
ਰਿਲਾਇੰਸ ਜੀਉ ਨੇ ਭਾਰਤੀ ਏਅਰਟੈਲ ਤੋਂ 1497 ਕਰੋੜ ਰੁਪਏ ਦੀ ਕੀਮਤ ਦਾ ਸਪੈਕਟ੍ਰਮ ਖ਼ਰੀਦਣ ਲਈ ਕਰਾਰ ਕੀਤਾ
ਲੁਧਿਆਣਾ (ਪ੍ਰਮੋਦ ਕੌਸ਼ਲ) : ਕਿਸਾਨ ਅੰਦੋਲਨ ਕਰ ਕੇ ਪੰਜਾਬ ਵਿਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨ ਵਾਲੀ ਰਿਲਾਇੰਸ ਜੀਉ ਹੁਣ ਏਅਰਟੈਲ ਦੇ ‘ਸਹਾਰੇ’ ਦਿੱਲੀ, ਮੁੰਬਈ ਅਤੇ ਆਂਧਰਾ ਪ੍ਰਦੇਸ਼ ਵਿਚ ਅਪਣੀ ਪੈਂਠ ਨੂੰ ਹੋਰ ਵੀ ਮਜ਼ਬੂਤ ਕਰਨ ਜਾ ਰਹੀ ਹੈ। ਇਸ ਲਈ ਰਿਲਾਇੰਸ ਜੀਉ ਨੇ ਇਨ੍ਹਾਂ ਤਿੰਨਾਂ ਸੂਬਿਆਂ ਦੇ ਟੈਲੀਕਾਮ ਖੇਤਰਾਂ (ਸਰਕਲ) ਵਿਚ ਭਾਰਤੀ ਏਅਰਟੈਲ ਤੋਂ 1497 ਕਰੋੜ ਰੁਪਏ ਦੀ ਕੀਮਤ ਦਾ ਸਪੈਕਟ੍ਰਮ ਖ਼ਰੀਦਣ ਲਈ ਕਰਾਰ ਕੀਤਾ ਹੈ।
Farmers Protest
ਕੰਪਨੀ ਨੇ ਬੀਤੇ ਦਿਨੀਂ ਇਸ ਦਾ ਐਲਾਨ ਕਰਦਿਆਂ ਦਸਿਆ ਕਿ ਦੋਵਾਂ ਦਰਮਿਆਨ ਸਪੈਕਟ੍ਰਮ ਕਾਰੋਬਾਰ ਰਾਹੀਂ 800 ਮੈਗਾਹਰਟਜ਼ ਬੈਂਡ ਵਿਚ ਸਪੈਕਟ੍ਰਮ ਦੇ ਇਸਤੇਮਾਲ ਦਾ ਸਮਝੌਤਾ ਹੋਇਆ ਹੈ। ਜੀਉ ਨੇ ਅਪਣੇ ਬਿਆਨ ਵਿਚ ਕਿਹਾ,‘‘ਦੋਹਾਂ ਕੰਪਨੀਆਂ ਦਰਮਿਆਨ ਹੋਇਆ ਇਹ ਸਮਝੌਤਾ ਦੂਰਸੰਚਾਰ ਵਿਭਾਗ ਵਲੋਂ ਜਾਰੀ ਸਪੈਕਟ੍ਰਮ ਵਪਾਰ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੈ। ਹੁਣ ਇਸ ਨੂੰ ਲੋੜੀਂਦੀਆਂ ਮਨਜ਼ੂਰੀਆਂ ਦਾ ਇੰਤਜ਼ਾਰ ਹੈ। ਸਪੈਕਟ੍ਰਮ ਇਸਤੇਮਾਲ ਕਰਨ ਦਾ ਅਧਿਕਾਰ 1497 ਕਰੋੜ ਰੁਪਏ ਵਿਚ ਮਿਲਿਆ ਹੈ ਜਿਸ ਵਿਚ 459 ਕਰੋੜ ਰੁਪਏ ਦੀ ਬਕਾਇਆ ਸਪੈਕਟ੍ਰਮ ਦੇਣਦਾਰੀ ਵੀ ਸ਼ਾਮਲ ਹੈ।’’
Jio
ਉਧਰ, ਭਾਰਤੀ ਏਅਰਟੈਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜ ਅਧਿਕਾਰੀ (ਭਾਰਤ ਅਤੇ ਦਖਣੀ ਏਸ਼ੀਆ) ਗੋਪਾਲ ਵਿੱਟਲ ਨੇ ਕਿਹਾ,‘‘ਤਿੰਨਾਂ ਸਰਕਲਾਂ ਵਿਚ 800 ਮੈਗਾਹਰਟਜ਼ ਬੈਂਡ ਵਿਚ ਸਪੈਕਟ੍ਰਮ ਵਿਕਰੀ ਤੋਂ ਉਨ੍ਹਾਂ ਨੂੰ ਉਸ ਸਪੈਕਟ੍ਰਮ ਦੀ ਕੀਮਤ ਹਾਸਲ ਹੋ ਗਈ ਹੈ ਜਿਸ ਦਾ ਉਹ ਇਸਤੇਮਾਲ ਨਹੀਂ ਸੀ ਕਰ ਰਹੇ। ਇਹ ਨੈੱਟਵਰਕ ਨਾਲ ਸਬੰਧਤ ਉਨ੍ਹਾਂ ਦੀ ਰਣਨੀਤੀ ਮੁਤਾਬਕ ਹੀ ਹੈ।’’
Airtel
ਇਸ ਸਮਝੌਤੇ ਤਹਿਤ ਏਅਰਟੈਲ ਨੂੰ ਪ੍ਰਸਤਾਵਤ ਸਪੈਕਟ੍ਰਮ ਤਬਾਦਲੇ ਦੇ ਈਵਜ਼ ਵਿਚ ਜੀਉ ਤੋਂ 1037.60 ਕਰੋੜ ਰੁਪਏ ਮਿਲਣਗੇ ਜਦਕਿ ਜੀਉ ਸਪੈਕਟ੍ਰਮ ਦੇ ਬਕਾਏ ਦੇ 459 ਕਰੋੜ ਰੁਪਏ ਵੀ ਅਦਾ ਕਰੇਗੀ। ਜੀਉ ਨੇ ਕਿਹਾ,‘‘ਏਅਰਟੈਲ ਤੋਂ ਸਪੈਕਟ੍ਰਮ ਖ਼ਰੀਦਣ ਤੋਂ ਬਾਅਦ ਦਿੱਲੀ, ਮੁੰਬਈ ਅਤੇ ਆਂਧਰਾ ਪ੍ਰਦੇਸ਼ ਵਿਚ ਉਨ੍ਹਾਂ ਦੀ ਪੈਠ ਹੋਰ ਵੀ ਵਧ ਜਾਵੇਗੀ।’’ ਸਪੈਕਟ੍ਰਮ ਦੀ ਮਾਤਰਾ ਵਧਣ ਅਤੇ ਦੂਰਸੰਚਾਰ ਢਾਂਚਾ ਮਜ਼ਬੂਤ ਹੋਣ ਨਾਲ ਹੀ ਜੀਉ ਨੇ ਅਪਣੇ ਨੈਟਵਰਕ ਦੀ ਯੋਗਤਾ ਵੀ ਵਧਾ ਲਈ ਹੈ।