ਕੰਪਨੀ ਮਾਲਕਾਂ ਵੱਲੋਂ ਚੋਰੀ ਦੇ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ
ਸੁਲਤਾਨਪੁਰ ਲੋਧੀ : ਘਰ ਦੇ ਚੁੱਲ੍ਹੇ ਦੀ ਲੌ ਜਗਾਈ ਰੱਖਣ ਦੇ ਸੁਪਨੇ ਨਾਲ ਸਾਊਦੀ ਅਰਬ ਗਏ ਕਪੂਰਥਲਾ ਜਿਲ੍ਹੇ ਦੇ ਨੌਜਵਾਨ ਅਕਸ਼ੈ ਕੁਮਾਰ (ਬਦਲਿਆ ਹੋਇਆ ਨਾਂ) ਨੂੰ ਉੱਥੇ ਦੇ ਕੰਪਨੀ ਮਾਲਕਾਂ ਵੱਲੋਂ ਚੋਰੀ ਦੇ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਸਵਾ ਤਿੰਨ ਸਾਲਾਂ ਤੱਕ ਚੱਲੀ ਕਾਲਕੋਠੜੀ ਦੀ ਕੈਦ ਤੋਂ ਬਾਅਦ ਅਖ਼ਿਰਕਾਰ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਆਪਣੇ ਪਰਿਵਾਰ ਵਿੱਚ ਵਾਪਸ ਆ ਗਿਆ ਹੈ।
ਅਕਸ਼ੈ ਕੁਮਾਰ ਨੇ ਦੱਸਿਆ ਕਿ ਉਸ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਉਸ ‘ਤੇ ਕਿਹੜੀ ਚੀਜ਼ ਦੀ ਚੋਰੀ ਦਾ ਇਲਜ਼ਾਮ ਲਾਇਆ ਗਿਆ ਸੀ। ਉਸਨੇ ਕਿਹਾ ਕਿ ਸਾਊਦੀ ਅਰਬ ਦੀਆਂ ਜੇਲ੍ਹਾਂ ਵਿੱਚ ਅਨੇਕਾਂ ਭਾਰਤੀ ਨੌਜਵਾਨ ਉਸੇ ਦੀ ਤਰ੍ਹਾਂ ਝੂਠੇ ਦੋਸ਼ਾਂ ਕਾਰਣ ਸਾਲਾਂ ਤੋਂ ਕੈਦ ਭੁਗਤ ਰਹੇ ਹਨ। ਅਕਸ਼ੈ ਨੇ ਦੱਸਿਆ ਕਿ ਜਦੋਂ ਉਸਨੂੰ ਵੀ ਸਜ਼ਾ ਪੂਰੀ ਹੋਣ ਤੋਂ 2 ਸਾਲ ਤੱਕ ਜੇਲ੍ਹ ਵਿੱਚ ਰੱਖਿਆ ਗਿਆਂ ਤਾਂ ਉਸਨੇ ਉਮੀਦ ਛੱਡ ਦਿੱਤੀ ਸੀ ਕਿ ਉਹ ਹੁਣ ਕਦੇਂ ਜੇਲ੍ਹ ਦੀਆਂ ਉਚੀਆਂ ਦੀਵਾਰਾਂ ਤੋਂ ਪਾਰ ਦੀ ਜਿੰਦਗੀ ਦੇਖ ਸਕੇਗਾ।
ਪਿਛੇ ਰਹਿੰਦੀ ਪਤਨੀ ਨੂੰ ਤਾਂ ਅੱਠ ਮਹੀਨਿਆਂ ਤੱਕ ਇਹ ਵੀ ਪਤਾ ਨਹੀਂ ਸੀ ਲੱਗਾ ਕਿ ਉਸ ਦਾ ਪਤੀ ਕਿੱਥੇ ਹੈ.? ਉਸ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਅਕਸ਼ੈ ਕਈ ਸਾਲਾਂ ਤੋਂ ਸਾਊਦੀ ਵਿੱਚ ਡਰਇਵਰ ਦਾ ਕੰਮ ਕਰਦਾ ਸੀ। ਸਾਲ 2022 ਦੌਰਾਨ ਉਹਨਾਂ 2 ਮਹੀਨੇ ਦੀ ਛੁੱਟੀ ਤੇ ਆਇਆ ਸੀ ਪਰ ਉਸਦੇ ਦੁਬਾਰਾ ਸਾਊਦੀ ਅਰਬ ਵਾਪਸ ਜਾਣ ਤੋਂ ਬਾਅਦ ਉਹਨਾਂ ਦਾ ਅੱਠ ਮਹੀਨਿਆਂ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਸੀ। ਬਾਅਦ ਵਿੱਚ 25 ਅਗਸਤ 2023 ਨੂੰ ਉਸਨੇ ਸੰਤ ਸੀਚੇਵਾਲ ਦੇ ਦਫ਼ਤਰ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ ਅਤੇ ਪਤਾ ਲੱਗਾ ਕਿ ਅਕਸ਼ੈ ਕੁਮਾਰ ਚੋਰੀ ਦੇ ਕੇਸ ਵਿੱਚ 10 ਮਹੀਨਿਆਂ ਦੀ ਸਜ਼ਾ ਕੱਟ ਰਿਹਾ ਹੈ।
ਉਸਨੇ ਕਿਹਾ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਕੰਪਨੀ ਵੱਲੋਂ ਉਸਦੀ ਰਿਹਾਈ ਲਈ 31 ਹਜ਼ਾਰ ਰਿਆਲ (ਲਗਭਗ ਸਵਾ ਸੱਤ ਲੱਖ ਰੁਪਏ) ਦੀ ਮੰਗ ਕੀਤੀ ਗਈ, ਜੋ ਪਰਿਵਾਰ ਦੀ ਸਮਰੱਥਾ ਤੋਂ ਬਾਹਰ ਸੀ। ਵਿੱਤੀ ਤੰਗੀ ਕਾਰਣ ਪਰਿਵਾਰ ਬਹੁਤ ਕਠਿਨ ਹਾਲਾਤਾਂ ‘ਚ ਜੀ ਰਿਹਾ ਸੀ ਅਤੇ ਬੇਟੀ-ਬੇਟਿਆਂ ਦੀ ਪੜ੍ਹਾਈ ਤੱਕ ਪ੍ਰਭਾਵਿਤ ਹੋ ਗਈ ਸੀ। ਜਿਸਤੋਂ ਬਾਅਦ ਉਹਨਾਂ ਮੁੜ ਤੋਂ ਸੰਤ ਸੀਚੇਵਾਲ ਪਾਸੋਂ ਮਦੱਦ ਦੀ ਗੁਹਾਰ ਲਗਾਈ ਸੀ। ਜਿਹਨਾਂ ਦੀ ਸਹਾਇਤਾ ਸਦਕਾ ਬਿਨਾਂ ਇੱਕ ਪੈਸੇ ਦਿੱਤਿਆ ਉਸਦਾ ਪਤੀ ਸਹੀ ਸਲਾਮਤ ਵਾਪਿਸ ਪਰਤ ਆਇਆ।
ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਦੀਆਂ ਕਈ ਕੰਪਨੀਆਂ ਵੱਲੋਂ ਭਾਰਤੀਆਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਚੋਰੀ ਦੇ ਝੂਠੇ ਕੇਸਾਂ ਵਿੱਚ ਫਸਾ ਕੇ ਨਿਰਦੋਸ਼ ਉਹਨਾਂ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਦਾ ਨਿਪਟਾਰਾ ਤੇਜ਼ੀ ਨਾਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ੋਸ਼ਣ ਨੂੰ ਰੋਕਣ ਲਈ ਸਰਕਾਰੀ ਪੱਧਰ ‘ਤੇ ਮਜ਼ਬੂਤ ਨੀਤੀ ਬਣਾਉਣ ਦੀ ਲੋੜ ਹੈ, ਤਾਂ ਜੋ ਵਿਦੇਸ਼ਾਂ ਵਿੱਚ ਰੁੱਲ ਰਹੇ ਭਾਰਤੀ ਨਾਗਰਿਕਾਂ ਨੂੰ ਇਨਸਾਫ ਮਿਲ ਸਕੇ। ਜ਼ਿਕਰਯੋਗ ਹੈ ਕਿ ਉਨ੍ਹਾਂ ਕੋਲ ਵਿਦੇਸ਼ਾਂ ਵਿੱਚ ਚੋਰੀ ਦੇ ਇਲਜ਼ਾਮਾਂ ਵਿੱਚ ਸਜ਼ਾ ਕੱਟਣ ਵਾਲਿਆਂ ਦੇ ਸਭ ਤੋਂ ਵੱਧ ਕੇਸ ਆਉਂਦੇ ਹਨ, ਕੁਝ ਮਹੀਨੇ ਪਹਿਲਾਂ ਹੀ ਉਹਨਾਂ ਵੱਲੋਂ ਇੱਕ ਹੋਰ ਭਾਰਤੀ ਦੀ ਵੀ ਏਸੇ ਤਰ੍ਹਾਂ ਦੀ ਸੁਰੱਖਿਅਤ ਵਾਪਸੀ ਕਰਵਾਈ ਗਈ ਸੀ।
