ਕਈ ਬੱਚੇ ਬਚਪਨ ਵਿਚ ਕੈਲਸ਼ੀਅਮ,ਆਇਰਨ ਤੇ ਖ਼ੂਨ ਦੀ ਕਮੀ ਕਾਰਨ ਮਿੱਟੀ, ਪੈਨਸਿਲ, ਚਾਕ, ਸਲੇਟੀਆਂ ਖਾਣ ਲੱਗ ਪੈਂਦੇ ਹਨ ਜਿਸ ਨਾਲ ਅਨੇਕਾਂ ਪੇਟ ਦੀਆਂ ਬੀਮਾਰੀਆਂ ...
ਮੁਹਾਲੀ : ਮੈਂ ਉਸ ਜ਼ਮਾਨੇ ਦੀ ਗੱਲ ਕਰ ਰਿਹਾ ਹਾਂ ਜਦੋਂ ਪਿੰਡਾਂ ਵਿਚ ਪ੍ਰਇਮਰੀ ਸਰਕਾਰੀ ਸਕੂਲ ਸਨ। ਹੁਣ ਵਾਂਗ ਮਹਿੰਗੇ ਮਹਿੰਗੇ ਕੌਨਵਟ ਸਕੂਲ ਨਹੀਂ ਹੁੰਦੇ ਸਨ। ਸਕੂਲ ਵਿਚ ਸਿਰਫ਼ ਟਕਾ ਜਾਂ ਆਨਾ ਚੰਦਾ ਹੁੰਦਾ ਸੀ। ਸਕੂਲ ਜਾਣ ਤੋਂ ਪਹਿਲਾ ਪੋਸ਼ਟਿਕ ਭੋਜਨ ਖੁਆ, ਠੰਢ ਢੱਕਣ ਲਈ ਜੁਲਾਹੇ ਦੀ ਬਣੀ ਸੂਤੀ ਖੇਸੀ ਨਾਲ ਬੀਜੀ ਸਾਡਾ ਸਾਰਾ ਸਰੀਰ ਢੱਕ ਦਿੰਦੇ ਸੀ। ਰਾਤ ਨੂੰ ਸੌਣ ਲਗਿਆਂ ਆਯੁਰਵੈਦਿਕ ਦਾ ਦਸ਼ਮੂਲਾ ਰਿਸ਼ਟ ਟੋਨਿਕ ਸਾਨੂੰ ਪਿਆ ਦਿੰਦੇ ਸੀ ਤਾਂ ਜੋ ਕੋਈ ਮੌਸਮੀ ਬੀਮਾਰੀ ਨਾ ਲੱਗੇ ਜਿਸ ਤਰ੍ਹਾਂ ਕੋਰੋਨਾ ਕਾਲ ਵਿਚ ਚਾਈਨੀ ਫ਼ੂਡ ਖਾ ਰਹੇ ਲੋਕ ਸ਼ਿਕਾਰ ਹੋਏ। ਦੁੱਧ, ਦਹੀ, ਮੱਖਣ, ਪੋਸ਼ਟਿਕ ਸਬਜ਼ੀਆਂ ਖਾਣ ਵਾਲੇ ਅੱਜ ਦੀ ਤਰੀਕ ਵਿਚ ਵੀ ਰਿਸ਼ਟ ਪੁਸ਼ਟ ਰਹੇ। ਮਾਸਟਰ ਬੜੇ ਸਖ਼ਤ ਹੁੰਦੇ ਸਨ ਤੇ ਮਨ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਸਨ ਜੋ ਬੱਚਾ ਪੜ੍ਹਦਾ ਨਹੀਂ ਸੀ ਕੁੱਟਦੇ ਵੀ ਸਨ, ਨਾ ਹੀ ਕੋਈ ਉਲਾਹਮਾ ਦਿੰਦਾ ਸੀ, ਪਾੜ੍ਹੇ ਉਚੀ ਉਚੀ ਬੋਲ ਕੇ ਪੜ੍ਹਾਉਂਦੇ ਸਨ ਜੋ ਅਸੀਂ ਤੋਤੇ ਵਾਂਗ ਰੱਟੇ ਹੁੰਦੇ ਸਨ। ਉਨ੍ਹਾਂ ਦੀ ਕੁੱਟ ਤੇ ਪੜ੍ਹਾਉਣ ਦੇ ਤਰੀਕੇ ਨਾਲ ਹੀ ਉਸ ਵੇਲੇ ਦੇ ਪੜ੍ਹੇ ਬੱਚੇ ਆਈਐਸ, ਆਈਏਐਸ, ਪੀਸੀਐਸ ਬਣੇ ਹਨ। ਬਾਲ ਸਭਾ ਬੱਚਿਆਂ ਦੇ ਮਨੋਰੰਜਨ ਲਈ ਸਨਿਚਰਵਾਰ ਲਗਦੀ ਸੀ ਜੋ ਅਧਿਆਪਕ ਅਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਇਤਿਹਾਸ ਦੀਆਂ ਰਚਨਾਵਾਂ ਲਿਖ ਬੱਚਿਆਂ ਰਾਹੀਂ ਚਾਨਣਾ ਪਾਉਂਦਂ ਸੀ ਜਿਸ ਨਾਲ ਇਤਿਹਾਸ ਦੀ ਜਾਣਕਾਰੀ ਮਿਲਦੀ ਸੀ।
ਮੈਂ ਗੱਲ ਸਲੇਟ ਤੇ ਸਲੇਟੀ ਦੀ ਕਰ ਰਿਹਾ ਹਾਂ ਜਿਸ ਉਪਰ ਮਾਸਟਰ ਜੀ ਸਕੂਲ ਦਾ ਕੰਮ ਕਰਵਾਉਂਦੇ ਸਨ। ਬੱਚੇ ਸਲੇਟ ’ਤੇ ਸਵਾਲ, ਪਹਾੜੇ, ਗਿਣਤੀ, 35 ਅੱਖਰ ਪੰਜਾਬੀ ਦੇ, 100 ਦੀ ਗਿਣਤੀ ਬੜੇ ਵਧੀਆ ਤਰੀਕੇ ਨਾਲ ਸੁੰਦਰ ਲਿਖਾਈ ਕਰ ਸਲੇਟੀ ਨਾਲ ਲਿਖ ਲੈਂਦੇ ਸਨ। ਸਲੇਟੀ ਫਿੱਕੇ ਰੰਗ ਦਾ ਫਿੱਕਾ, ਨੀਲਾ ਚਾਕ ਜਾਂ ਮਿੱਟੀ ਦੀ ਉਹ ਪੈਨਸਿਲ ਜਿਸ ਨਾਲ ਬੱਚੇ ਸਲੇਟ ਉਪਰ ਲਿਖਦੇ ਸਨ। ਫੱਟੀ ਤੇ ਸਲੇਟ ਤੇ ਲਿਖੇ ਅੱਖਰਾਂ ਨੂੰ ਬੱਚੇ ਛੇਤੀ ਯਾਦ ਕਰ ਲੈਂਦੇ ਸਨ। ਅਧਿਆਪਕਾਂ ਵਲੋਂ ਵਧੀਆ ਲਿਖਾਈ ਵਾਲੇ ਬੱਚੇ ਨੂੰ ਸਾਬਾਸ਼ ਵੈਰੀ ਗੁਡ ਦਿਤੀ ਜਾਂਦੀ ਸੀ ਜਿਸ ਨਾਲ ਬੱਚਿਆਂ ਵਿਚ ਵਧੀਆ ਲਿਖਾਈ ਲਿਖਣ ਦੀ ਭਾਵਨਾ ਪੈਦਾ ਹੁੰਦੀ ਸੀ। ਸਲੇਟ ਦੇ ਉਪਰ ਕਪੜੇ ਦਾ ਭੂੰਜਾ ਬਣਿਆ ਹੁੰਦਾ ਸੀ ਜੋ ਸਲੇਟ ਤੇ ਕੰਮ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਦਿਖਾ ਕੀਤਾ ਹੋਇਆ ਕੰਮ ਭੂੰਜੇ ਨਾਲ ਸਾਫ਼ ਕਰ ਲਿਆ ਜਾਂਦਾ ਸੀ। ਸਲੇਟ ’ਤੇ ਵਾਰ ਵਾਰ ਪ੍ਰੈਕਟਿਸ ਕਰ ਲਿਖਾਈ ਕਰਨ ਨਾਲ ਲਿਖਾਈ ਬੜੀ ਵਧੀਆ ਤੇ ਸੁੰਦਰ ਹੁੰਦੀ ਸੀ। ਹੁਣ ਦੇ ਬੱਚੇ ਸ਼ੁਰੂ ਵਿਚ ਹੀ ਪੈਨਾਂ ਨਾਲ ਲਿਖਦੇ ਹਨ ਜਿਸ ਕਾਰਨ ਉਨ੍ਹਾਂ ਦੀ ਲਿਖਾਈ ਸੁੰਦਰ ਨਹੀਂ ਬਣਦੀ। ਸ਼ੁਰੂ ਵਿਚ ਜੇ ਬੱਚਿਆਂ ਨੂੰ ਸਲੇਟਾਂ ਤੇ ਸਲੇਟੀ ਰਾਹੀਂ ਪ੍ਰੈਕਟਿਸ ਕਰਵਾਈ ਜਾਵੇ ਲਿਖਾਈ ਸੁੰਦਰ ਬਣ ਸਕਦੀ ਹੈ।
ਕਈ ਬੱਚੇ ਬਚਪਨ ਵਿਚ ਕੈਲਸ਼ੀਅਮ,ਆਇਰਨ ਤੇ ਖ਼ੂਨ ਦੀ ਕਮੀ ਕਾਰਨ ਮਿੱਟੀ, ਪੈਨਸਿਲ, ਚਾਕ, ਸਲੇਟੀਆਂ ਖਾਣ ਲੱਗ ਪੈਂਦੇ ਹਨ ਜਿਸ ਨਾਲ ਅਨੇਕਾਂ ਪੇਟ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਭੁੱਖ ਵੀ ਘੱਟ ਲਗਦੀ ਹੈ। ਮੂੰਹ ਵਿਚ ਜ਼ਖ਼ਮ, ਮਾਨਸਕ ਵਿਕਾਸ ਘੱਟ ਹੁੰਦਾ ਹੈ। ਸਰੀਰ ਵਿਚ ਕਮਜ਼ੋਰੀ ਹੋ ਜਾਂਦੀ ਹੈ। ਗੁਰਦਿਆਂ ਵਿਚ ਪੱਥਰੀ ਹੋ ਜਾਂਦੀ ਹੈ। ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਬੱਚਿਆਂ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ। ਮੈਨੂੰ ਯਾਦ ਹੈ ਸਾਡੇ ਬੀਜੀ ਨੇ ਸਾਰੇ ਬੱਚਿਆਂ ਨੂੰ ਬੋਰੀ ਜਾਂ ਕਪੜੇ ਦਾ ਬਸਤਾ ਸਕੂਲ ਦਾ ਸਵਾ ਕੇ ਦਿਤਾ ਹੁੰਦਾ ਸੀ। ਤਿੜ੍ਹੇ ਬੱਚੇ ਕੋਲ ਫੁੱਲਾਂ ਵਾਲਾ ਝੋਲਾ ਹੁੰਦਾ ਸੀ ਜਿਸ ਵਿਚ ਸਿਰਫ਼ ਅਸੀਂ ਫੱਟੀ, ਸਲੇਟ, ਸਲੇਟੀ ਕੈਦਾ, ਦਵਾਤ, ਕਲਮ, ਪੈਨਸਿਲ ਪਾਉਂਦੇ ਸੀ। ਹੁਣ ਇਨ੍ਹਾਂ ਬਸਤਿਆਂ ਦੀ ਥਾਂ ਵਧੀਆ ਵਧੀਆ ਸਕੂਲੀ ਬੈਗ ਆ ਗਏ ਹਨ। ਬਸਤਾ ਤੂੜੀ ਵਾਂਗ ਕਿਤਾਬਾਂ ਨਾਲ ਭਰਿਆ ਹੁੰਦਾ ਹੈ। ਓਨਾ ਬੱਚੇ ਦਾ ਭਾਰ ਨਹੀਂ ਜਿੰਨਾ ਬਸਤੇ ਦਾ ਭਾਰ ਹੁੰਦਾ ਹੈ।
ਫੱਟੀ, ਕਲਮ, ਦਵਾਤ ਦੀ ਥਾਂ ਕਾਪੀਆਂ, ਕਿਤਾਬਾਂ ਨੇ ਲੈ ਲਈ ਹੈ। ਨਾ ਹੀ ਬੱਚਿਆਂ ਨੂੰ ਪੈਂਤੀ ਅੱਖਰਾਂ ਦੀ ਪੂਰੀ ਗਿਣਤੀ ਆਉਂਦੀਂ ਹੈ ਨਾ ਹੀ 100 ਦੀ ਗਿਣਤੀ ਪੂਰੀ ਆਉਂਦੀ ਹੈ, ਪਹਾੜੇ ਤਾਂ ਕੀ ਆਉਣੇ ਹਨ। ਕਿੰਨਾ ਮਜ਼ਾ ਆਉਂਦਾ ਸੀ। ਕਾਸ਼ ਉਹ ਦਿਨ ਫਿਰ ਆ ਜਾਣ ਅਸੀਂ ਰਲ ਮਿਲ ਸਲੇਟ ਤੇ ਪਹਾੜੇੇ ਲਿਖ ਉਚੀ ਉਚੀ ਪੜ੍ਹੀਏ ਜਿਸ ਤੋਂ ਹੁਣ ਦੀ ਨੌਜਵਾਨ ਪੀੜ੍ਹੀ ਬਿਲਕੁਲ ਅਣਜਾਣ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੁਲਿਸ 9878600221