ ਨਾ ਮਿਲਣ ਤੇ ਸਰ, ਕਾਈ ਦੇ ਬੂਟਿਆਂ ਦੀ ਵੀ ਵਰਤੋਂ ਕਰ ਲਈ ਜਾਂਦੀ ਸੀ। ਨਵਵਿਆਹੀਆਂ ਕੁੜੀਆਂ ਅਪਣੇ ਦਾਜ ਵਿਚ ਅਪਣੇ ਹੱਥੀ ਵੱਖ-ਵੱਖ ਨਮੂਨੇ ਪਾ ਕੇ ਬਣਾਈਆਂ ਇਨ੍ਹਾਂ ਚੀਜ਼ਾਂ ਨੂੰ ਬੜੇ ਚਾਵਾਂ ਨਾਲ ਦਿਖਾਉਂਦੀਆਂ ਪਰ ਜਿਵੇਂ ਹੀ ਸਟੀਲ ਦੇ ਭਾਂਡਿਆਂ ਦੀ ਆਮਦ ਹੋਈ ਉਦੋਂ ਤੋਂ ਹੀ ਹੌਲੀ-ਹੌਲੀ ਇਹ ਖੱਗਿਆਂ ਤੋਂ ਬਣਨ ਵਾਲੀਆਂ ਸੱਭ ਚੀਜ਼ਾਂ ਰਸੋਈ ਘਰਾਂ ਵਿਚੋਂ ਅਲੋਪ ਹੋ ਗਈਆਂ। ਹਾਲੇ ਵੀ ਕੁੱਝ ਪਿੰਡ ਵਿਚ ਖੱਗਿਆਂ ਨਾਲ ਬਣਨ ਵਾਲੀਆਂ ਇਨ੍ਹਾਂ ਚੀਜ਼ਾਂ ਨੂੰ ਕਈ ਬੀਬੀਆਂ ਅਪਣੇ ਹੱਥੀਂ ਤਿਆਰ ਕਰ ਕੇ ਇਸ ਕਲਾ ਨੂੰ ਸਾਂਭੀ ਬੈਠੀਆਂ ਹਨ।
ਇਸੇ ਤਰ੍ਹਾਂ ਹੀ ਕਈਆਂ ਪਿੰਡਾਂ ਵਿਚ ਕੁੱਝ ਬਜ਼ੁਰਗ ਬੀਬੀਆਂ ਖੱਗਿਆਂ ਤੋਂ ਚੰਗੇਰਾਂ, ਸਰਪੋਸ਼, ਛਿੱਕੂ ਆਦਿ ਤਿਆਰ ਕਰ ਕੇ ਅਤੇ ਇਨ੍ਹਾਂ ਨੂੰ ਵੇਚ ਕੇ ਅਪਣੇ ਘਰ ਦਾ ਖ਼ਰਚਾ ਚਲਾ ਰਹੀਆਂ ਹਨ। ਦਰਅਸਲ ਇਨ੍ਹਾਂ ਨੂੰ ਤਿਆਰ ਕਰਨ ਲਈ ਸੱਭ ਤੋਂ ਪਹਿਲਾਂ ਖਜੂਰ ਦੇ ਖੱਗਿਆਂ ਨੂੰ ਲਾਹ ਕੇ ਸੁਕਾਇਆ ਜਾਂਦਾ ਹੈ ਫਿਰ ਉਨ੍ਹਾਂ ਨੂੰ ਅਪਣੀ ਮਰਜ਼ੀ ਮੁਤਾਬਕ ਵੱਖ-ਵੱਖ ਰੰਗਾਂ ਨਾਲ ਰੰਗ ਕੇ ਅਪਣੇ ਮਨਚਾਹੇ ਨਮੂਨਿਆਂ ਦੀਆਂ ਚੰਗੇਰਾਂ, ਛਿੱਕੂ, ਸਰਪੋਸ਼ ਅਤੇ ਹੋਰ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸਨ। ਸਰਪੋਸ਼ ਪਕਾਈਆਂ ਹੋਈਆਂ ਰੋਟੀਆਂ ਨੂੰ ਰੱਖਣ ਲਈ ਵਰਤਿਆ ਜਾਂਦਾ ਸੀ। ਇਸ ਦਾ ਸਾਈਜ਼ ਪ੍ਰਵਾਰ ਦੇ ਜੀਆਂ ਮੁਤਾਬਕ ਵੱਡਾ ਛੋਟਾ ਹੁੰਦਾ ਸੀ। ਇਕ ਗੋਲ ਬੌਕਸ ਬਣਾ ਕੇ ਉਸ ਉਪਰ ਬਹੁਤ ਸੋਹਣਾ ਇਕ ਢੱਕਣ ਲਗਾਇਆ ਜਾਂਦਾ ਸੀ ਅਤੇ ਕਿਸੇ ਕਪੜੇ ਵਿਚ ਰੋਟੀਆਂ ਨੂੰ ਲਪੇਟ ਕੇ ਉਸ ਵਿਚ ਰੱਖੀਆਂ ਜਾਂਦੀਆਂ ਸਨ ਜੋ ਕਿ ਦੁਪਹਿਰ ਵੇਲੇ ਖਾਣ ਦੇ ਸਮੇਂ ਵੀ ਬਹੁਤ ਨਰਮ ਰਹਿੰਦੀਆਂ ਸਨ।
ਖੇਤ ਕੰਮ ਕਰਦੇ ਬੰਦਿਆਂ ਦੀ ਰੋਟੀ ਲੈ ਕੇ ਜਾਣ ਸਮੇਂ ਵੀ ਸਰਪੋਸ ਨੂੰ ਵਰਤ ਲਿਆ ਜਾਂਦਾ ਸੀ। ਇਸੇ ਤਰ੍ਹਾਂ ਹੀ ਚੰਗੇਰਾ ਦੇ ਵੀ ਸਾਈਜ਼ ਅਪਣੀ ਲੋੜ ਮੁਤਾਬਕ ਹੀ ਬਣਾਏ ਜਾਂਦੇ ਸਨ। ਛੋਟੀ ਚੰਗੇਰ ਰੋਟੀ ਖਾਣ ਵੇਲੇ ਵਰਤ ਜਾਂਦੀ ਸੀ ਅਤੇ ਵੱਡੀਆਂ ਚੰਗੇਰਾਂ ਨੂੰ ਪਰਾਤ ਵਿਚ ਗੁੰਨੇ੍ਹ ਹੋਏ ਆਟੇ ਦੇਣ ਲਈ ਵਰਤਿਆ ਜਾਂਦਾ ਸੀ। ਇਕ ਛੋਟੇ ਸਾਈਜ਼ ਦਾ ਛਿੱਕੂ ਚਰਖਾ ਕੱਤਣ ਵਾਲੀਆਂ ਔਰਤਾਂ ਅਪਣੇ ਕੋਲ ਰਖਦੀਆਂ ਸਨ ਅਤੇ ਵੱਡੇ ਸਾਈਜ਼ ਵਾਲਾ ਛਿੱਕੂ ਵਿਆਹ ਅਤੇ ਹੋਰ ਖ਼ੁਸ਼ੀ ਦੇ ਮੌਕੇ ਭਾਜੀ ਵੰਡਣ ਵੇਲੇ ਵਰਤੋਂ ਵਿਚ ਲਿਆਂਦਾ ਜਾਂਦਾ ਸੀ। ਬੇਸ਼ਕ ਲੋਕ ਅਪਣੇ ਆਪ ਨੂੰ ਮਾਡਰਨ ਸਮਝ ਹੌਲੀ-ਹੌਲੀ ਇਨ੍ਹਾਂ ਹੱਥਾਂ ਨਾਲ ਬਣੀਆ ਹੋਈਆਂ ਚੀਜ਼ਾਂ ਤੋਂ ਕਿਨਾਰਾ ਕਰੀ ਜਾ ਰਹੇ ਹਨ ਪਰ ਫਿਰ ਵੀ ਕੱੁਝ ਲੋਕ ਹਾਲੇ ਵੀ ਸੜਕ ਕਿਨਾਰੇ ਵਿਕਦੀਆਂ ਇਨ੍ਹਾਂ ਚੀਜ਼ਾਂ ਨੂੰ ਬੜੇ ਚਾਅ ਨਾਲ ਖ਼ਰੀਦਦੇ ਹਨ।
ਕੁੱਝ ਵਿਦੇਸ਼ਾਂ ਤੋਂ ਆਏ ਵੀਰ ਤਾਂ ਇਨ੍ਹਾਂ ਖੰਗੇਆ ਤੋਂ ਬਣੀਆਂ ਰੋਜ਼ ਕੰਮ ਆਉਣ ਵਾਲੀਆਂ ਇਨ੍ਹਾਂ ਚੀਜ਼ਾਂ ਨੂੰ ਅਪਣੇ ਨਾਲ ਵਿਦੇਸ਼ ਵੀ ਲੈ ਕੇ ਜਾਂਦੇ ਹਨ। ਕੱੁਝ ਵੀ ਹੋਵੇ ਅਪਣੇ ਸਭਿਆਚਾਰ ਦਾ ਮੋਹ ਕਦੇ ਵੀ ਨਹੀਂ ਮਰਨ ਦੇਣਾ ਚਾਹੀਦਾ ਅਤੇ ਅਪਣੇ ਬੱਚਿਆਂ ਨੂੰ ਵੀ ਸਮੇਂ-ਸਮੇਂ ’ਤੇ ਇਨ੍ਹਾਂ ਵਿਰਾਸਤੀ ਚੀਜ਼ਾਂ ਬਾਰੇ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ।
-ਹਰਭਿੰਦਰ ਸਿੰਘ ਸੰਧੂ ਮੋ. 9781081888
