
ਸਾਨੂੰ ਅਪਣੇ ਕੰਮ ਦੀ ਥਾਂ ’ਤੇ ਕੁੱਝ ਚੰਗੀਆਂ ਆਦਤਾਂ ਨੂੰ ਪ੍ਰਫ਼ੁੱਲਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਸੰਭਵ ਹੋ ਸਕੇ।
ਦਿਲ ਦੀਆਂ ਬੀਮਾਰੀਆਂ ਦੁਨੀਆਂ ਭਰ ਵਿਚ ਮੌਤ ਦੀ ਅਹਿਮ ਵਜ੍ਹਾ ਹਨ। ਇਕ ਤੱਥ ਇਹ ਹੈ ਕਿ ਦਿਲ ਦੀ ਬੀਮਾਰੀ ਕਾਰਨ ਹੋਣ ਵਾਲੀਆਂ 80 ਫ਼ੀ ਸਦੀ ਮੌਤਾਂ ਨੂੰ ਅਸੀ ਰੋਕ ਸਕਦੇ ਹਾਂ, ਬਸ ਸਾਨੂੰ ਇੰਨਾ ਕਰਨਾ ਪਵੇਗਾ ਕਿ ਖ਼ਤਰਾ ਪੈਦਾ ਕਰਨ ਵਾਲੇ ਕਾਰਨਾਂ ਨੂੰ ਕਾਬੂ ਕੀਤਾ ਜਾਵੇ, ਜਿਵੇਂ ਤਮਾਕੂ ਦਾ ਸੇਵਨ ਬੰਦ ਕਰਨਾ, ਸਿਹਤ ਲਈ ਹਾਨੀਕਾਰਕ ਚੀਜ਼ਾਂ ਤੋਂ ਪ੍ਰਹੇਜ਼ ਅਤੇ ਇਕ ਥਾਂ ਜ਼ਿਆਦਾ ਦੇਰ ਤਕ ਬੈਠੇ ਰਹਿਣ ਤੋਂ ਮੁਕਤੀ ਆਦਿ। ਇਕ ਦਿਨ ਵਿਚ ਅਸੀਂ ਜੋ ਸਮਾਂ ਜਾਗ ਕੇ ਗੁਜ਼ਾਰਦੇ ਹਾਂ, ਉਸ ਦਾ 60 ਫ਼ੀ ਸਦੀ ਹਿੱਸਾ ਸਾਡਾ ਦਫ਼ਤਰ ਆਫ਼ਿਸ ਵਿਚ ਕੰਮ ਕਰਦਿਆਂ ਲੰਘਦਾ ਹੈ।
ਇਸ ਲਈ ਸਾਨੂੰ ਅਪਣੇ ਕੰਮ ਦੀ ਥਾਂ ’ਤੇ ਕੁੱਝ ਚੰਗੀਆਂ ਆਦਤਾਂ ਨੂੰ ਪ੍ਰਫ਼ੁੱਲਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਸੰਭਵ ਹੋ ਸਕੇ। ਹਰ ਸਾਲ ਸਕ੍ਰੀਨਿੰਗ ਹੋਣ ਨਾਲ ਦਿਲ ਦੇ ਰੋਗਾਂ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਕੈਲੇਸਟਰੋਲ ਦਾ ਦਿਲ ਦੀ ਪ੍ਰਣਾਲੀ ’ਤੇ ਬੁਰਾ ਅਸਰ ਪੈਂਦਾ ਹੈ। ਨਿਯਮਤ ਜਾਂਚ ਰਾਹੀਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਕਦੋਂ ਕਿਹੜਾ ਕਦਮ ਉਠਾਉਣਾ ਹੈ? ਇਸ ਤਰ੍ਹਾਂ ਦਿਲ ਦੇ ਰੋਗਾਂ ਦੀ ਸਫ਼ਲਤਾ ਪੂਰਵਕ ਰੋਕਥਾਮ ਕਰਨ ਵਿਚ ਮਦਦ ਮਿਲਦੀ ਹੈ।
ਖੇਡਾਂ ਖੇਡਣੀਆਂ ਹੈ ਚੰਗਾ ਬਦਲ: ਬ੍ਰੇਕ ਦੌਰਾਨ ਮੁਲਾਜ਼ਮਾਂ ਨੂੰ ਕਸਰਤ ਕਰਨ ਲਈ ਉਤਸ਼ਾਹਤ ਕਰੋ। ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਹਰ 6 ਮਹੀਨਿਆਂ ਵਿਚ ਖੇਡ ਮੁਕਾਬਲੇ ਕਰਵਾਏ ਜਿਵੇਂ ਕ੍ਰਿਕਟ, ਟੈਨਿਸ ਜਾਂ ਮੈਰਾਥਨ। ਇਸ ਨਾਲ ਮੁਲਾਜ਼ਮਾਂ ਨੂੰ ਸਰੀਰਕ ਪੱਖੋਂ ਸਰਗਰਮ ਰਹਿਣ ਦੀ ਪ੍ਰੇਰਣਾ ਮਿਲਦੀ ਹੈ ਅਤੇ ਉਨ੍ਹਾਂ ਵਿਚ ਟੀਮ ਭਾਵਨਾ ਵੀ ਜਾਗ੍ਰਿਤ ਹੁੰਦੀ ਹੈ।
ਦੁਪਹਿਰ ਦੇ ਖਾਣੇ ਵਿਚ ਫ਼ਾਈਬਰ ਸ਼ਾਮਲ ਕਰੋ: ਬਾਹਰ ਖਾਣ ਦੀ ਬਜਾਏ ਘਰੋਂ ਅਪਣਾ ਖਾਣਾ ਲੈ ਕੇ ਆਉ। ਭੋਜਨ ਵਿਚ ਫ਼ਾਈਬਰ ਦੀ ਭਰਪੂਰ ਮਾਤਰਾ ਹੋਣ ਨਾਲ ਤੁਹਾਡੀ ਖ਼ੁਰਾਕ ਵਿਚੋਂ ਕੈਲੋਰੀ ਘਟੇਗੀ ਅਤੇ ਇਹ ਤੁਹਾਡੇ ਪੇਟ ਲਈ ਵਧੀਆ ਹੈ। ਹਰ ਰੋਜ਼ ਅਪਣੀ ਖ਼ੁਰਾਕ ਵਿਚ 10 ਗ੍ਰਾਮ ਫ਼ਾਈਬਰ ਸ਼ਾਮਲ ਕਰਨ ਨਾਲ ਤੁਸੀਂ ਦਿਲ ਦੇ ਮਰਜ਼ ਦਾ ਖ਼ਤਰਾ 17 ਫ਼ੀ ਸਦੀ ਤਕ ਘੱਟ ਕਰ ਸਕਦੇ ਹੋ।
ਹਮੇਸ਼ਾ ਤੁਰਦੇ ਫਿਰਦੇ ਰਹੋ: ਖਾਣਾ ਖਾਣ ਤੋਂ ਬਾਅਦ ਆਰਾਮ ਨਾਲ ਚਹਿਲਕਦਮੀ ਕਰੋ। ਲਿਫ਼ਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕਰੋ। ਬਸ ਸਟੈਂਡ ਤੋਂ ਘਰ ਜਾਂ ਆਫ਼ਿਸ ਦੀ ਦੂਰੀ ਜ਼ਿਆਦਾ ਨਾ ਹੋਵੇ ਤਾਂ ਥੋੜ੍ਹਾ ਪਹਿਲਾਂ ਹੀ ਉਤਰ ਕੇ ਪੈਦਲ ਚਲ ਕੇ ਜਾਉ।