
ਅਜਕਲ ਵਿਆਹ ਸਮਾਗਮ ਮੈਰਿਜ
ਪੈਲੇਸਾਂ ਵਿਚ ਹੋਣ ਦਾ ਰਿਵਾਜ ਬਣ ਗਿਆ ਹੈ ਜਿਥੇ ਵਿਆਹ ਸਬੰਧੀ ਦਿਨਾਂ ਦਾ ਕੰਮ ਘੰਟਿਆਂ
ਵਿਚ ਨਿਬੇੜ ਦਿਤਾ ਜਾਂਦਾ ਹੈ। ਅਜੋਕੇ ਸਮੇਂ ਵਿਚ ਵਿਆਹ ਨਾਲ ਜੁੜੀਆਂ ਕਈ ਰਸਮਾਂ ਘੱਟ
ਸਮੇਂ ਦੀ ਭੇਟ ਚੜ੍ਹਣ ਕਾਰਨ ਅਲੋਪ ਹੋ ਗਈਆਂ ਹਨ। ਹੁਣ ਬਰਾਤ ਬਹੁਤ ਥੋੜਾ ਸਮਾਂ ਠਹਿਰਦੀ
ਹੈ। ਭਾਂਤ-ਭਾਂਤ ਦੇ ਮਹਿੰਗੇ ਸਵਾਦਲੇ ਪਕਵਾਨ ਪਰੋਸੇ ਜਾਂਦੇ ਹਨ। ਸ਼ਰਾਬ ਦੇ ਨਸ਼ੇ ਵਿਚ
ਲਲਚਾਈਆਂ ਨਜ਼ਰਾਂ ਲਈ ਸ਼ਬਾਬ ਦੀ ਪੇਸ਼ਕਾਰੀ ਕਰਦਾ ਅਸ਼ਲੀਲਤਾ ਭਰਿਆ ਨਾਚ-ਗਾਣਾ ਪਰੋਸਿਆ ਜਾਂਦਾ
ਹੈ। ਅਜਿਹੇ ਮੌਕੇ 'ਤੇ ਅਕਸਰ ਹੀ ਸਾਦਗੀ ਭਰੇ ਪੁਰਾਣੇ ਵਿਆਹਾਂ ਦੀ ਯਾਦ ਆ ਜਾਂਦੀ ਹੈ।
ਪੁਰਾਣੇ
ਬਜ਼ੁਰਗਾਂ ਕੋਲੋਂ ਨਿੱਕੇ ਹੁੰਦੇ ਅਕਸਰ ਹੀ ਸੁਣਦੇ ਰਹੇ ਹਾਂ ਕਿ ਪਹਿਲਾਂ ਵਿਆਹਾਂ ਦੇ ਤਾਂ
ਰੰਗ ਹੀ ਹੋਰ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਵਿਆਹਾਂ ਦਾ ਮਾਹੌਲ ਅਤੇ ਨਜ਼ਾਰਾ ਕੁੱਝ
ਵਖਰਾ ਹੀ ਹੁੰਦਾ ਸੀ। ਉਦੋਂ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਵਧੇਰੇ ਤੇ ਕਮਾਈ ਦੇ
ਸਾਧਨ ਸੀਮਤ ਹੁੰਦੇ ਸਨ। ਹਾੜ੍ਹੀ-ਸਾਉਣੀ ਵੇਚ-ਵੱਟ ਕੇ ਵਿਆਹ ਦੇ ਕਾਰਜ ਕੀਤੇ ਜਾਂਦੇ।
ਸੇਪੀ ਦਾ ਰਿਵਾਜ ਹੋਣ ਕਾਰਨ ਲੋਕ ਇਕ ਦੂਜੇ 'ਤੇ ਨਿਰਭਰ ਹੁੰਦੇ। ਲੋਕਾਂ ਦੀ ਆਰਥਕ ਸਥਿਤੀ
ਬਹੁਤ ਵਧੀਆ ਨਹੀਂ ਸੀ ਹੁੰਦੀ। ਇਸੇ ਲਈ ਵਿਆਹ ਸਮਾਗਮ ਨੂੰ ਸਮਾਂ ਪਾ ਕੇ ਪੂਰਿਆ ਜਾਂਦਾ
ਸੀ। ਰਿਸ਼ਤੇ ਦੀ ਦੱਸ ਪੈਣ 'ਤੇ ਪਹਿਲਾ ਖ਼ਾਨਦਾਨ ਬਾਰੇ, ਕੰਮਕਾਰਾਂ ਬਾਰੇ ਪੜਤਾਲ ਕੀਤੀ
ਜਾਂਦੀ ਫਿਰ ਕੱਚੀ ਰੋਕ ਹੁੰਦੀ। ਤਿੰਨ-ਚਾਰ ਮਹੀਨੇ ਮਗਰੋਂ ਰੋਕਣਾ ਹੁੰਦਾ। ਫਿਰ ਮੰਗਣਾ
ਕੀਤਾ ਜਾਂਦਾ, ਫ਼ਿਰ ਦੋ-ਤਿੰਨ ਸਾਲ ਮਗਰੋਂ ਵਿਆਹ ਧਰਿਆ ਜਾਂਦਾ ਤੇ ਸਾਲ ਦੋ ਸਾਲ ਮਗਰੋਂ
ਮੁਕਲਾਵਾ ਦਿਤਾ ਜਾਂਦਾ।
ਉਨ੍ਹਾਂ ਸਮਿਆਂ ਵਿਚ ਵਿਆਹ ਤੋਂ ਪਹਿਲਾਂ ਮੰਗਣਾ ਕਰਨ ਦਾ
ਰਿਵਾਜ ਹੁੰਦਾ ਸੀ, ਜਿਸ ਦੀਆਂ ਰੌਣਕਾਂ ਦੋ ਤਿੰਨ ਦਿਨਾਂ ਤਕ ਰਹਿੰਦੀਆਂ। ਜਦ ਮੁੰਡੇ-ਕੁੜੀ
ਦੇ ਰਿਸ਼ਤੇ ਲਈ ਸਾਰੇ ਪ੍ਰਵਾਰਕ ਮੈਂਬਰ ਸਹਿਮਤ ਹੋ ਜਾਂਦੇ ਸੀ ਤਾਂ ਮੰਗਣਾ ਕੀਤਾ ਜਾਂਦਾ
ਸੀ। ਕੁੜੀ ਦੇ ਪ੍ਰਵਾਰ ਵਾਲੇ ਮੁੰਡੇ ਦੇ ਘਰ ਸ਼ਗਨ ਲੈ ਕੇ ਜਾਂਦੇ ਸੀ। ਪ੍ਰਵਾਰ ਦਾ ਮੁਖੀ
ਮੁੰਡੇ ਨੂੰ ਹਲਦੀ-ਚੌਲਾਂ ਦਾ ਤਿਲਕ ਲਗਾ ਕੇ, ਇਕ ਚਾਂਦੀ ਦਾ ਰੁਪਈਆ ਝੋਲੀ ਪਾ ਕੇ ਗੁੜ ਦੀ
ਰੋੜੀ ਮੁੰਡੇ ਦੇ ਮੂੰਹ 'ਚ ਪਾ ਕੇ ਸ਼ਗਨ ਕਰਦਾ ਸੀ। ਇਸ ਮੌਕੇ ਪਿੰਡ ਦੇ ਲੋਕ, ਰਿਸ਼ਤੇਦਾਰ
ਇਕੱਠੇ ਹੋਏ ਹੁੰਦੇ। ਮੁੰਡੇ ਦੀਆਂ ਭੈਣਾਂ ਸ਼ਗਨਾਂ ਦੇ ਗੀਤ ਤੇ ਦੋਹੇ ਗਾਉਂਦੀਆਂ। ਮੰਗਣਾ
ਹੋਣ ਮਗਰੋਂ ਪਿੰਡ ਦੇ ਪਤਵੰਤਿਆਂ ਨੂੰ ਚਾਹ-ਪਾਣੀ ਪਿਆਇਆ ਜਾਂਦਾ ਤੇ ਜਾਣ ਸਮੇਂ ਸ਼ੱਕਰ ਦੀ
ਮੁੱਠੀ ਦਿਤੀ ਜਾਂਦੀ। ਬਾਅਦ ਵਿਚ ਸ਼ੱਕਰ ਦੀ ਥਾਂ ਪਤਾਸੇ ਦੇਣ ਦਾ ਰਿਵਾਜ ਬਣ ਗਿਆ।
ਰਿਸ਼ਤਾ
ਹੋਣ ਸਮੇਂ ਮੁੰਡੇ-ਕੁੜੀਆਂ ਇਕ-ਦੂਜੇ ਨੂੰ ਨਹੀਂ ਸੀ ਵੇਖਦੇ। ਜਿਹੋ ਜਿਹਾ ਮਾਪੇ ਵਰ ਲੱਭ
ਦਿੰਦੇ ਸੀ, ਉਹੀ ਪ੍ਰਵਾਨ ਹੁੰਦਾ ਸੀ। ਫ਼ੋਟੋਗ੍ਰਾਫ਼ੀ ਦਾ ਦੌਰ ਵੀ ਨਹੀਂ ਸੀ ਆਇਆ। ਜੇ
ਮੁੰਡਾ ਵਿਆਹ ਤੋਂ ਪਹਿਲਾਂ ਕਿਸੇ ਬਹਾਨੇ ਸਹੁਰੇ ਪਿੰਡ ਗੇੜਾ ਮਾਰਨ ਜਾਂਦਾ ਤਾਂ ਪਤਾ ਲੱਗਣ
'ਤੇ ਪ੍ਰਵਾਰ ਦੇ ਬਜ਼ੁਰਗ ਇਤਰਾਜ਼ ਕਰਦੇ। ਕੁਆਰੀਆਂ ਕੁੜੀਆਂ ਗੱਲ 'ਚ ਚੁੰਨੀ ਪਾ ਕੇ
ਰਖਦੀਆਂ ਜਦਕਿ ਪਿੰਡ ਦੀਆਂ ਨੂੰਹਾਂ ਸਿਰ 'ਤੇ ਚੁੰਨੀ ਅਤੇ ਵੱਡਿਆਂ ਤੋਂ ਘੁੰਡ ਕਢਦੀਆਂ।
ਸਿਆਣਾ ਬੰਦਾ ਜਦੋਂ ਘਰ ਆਉਂਦਾ ਤਾਂ ਦਰਵਾਜ਼ੇ ਵੜਦਿਆਂ ਹੀ ਖੁੰਘੂਰਾ ਮਾਰਦਾ ਤਾਕਿ ਨੰਗੇ
ਮੂੰਹ ਬੈਠੀਆਂ ਨੂੰਹਾਂ ਪੱਲਾ ਕਰ ਲੈਣ।
ਵਿਆਹ ਤੋਂ ਸਵਾ ਮਹੀਨਾ ਪਹਿਲਾਂ ਵਿਚੋਲੇ
ਰਾਹੀਂ ਵਿਆਹ ਦੀ ਚਿੱਠੀ ਭੇਜੀ ਜਾਂਦੀ ਜਿਸ ਉਪਰੰਤ ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ
ਸ਼ੁਰੂ ਹੋ ਜਾਂਦੀਆਂ। ਪਿੰਡ ਦਾ ਰਾਜਾ (ਨਾਈ) ਵਿਆਹ ਦੀ ਚਿੱਠੀ ਲੈ ਕੇ ਸਾਕ-ਸ਼ਰੀਕੇ ਵਿਚ
ਜਾਂਦਾ। ਪ੍ਰਵਾਰ ਦੇ ਨਵੇਂ ਕਪੜੇ ਸਿਉਣ ਲਈ ਘਰੇਂ ਦਰਜ਼ੀ ਬਿਠਾਇਆ ਜਾਂਦਾ, ਜੋ ਸਾਰੇ
ਪ੍ਰਵਾਰ ਤੇ ਸ਼ਰੀਕੇ ਵਾਲਿਆਂ ਦੇ ਨਵੇਂ ਕਪੜੇ ਸਿਊਂਦਾ। ਪਿੰਡ ਦਾ ਤਰਖਾਣ ਭਾਈਚਾਰਾ ਵਿਆਹ
ਵਾਲੇ ਘਰ ਹਲਵਾਈ ਲਈ ਲੱਕੜਾਂ ਪਾੜਨ ਦਾ ਕੰਮ ਕਰਦਾ। ਦਸ ਦਿਨ ਪਹਿਲਾਂ ਹੀ ਹਲਵਾਈ ਅਪਣੀਆਂ
ਭੱਠੀਆਂ ਤੇ ਕੜਾਹੇ ਖੁਰਚਣੇ ਲੈ ਕੇ ਵਿਆਹ ਵਾਲੇ ਘਰੇ ਰੌਣਕਾਂ ਲਗਾ ਲੈਂਦਾ ਸੀ। ਰੰਗ ਰੋਗਨ
ਦੀ ਥਾਂ ਸਾਰੇ ਘਰ 'ਚ ਪਾਂਡੂ ਮਿੱਟੀ ਦੀ ਤਲੀ ਫੇਰ ਕੇ ਕੰਧਾਂ-ਕਧੋਲੀਆਂ 'ਤੇ ਤੋਤੇ, ਮੋਰ
ਘੁੱਗੀਆਂ ਦੇ ਚਿੱਤਰ ਬਣਾਉਣ ਦਾ ਰਿਵਾਜ ਹੁੰਦਾ ਸੀ। ਵਿਆਹ ਵਾਲੇ ਦਿਨ ਘਰ 'ਚ
ਰੰਗ-ਬਿਰੰਗੇ ਕਾਗ਼ਜ਼ ਦੀਆਂ ਝੰਡੀਆਂ ਜੋੜ ਕੇ ਬਣਾਈਆਂ ਤੇ ਲੜੀਆਂ ਬੰਨ੍ਹੀਆਂ ਜਾਂਦੀਆਂ।
ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ ਮੇਲ-ਗੇਲ ਦੇ ਪੈਣ-ਬੈਠਣ ਨੂੰ ਪਿੰਡ ਵਿਚੋਂ
ਘਰੋਂ-ਘਰੀਂ ਮੰਜੇ-ਬਿਸਤਰੇ ਇਕੱਠੇ ਕੀਤੇ ਜਾਂਦੇ। ਉਦੋਂ ਘਰ ਕੱਚੇ ਹੁੰਦੇ ਸੀ। ਵਿਆਹ ਤੋਂ
ਕੁੱਝ ਦਿਨ ਪਹਿਲਾਂ ਵਿਆਹ ਨੂੰ ਹੱਥ ਲਾਇਆ ਜਾਂਦਾ, ਚੱਕੀ ਫੇਰ ਕੇ ਗ਼ੱਲਾ ਪਾਇਆ ਜਾਂਦਾ ਸੀ।
ਵਿਆਹੁਲੇ ਮੁੰਡੇ ਜਾਂ ਕੁੜੀ ਦੇ ਖੰਮ੍ਹਣੀ ਬੰਨ੍ਹਣ ਦੀ ਰਸਮ ਕੀਤੀ ਜਾਂਦੀ। ਸ਼ਗਨਾਂ ਦੇ
ਗੀਤ, ਘੋੜੀਆਂ, ਸੁਹਾਗ ਗਾਏ ਜਾਂਦੇ।
ਵਿਆਹਾਂ ਵਿਚ ਨਿਉਂਦੇ ਦੀ ਰਸਮ ਅਹਿਮ ਹੁੰਦੀ
ਸੀ। ਵਿਆਹ ਸਮਾਗਮ ਸਮੇਂ ਰਿਸ਼ਤੇਦਾਰ ਤੇ ਪ੍ਰਵਾਰ ਦੇ ਨੇੜਲੇ ਮਿੱਤਰ ਅਪਣੀ ਪਹੁੰਚ ਮੁਤਾਬਕ
ਪੈਸੇ ਆਦਿ ਨਾਲ ਘਰ ਦੇ ਮੁਖੀ ਦੀ ਮਦਦ ਕਰਦੇ। ਪਿੰਡ ਦਾ ਸ਼ਾਹੂਕਾਰ ਇਕ ਵਹੀ 'ਚ ਇਹ ਮਦਦ
ਦਰਜ ਕਰਦਾ। ਇਸ ਨੂੰ ਨਿਉਂਦਾ ਕਹਿੰਦੇ।
ਵਿਆਹ ਵਿਚ ਨਾਨਕਿਆਂ ਦੀ ਪੂਰੀ ਬੱਲੇ-ਬੱਲੇ
ਹੁੰਦੀ ਸੀ। ਪਿੰਡ ਦੀ ਜੂਹ ਅੰਦਰ ਵੜਦਿਆਂ ਹੀ ਨਾਨਕਾ-ਮੇਲ ਸ਼ਗਨਾਂ ਦੇ ਗੀਤ ਅਤੇ ਦੋਹੇ
ਲਾਉਂਦਾ ਵਿਆਹ ਵਾਲਿਆਂ ਦੇ ਘਰ ਤਕ ਆਉਂਦਾ। ਘਰ ਆਉਣ 'ਤੇ ਲਾਗੀ ਤੇਲ ਚੋਂਦਾ ਤੇ ਝੋਲੀ
ਲੱਡੂ ਤੇ ਸ਼ਗਨ ਪਾ ਕੇ ਨਾਨਕਿਆਂ ਨੂੰ ਜੀ ਆਇਆਂ ਕਿਹਾ ਜਾਂਦਾ। 'ਨਾਨਕੀ ਛੱਕ' ਪੂਰਨ ਕਰ ਕੇ
ਨਾਨਕਿਆਂ ਦੀ ਵਿਆਹ ਵਿਚ ਪੂਰੀ ਚਹਿਲ-ਪਹਿਲ ਹੁੰਦੀ। ਰਾਤ ਨੂੰ ਨਾਨਕਾ ਪ੍ਰਵਾਰ ਦੀਆਂ
ਮੇਲਣਾਂ ਵਲੋਂ ਘੱਗਰੇ ਪਾ ਕੇ ਸਾਰੇ ਪਿੰਡ ਵਿਚ ਜਾਗੋ ਕੱਢੀ ਜਾਂਦੀ। ਦੇਰ ਰਾਤ ਤਕ
ਗਿੱਧਾ ਪੈਂਦਾ ਰਹਿੰਦਾ। ਜਦੋਂ ਨਾਨਕਿਆਂ ਵਲੋਂ ਛੱਜ ਕੁੱਟਿਆ ਜਾਂਦਾ ਫਿਰ ਕਿਤੇ ਜਾ ਕੇ
ਗਿੱਧੇ ਦੀ ਸਮਾਪਤੀ ਕੀਤੀ ਜਾਂਦੀ।
ਵਿਆਂਦੜ ਦੇ ਚਿਹਰੇ 'ਤੇ ਨਿਖਾਰ ਅਤੇ ਖ਼ੂਬਸੂਰਤੀ
ਲਿਆਉਣ ਲਈ ਵਟਣਾ ਲਾਉਣ ਦਾ ਰਿਵਾਜ ਸੀ। ਵਟਣਾ ਲਾਉਣ ਸਮੇਂ ਨੈਣ ਆਂਢ-ਗੁਆਂਢ ਤੇ ਸ਼ਰੀਕੇ
ਵਾਲਿਆਂ ਨੂੰ ਸੱਦਾ ਦੇ ਕੇ ਆਉਂਦੀ। ਸਾਰੇ ਇਕੱਠੇ ਹੋ ਕੇ ਵਿਆਂਦੜ ਕੁੜੀ ਜਾਂ ਮੁੰਡੇ ਨੂੰ
ਚੌਂਕੇ 'ਤੇ ਬਿਠਾਉਂਦੇ। ਨੈਣ ਗਾਨਾ ਬੰਨ੍ਹ ਦੀ ਫਿਰ ਬਾਕੀ ਰਿਸ਼ਤੇਦਾਰਾਂ ਨੂੰ ਵੀ ਗਾਨਾ
ਬੰਨ੍ਹਿਆ ਜਾਂਦਾ। ਚਾਰ ਮੇਲਣਾ ਸਿਰ 'ਤੇ ਫੁਲਕਾਰੀ ਤਾਣ ਕੇ ਖੜ ਜਾਂਦੀਆਂ। ਸਾਰੇ ਜਣੇ
ਵਾਰੀ-ਵਾਰੀ ਵਿਆਂਦੜ ਨੂੰ ਵਟਣਾ ਮਲਦੇ ਤਾਕਿ ਵਿਆਂਦੜ ਨੂੰ ਵੱਧ ਤੋਂ ਵੱਧ ਰੂਪ ਚੜ੍ਹੇ।
ਭੈਣਾਂ
ਅਪਣੇ ਵੀਰ ਦੇ ਮੱਥੇ 'ਤੇ ਸਿਹਰਾ ਤੇ ਕਲਗੀ ਸਜਾ ਕੇ ਸ਼ਗਨਾਂ ਦੇ ਗੀਤ ਤੇ ਘੋੜੀਆਂ
ਗਾਉਂਦੀਆਂ। ਉਨ੍ਹਾਂ ਸਮਿਆਂ ਵਿਚ ਬਰਾਤ ਊਠਾਂ, ਘੋੜੀਆਂ ਤੇ ਗੱਡਿਆਂ 'ਤੇ ਜਾਂਦੀ ਸੀ।
ਲਾੜਾ ਰੱਥ ਗੱਡੀ 'ਤੇ ਜਾਂਦਾ ਸੀ। 1970 ਤੋਂ ਬਾਅਦ ਬਰਾਤਾਂ ਵਿੰਗੇ ਮੂੰਹ ਵਾਲੀਆਂ
ਸ਼ੇਵਰਲੇਟ ਦੀਆਂ ਗੱਡੀਆਂ ਤੇ ਕਾਰਾਂ ਵਿਚ ਜਾਣ ਲਗੀਆਂ। ਸੁੰਨੇ ਰਾਹਾਂ 'ਤੇ ਬਰਾਤ ਦੀ
ਸੁਰੱਖਿਆ ਲਈ ਰਫ਼ਲਾਂ ਵਾਲੇ ਮਰਦ ਵੀ ਨਾਲ ਹੁੰਦੇ ਸੀ। ਔਰਤਾਂ ਦੇ ਬਰਾਤ ਜਾਣ ਦਾ ਰਿਵਾਜ
ਉਦੋਂ ਨਹੀਂ ਸੀ ਹੁੰੰਦਾ, ਸਿਰਫ਼ ਮਰਦ ਹੀ ਬਰਾਤ ਜਾਂਦੇ। ਔਰਤਾਂ ਘਰੇ ਹੀ ਗਿੱਧਾ-ਬੋਲੀਆ ਪਾ
ਕੇ, ਵਿਆਹ ਦੀ ਖ਼ੁਸ਼ੀ ਦੇ ਸ਼ਗਨ ਮਨਾਉਂਦੀਆਂ। ਰਾਸਤੇ ਕੱਚੇ ਹੁੰਦੇ ਸੀ। ਪਿਛਲੇ ਪਹਿਰ
ਬਰਾਤ ਤੁਰਦੀ ਤੇ ਮੂੰਹ ਹਨ੍ਹੇਰੇ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਸੀ। ਬਰਾਤ ਦਾ
ਠਹਿਰਾਉ ਪਿੰਡ ਦੀ ਹਥਾਈ, ਡੇਰਾ ਜਾਂ ਧਰਮਸ਼ਾਲਾ ਵਿਚ ਹੁੰਦਾ ਸੀ ਜਿਥੇ ਬਰਾਤੀਆਂ ਦੇ
ਪੈਣ-ਬੈਠਣ ਲਈ ਮੰਜੇ ਬਿਸਤਰੇ ਲਗਾਏ ਹੁੰਦੇ। ਬਰਾਤ ਦੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕੀਤਾ
ਹੁੰਦਾ। ਪਿੰੰਡ ਦਾ ਇਕ ਬੰਦਾ ਖੂਹ ਤੋਂ ਘੜਿਆਂ ਵਿਚ ਪਾਣੀ ਲਿਆ ਕੇ ਵੱਡੇ ਕੜਾਹੇ ਵਿਚ
ਪਾਉਂਦਾ ਸੀ। ਜੇ ਉਥੇ ਨਲਕਾ ਲਗਿਆ ਹੁੰਦਾ ਤਾਂ ਉਹ ਗੇੜਦਾ। ਸਰਦੀਆਂ ਵਿਚ ਬਰਾਤੀਆਂ ਦੇ
ਨਹਾਉਣ ਲਈ ਕੜਾਹਾ ਭਰ ਕੇ ਪਾਣੀ ਭਰ ਗਰਮ ਕੀਤਾ ਜਾਂਦਾ। ਊਠਾਂ ਤੇ ਘੋੜੀਆਂ ਲਈ ਵੀ ਹਰੇ
ਚਾਰੇ ਦਾ ਪ੍ਰਬੰਧ ਕੀਤਾ ਜਾਂਦਾ ਸੀ।
ਨਹਾ-ਧੋ ਕੇ ਬਰਾਤੀ ਤਿਆਰ ਹੋ ਜਾਂਦੇ। ਧਰਮਸ਼ਾਲਾ
ਵਿਚ ਹੀ ਟੋਕਣੀ ਵਿਚ ਚਾਹ ਲਿਆ ਕੇ ਪਿੱਤਲ ਦੇ ਵੱਡੇ ਗਲਾਸਾਂ ਵਿਚ ਚਾਹ ਵਰਤਾਈ ਜਾਂਦੀ।
ਇਕ ਥਾਲ ਵਿਚ ਬਦਾਨਾ-ਭੁਜੀਆ ਦਿਤਾ ਜਾਂਦਾ।
ਮਨੋਰੰਜਨ ਦੇ ਸਾਧਨ ਦੀ ਗੱਲ ਕਰੀਏ ਤਾਂ
ਉਨ੍ਹਾਂ ਸਮਿਆਂ ਵਿਚ ਤਵਿਆਂ ਵਾਲੀ ਮਸ਼ੀਨ 'ਤੇ ਵਜਦੇ ਪੁਰਾਣੇ ਰਿਕਾਰਡ ਹੀ ਹੁੰਦੇ ਸੀ।
'ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ...' ਧਾਰਮਕ ਗੀਤ ਨਾਲ ਗੀਤ-ਸੰਗੀਤ ਦਾ ਮਾਹੌਲ
ਸ਼ੁਰੂ ਹੁੰਦਾ ਤੇ ਬਾਅਦ ਵਿਚ ਬਰਾਤੀਆਂ ਦੀ ਪਸੰਦ 'ਤੇ ਮਸ਼ੀਨ ਵਾਲਾ ਭਾਈ ਗੀਤ ਵਜਾਉਂਦਾ
ਰਹਿੰਦਾ। ਉਦੋਂ ਪੱਥਰ ਦੇ ਰਿਕਾਰਡ ਹੁੰਦੇ ਸੀ ਜੋ ਚਾਬੀ ਵਾਲੀ ਮਸ਼ੀਨ ਨਾਲ ਚਲਦੇ ਸੀ।
ਬਾਰਾਤ ਨੂੰ ਹਸਾਉਣ ਲਈ ਪਿੰਡਾਂ ਦੇ ਭੰਡ (ਮਰਾਸੀ) ਵੀ ਅਪਣੀ ਕਲਾ ਦਾ ਪ੍ਰਦਰਸ਼ਨ ਕਰਦੇ।
ਦੁਪਹਿਰ
ਵੇਲੇ ਜਦੋਂ ਬਰਾਤ ਰੋਟੀ ਖਾਣ ਕੁੜੀ ਵਾਲਿਆਂ ਦੇ ਘਰ ਜਾਂਦੀ, ਉਸ ਸਮੇਂ ਬੈਂਡ-ਵਾਜੇ
ਵਾਲਿਆਂ ਦਾ ਰਿਵਾਜ ਵੀ ਨਹੀਂ ਸੀ ਹੁੰਦਾ। ਉਨ੍ਹਾਂ ਸਮਿਆਂ ਵਿਚ ਬਰਾਤ ਪਟੀਆਂ 'ਤੇ ਬੈਠ ਕੇ
ਰੋਟੀ ਖਾਂਦੀ ਸੀ। ਜੰਝ ਵਿਚ ਬਰਾਤੀਆਂ ਨਾਲ ਬਹੁਤ ਮਜ਼ਾਕ ਕੀਤਾ ਜਾਂਦਾ। ਲਾੜੇ ਦੀਆਂ
ਸਾਲੀਆਂ ਖਾਲੀ ਮੰਜਿਆਂ 'ਤੇ ਕਾਨੇ ਰੱਖ ਕੇ ਉਪਰ ਬਿਸਤਰਾ ਵਿਛਾ ਦਿੰਦੀਆਂ ਤੇ ਬੈਠਣ ਵਾਲਾ
ਧੜੰਮ ਕਰ ਕੇ ਡਿੱਗ ਪੈਂਦਾ ਤੇ ਕੁੜੀਆਂ ਹਾਸੜ ਚੱਕ ਦਿੰਦੀਆਂ। ਉਨ੍ਹਾਂ ਸਮਿਆਂ ਵਿਚ
ਅਜਿਹੇ ਮਜ਼ਾਕ ਦਾ ਕੋਈ ਗੁੱਸਾ ਨਹੀਂ ਸੀ ਕਰਦਾ। ਰੋਟੀ ਖਾਣ ਬੈਠੀ ਬਰਾਤ ਨੂੰ ਮੇਲਣਾਂ
ਦੋਹੇ ਲਾਉਂਦੀਆਂ, ਸਿੱਠਣੀਆਂ ਸੁਣਾਉਂਦੀਆਂ ਤੇ ਹਾਸਾ ਮਜ਼ਾਕ ਕਰਦੀਆਂ ਤੇ ਜੰਝ ਬੰਨ੍ਹ
ਦਿੰਦੀਆਂ। ਜੰਝ ਛੁਡਾਉਣ ਵਾਲਾ ਬੰਦਾ ਪਹਿਲਾਂ ਹੀ ਪੂਰੀ ਤਿਆਰੀ ਨਾਲ ਜੰਝ ਵਿਚ ਸ਼ਾਮਲ
ਹੁੰਦਾ ਸੀ। ਇਸ ਤੋਂ ਬਾਅਦ ਬਰਾਤ ਰੋਟੀ ਖਾਂਦੀ ਸੀ। ਇਸ ਮੌਕੇ ਸਾਦਾ ਭੋਜਨ ਕਣਕ ਦੇ ਮੰਡੇ,
ਚੌਲ, ਦਾਲ-ਸ਼ਬਜ਼ੀ, ਬੂੰਦੀ, ਸ਼ੱਕਰ-ਦੇਸੀ ਘਿਉ ਤੇ ਦੇਸੀ ਘਿਉ ਦਾ ਪ੍ਰਸ਼ਾਦ ਲੱਡੂ, ਜਲੇਬੀਆਂ
ਹੁੰਦੀਆਂ ਸੀ।
ਦਾਰੂ ਪਿਆਲਾ ਪੀਣ ਦੇ ਸ਼ੌਕੀਨ ਵੀ ਅਪਣੀ ਮਹਿਫ਼ਲ ਵਖਰੀ ਲਾ ਬੈਠਦੇ।
ਸ਼ਰਾਬ ਦੀ ਵਰਤੋਂ ਉਦੋਂ ਬਹੁਤ ਘੱਟ ਹੁੰਦੀ ਸੀ ਸਿਰਫ਼ ਵਿਆਹ ਮੌਕੇ ਹੀ ਸ਼ਰਾਬ ਦੀ ਵਰਤੋਂ
ਕੀਤੀ ਜਾਂਦੀ ਸੀ। ਖੇਤੀ ਕੰਮਾਂ ਨਾਲ ਜੁੜੇ ਹੋਣ ਕਰ ਕੇ ਅਫ਼ੀਮ ਦੀ ਵਰਤੋਂ ਅਹਿਮ ਹੁੰਦੀ
ਸੀ। ਰੋਟੀ ਖਾ ਕੇ ਬਰਾਤ ਮੁੜ ਧਰਮਸ਼ਾਲਾ ਵਿਚ ਚਲੀ ਜਾਂਦੀ।
ਢਲਦੇ ਪਹਿਰ ਚਾਹ ਦੀ
ਟੋਕਨੀ ਤੇ ਗਰਮਾਂ ਗਰਮ ਆਲੂ-ਪਾਲਕ ਦੇ ਪਕੌੜੇ ਕੁੜੀ ਵਾਲਿਆਂ ਵਲੋਂ ਧਰਮਸ਼ਾਲਾ ਵਿਚ ਭੇਜੇ
ਜਾਂਦੇ। ਜਿਸ ਬਾਰਾਤੀ ਦੀ ਉਸ ਪਿੰਡ ਵਿਚ ਕੋਈ ਕੁੜੀ ਵਿਆਹੀ ਹੁੰਦੀ ਉਸ ਘਰ ਸਬੰਧਤ ਬਰਾਤੀ
'ਪੱਤਲ' ਦੇਣ ਜ਼ਰੂਰ ਜਾਂਦਾ। ਇਸ ਪੱਤਲ ਵਿਚ ਕੁੜੀ ਵਾਲਿਆਂ ਘਰੋਂ ਇਕ ਲਿਫ਼ਾਫ਼ੇ ਵਿਚ ਲੱਡੂ,
ਜਲੇਬੀਆਂ ਤੇ ਸ਼ੱਕਰਪਾਰੇ ਪਾ ਕੇ ਦਿਤੇ ਜਾਂਦੇ ਤੇ ਦੇਣ ਵਾਲਾ ਬਰਾਤੀ ਅਪਣੇ ਕੋਲੋਂ ਸ਼ਗਨ ਵੀ
ਦਿੰਦਾ।
ਰਾਤ ਦੀ ਰੋਟੀ ਵੇਲੇ ਬਿਜਲੀ ਦਾ ਖ਼ਾਸ ਪ੍ਰਬੰਧ ਨਾ ਹੋਣ ਕਰ ਕੇ 'ਗੈਸ ਵਾਲੀਆਂ
ਲਾਈਟਾਂ' ਨਾਲ ਚਾਨਣ ਕੀਤਾ ਜਾਂਦਾ। ਬਰਾਤ ਦੇ ਸੌਣ ਦਾ ਇੰਤਜ਼ਾਮ ਵੀ ਧਰਮਸ਼ਾਲਾ ਵਿਚ ਹੀ
ਕੀਤਾ ਜਾਂਦਾ।
ਆਨੰਦ ਕਾਰਜ ਦੀ ਰਸਮ ਸਵੇਰੇ ਚਾਰ ਵਜੇ ਕੀਤੀ ਜਾਂਦੀ ਸੀ। ਲਾੜਾ, ਲਾੜੇ
ਦਾ ਪਿਤਾ ਤੇ ਅਹਿਮ ਰਿਸ਼ਤੇਦਾਰ ਲਾੜੀ ਦੇ ਘਰ ਜਾਂਦੇ ਜਿਥੇ ਆਨੰਦ ਕਾਰਜਾਂ ਜਾਂ ਫੇਰਿਆਂ ਦੀ
ਰਸਮ ਨੂੰ ਮਰਿਆਦਾ ਨਾਲ ਸੰਪੂਰਨ ਕੀਤਾ ਜਾਂਦਾ। ਲਾੜੀ ਦੀਆਂ ਸਖੀਆਂ ਵਲੋਂ ਸਿਖਿਆ ਪੜ੍ਹੀ
ਜਾਂਦੀ। ਆਨੰਦ ਕਾਰਜ ਵੇਲੇ ਲਾੜੀ ਦਾ ਮੂੰਹ ਪੂਰੀ ਤਰ੍ਹਾਂ ਢਕਿਆ ਹੋਇਆ ਹੁੰਦਾ ਸੀ। ਦੋ
ਸਖੀਆਂ ਆਨੰਦਾਂ ਦੀ ਰਸਮ ਮੌਕੇ ਉਠਣ-ਬੈਠਣ ਅਤੇ ਤੁਰਨ ਵਿਚ ਉਸ ਦੀ ਮਦਦ ਕਰਦੀਆਂ।
ਅੱਧੀ
ਬਰਾਤ ਦੇ ਸੁੱਤੇ ਪਿਆਂ ਹੀ ਵਿਆਹ ਹੋ ਜਾਂਦਾ। ਸਵੇਰੇ ਦਿਨ ਚੜ੍ਹਦਾ, ਬਰਾਤੀ ਨਹਾਉਂਦੇ,
ਚਾਹ ਨਾਲ ਬਦਾਨਾ-ਭੁਜੀਆ ਖਾ ਕੇ ਫਿਰ ਢੋਲੇ ਦੀਆਂ ਲਾਉਂਦੇ। ਦੁਪਹਿਰ ਦੀ ਰੋਟੀ ਤੋਂ ਬਾਅਦ
ਢਲਦੇ ਪਰਛਾਵੇਂ ਬਰਾਤ ਨੂੰ ਚਾਹ ਪਿਆਈ ਜਾਂਦੀ ਤੇ ਡੋਲੀ ਲੈ ਕੇ ਬਰਾਤ ਦੀ ਵਿਦਾਇਗੀ ਹੋ
ਜਾਂਦੀ। ਦਾਜ ਵਿਚ ਮਾਪਿਆਂ ਵਲੋਂ ਲੜਕੀ ਨੂੰ ਇਕ ਲੱਕੜ ਦਾ ਵੱਡਾ ਸੰਦੂਕ ਤੇ ਪਲੰਘ ਦਿਤਾ
ਜਾਂਦਾ ਸੀ। ਬਾਅਦ ਵਿਚ ਘਰੇਲੂ ਵਰਤੋਂ ਦੀਆਂ ਚੀਜ਼ਾਂ ਪਿੱਤਲ ਦੇ ਭਾਂਡੇ, ਲੱਕੜ ਦੀ ਕੁਰਸੀ
ਮੇਜ਼ ਤੇ ਹੋਰ ਸਮਾਨ ਦਿਤਾ ਜਾਣ ਲਗਿਆ। ਕੁੱਝ ਲੋਕ ਅਪਣੇ ਵਿੱਤ ਮੁਤਾਬਕ ਸੱਜਰ ਸੂਈ ਲਵੇਰੀ
ਵੀ ਦਾਜ ਵਿਚ ਦਿੰਦੇ। 1970 ਦੇ ਸਮਿਆਂ ਵਿਚ ਲਾੜੇ ਨੂੰ ਸਾਈਕਲ, ਟਿਊਬਾਂ ਵਾਲਾ ਰੇਡੀਉ
ਆਦਿ ਦੇਣ ਦਾ ਰਿਵਾਜ ਵੀ ਬਹੁਤ ਚਲਿਆ।
ਪਹਿਲੇ ਵਿਆਹਾਂ ਵਿਚ 'ਨੈਣ' ਦੀ ਅਹਿਮ
ਭੂਮਿਕਾ ਹੁੰਦੀ ਸੀ। ਵਿਆਹ ਵਾਲੀ ਨੂੰ ਤਿਆਰ ਕਰਨਾ, ਸਿਰ ਗੁੰਦਣਾ, ਹਾਰ-ਸ਼ਿੰਗਾਰ ਕਰਨਾ
'ਨੈਣ' ਦਾ ਕੰਮ ਹੁੰਦਾ ਸੀ, ਜੋ ਅਜਕਲ ਬਿਊਟੀ-ਪਾਰਲਰਾਂ ਨੇ ਸਾਂਭ ਲਿਆ ਹੈ। ਜ਼ਿਮੀਂਦਾਰਾਂ
ਦੇ ਵਿਆਹਾਂ ਵਿਚ ਵਿਚੋਲਣ ਦਾ ਕੰਮ ਵੀ 'ਨੈਣਾਂ' ਹੀ ਕਰਦੀਆਂ ਸਨ। ਡੋਲੀ ਵਿਚ ਵਿਆਹੁਲੀ
ਜੋੜੀ ਨਾਲ ਨੈਣ ਹੀ ਬੈਠਦੀ ਸੀ। ਸਾਡੇ ਪੁਰਾਣੇ ਅਨੇਕਾਂ ਲੋਕ ਗੀਤਾਂ ਵਿਚ ਨੈਣ ਦਾ ਜ਼ਿਕਰ
ਅਕਸਰ ਸੁਣਨ ਵਿਚ ਆਉਂਦਾ ਹੈ।
ਉਨ੍ਹਾਂ ਸਮਿਆਂ ਵਿਚ ਬਰਾਤਾਂ ਦੋ-ਦੋ ਦਿਨ ਠਹਿਰਦੀਆਂ
ਸੀ। ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਬਹੁਤ ਹੁੰਦੀ ਸੀ। ਸਾਰਾ ਪਿੰਡ ਬਰਾਤ ਦੀ ਦਿਲੋਂ
ਆਉ-ਭਗਤ ਕਰਦਾ ਸੀ। ਵਿਆਹ ਵਾਲੀ ਕੁੜੀ ਦੇ ਚਾਚੇ, ਤਾਏ ਜਾਂ ਸ਼ਰੀਕੇ ਵਾਲੇ ਵਾਰੋ-ਵਾਰੀ
ਅਪਣੇ ਵਲੋਂ ਬਰਾਤ ਦੀ ਸੇਵਾ (ਰੋਟੀ) ਕਰਦੇ ਸੀ। ਅਜਿਹੇ ਸਮਾਗਮਾਂ ਦੌਰਾਨ ਹੀ ਦੋਵੇਂ
ਪ੍ਰਵਾਰਾਂ ਦੇ ਰਿਸ਼ਤੇਦਾਰ ਅਪਣੇ ਜਵਾਨ ਹੋ ਰਹੇ ਧੀਆਂ-ਪੁੱਤਾਂ ਲਈ ਰਿਸ਼ਤੇ ਲੱਭ ਲੈਂਦੇ ਸੀ।
ਉਨ੍ਹਾਂ ਸਮਿਆਂ ਵਿਚ ਵਿਆਹ ਤੋਂ ਬਾਅਦ ਵਿਆਹ ਵਾਲੀ ਕੁੜੀ ਸਹੁਰੇ ਇਕ ਰਾਤ ਰਹਿ ਕੇ ਅਗਲੇ
ਦਿਨ ਵਾਪਸ ਪੇਕੇ ਆ ਜਾਂਦੀ ਸੀ। ਦੋ-ਤਿੰਨ ਸਾਲ ਬਾਅਦ ਮੁਕਲਾਵਾ ਦਿਤਾ ਜਾਂਦਾ ਸੀ।
ਮੁਕਲਾਵਾ ਲੈਣ ਸਮੇਂ ਪ੍ਰਵਾਰ ਦੇ ਅਹਿਮ ਰਿਸ਼ਤੇਦਾਰ ਵਿਆਹ ਵਾਲੇ ਮੁੰਡੇ ਦੇ ਨਾਲ ਜਾਂਦੇ
ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਵਿਆਹ ਨਿਆਣੀ ਉਮਰੇ ਕਰ ਦਿਤੇ ਜਾਂਦੇ ਸੀ ਤੇ ਕੁੜੀ ਦੇ
ਮੁਟਿਆਰ ਹੋਣ ਉਤੇ ਮੁਕਲਾਵਾ ਦਿਤਾ ਜਾਂਦਾ ਸੀ ਤਾਕਿ ਉਹ ਸਹੁਰੇ-ਘਰ ਦੇ ਕੰਮਾਂ ਕਾਰਾਂ ਨੂੰ
ਸਾਂਭ ਸਕੇ ਕਿਉਂਕਿ ਉਨ੍ਹਾਂ ਸਮਿਆਂ ਵਿਚ ਸਾਂਝੇ ਪ੍ਰਵਾਰ ਹੁੰਦੇ ਸੀ। ਜ਼ਮੀਨਾਂ ਘੱਟ
ਹੁੰਦੀਆਂ ਸੀ ਤੇ ਪ੍ਰਵਾਰ ਵੱਡੇ ਹੁੰਦੇ ਸੀ।
ਪਹਿਲਾਂ ਲੋਕਾਂ ਕੋਲ ਸਮਾਂ ਸੀ, ਆਪਸੀ
ਸਾਂਝ ਸੀ, ਪੈਸੇ ਨਾਲੋਂ ਰਿਸ਼ਤਿਆਂ ਦੀ ਵਧੇਰੇ ਅਹਿਮੀਅਤ ਸੀ। ਸਾਦਾ ਜੀਵਨ ਸੀ, ਖ਼ਰਚੇ ਘੱਟ
ਤੇ ਆਪਸੀ ਪਿਆਰ ਵੱਧ ਸੀ। ਅੱਜ ਸਮਾਂ ਬਹੁਤ ਬਦਲ ਗਿਆ ਹੈ। ਸਾਡੇ ਵਿਆਹਾਂ ਨਾਲ ਜੁੜੇ
ਬਹੁਤੇ ਰਸਮ-ਰਿਵਾਜ ਸਮੇਂ ਦੀ ਭੇਟ ਚੜ੍ਹ ਗਏ ਹਨ। ਅੱਜ ਤਾਂ ਝੱਟ ਮੰਗਣਾ-ਪਟ ਵਾਲੀ ਗੱਲ
ਹੈ। ਬੀਤਿਆ ਸਮਾਂ ਵਾਪਸ ਤਾਂ ਨਹੀਂ ਪਰਤਦਾ ਪਰ ਬੀਤੇ ਵਕਤ ਦੀਆਂ ਯਾਦਾਂ ਸਾਡੇ ਜ਼ਿਹਨ ਵਿਚ
ਯਾਦਗਰ ਬਣ ਕੇ ਰਹਿ ਜਾਂਦੀਆਂ ਹਨ। ਕੰਪਿਊਟਰ ਯੁੱਗ ਦੀ ਨਵੀਂ ਪਨੀਰੀ ਨੂੰ ਅਪਣੇ ਵਿਰਸੇ
ਬਾਰੇ ਸੋਚਣਾ ਤੇ ਸਮਝਣਾ ਹੀ ਸਭਿਆਚਾਰ ਨਾਲ ਜੁੜੇ ਰਹਿਣ ਦੇ ਬਰਾਬਰ ਹੈ।
ਮੋਬਾਈਲ : 9814607737