
ਕਈ ਪ੍ਰਮੁੱਖ ਸਖ਼ਸ਼ੀਅਤਾਂ ਹੋ ਚੁੱਕੀਆਂ ਸ਼ਿਕਾਰ
ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਏਆਈ ਤਕਨੀਕ ਰਾਹੀਂ ਨੇਤਾਵਾਂ, ਫਿਲਮੀ ਐਕਟਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਵੀਡੀਓ ਬਣਾ ਕੇ ਆਮ ਹੀ ਵਾਇਰਲ ਕੀਤੇ ਜਾ ਰਹੇ ਹਨ। ਬਹੁਤ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਇਸ ਦਾ ਸ਼ਿਕਾਰ ਹੋ ਚੁੱਕੀਆਂ ਹਨ। ਯਕੀਨਨ ਤੌਰ ’ਤੇ ਅਜਿਹੇ ਵੀਡੀਓਜ਼ ਦੀ ਵਰਤੋਂ ਕਿਸੇ ਦੀ ਛਵ੍ਹੀ ਖ਼ਰਾਬ ਕਰਨ ਲਈ ਕੀਤੀ ਜਾਂਦੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਡੀਪ ਫੇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਵੀਡੀਓ ਵਾਇਰਲ ਕਰਨ ਵਾਲੇ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ। ਸੋ ਆਓ ਤੁਹਾਨੂੰ ਦੱਸਦੇ ਹਾਂ, ਕੀ ਹੁੰਦੀ ਹੈ ਡੀਪ ਫੇਕ ਤਕਨੀਕ ਅਤੇ ਕਿਵੇਂ ਕੀਤੀ ਜਾ ਸਕਦੀ ਹੈ ਇਸ ਦੀ ਪਛਾਣ?
ਸੋਸ਼ਲ ਮੀਡੀਆ ਦੇ ਮੌਜੂਦਾ ਦੌਰ ਵਿਚ ਜਿੱਥੇ ਏਆਈ ਤਕਨੀਕ ਨਾਲ ਬਹੁਤ ਚੰਗੀਆਂ ਵੀਡੀਓ ਬਣਾਈਆਂ ਜਾ ਰਹੀਆਂ ਹਨ, ਉਥੇ ਹੀ ਇਸ ਤਕਨੀਕ ਦੀ ਗ਼ਲਤ ਵਰਤੋਂ ਕਰਦਿਆਂ ਆਪਣੇ ਵਿਰੋਧੀਆਂ ਦੇ ਡੀਪ ਫੇਕ ਵੀਡੀਓ ਬਣਾਉਣ ਦਾ ਰੁਝਾਨ ਵੀ ਜ਼ੋਰਾਂ ਸ਼ੋਰਾਂ ’ਤੇ ਚੱਲ ਰਿਹਾ ਹੈ। ਹੁਣ ਤੱਕ ਕਈ ਪ੍ਰਮੁੱਖ ਹਸਤੀਆਂ ਡੀਪ ਫੇਕ ਦਾ ਸ਼ਿਕਾਰ ਹੋ ਚੁੱਕੀਆਂ ਹਨ। ਮੌਜੂਦਾ ਸਮੇਂ ਪੰਜਾਬ ਦੇ ਮੁੱਖ ਮੰਤਰੀ ਦੀ ਇਕ ਡੀਪ ਫੇਕ ਵੀਡੀਓ ਵੀ ਵਾਇਰਲ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਜਗਮਨ ਸਮਰਾ ਨਾਂਅ ਦੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਡੀਪ ਫੇਕ ਆਰਟੀਫਿਸ਼ਲ ਇੰਟੈਲੀਜੈਂਸੀ ਦਾ ਇਕ ਰੂਪ ਐ, ਜਿਸ ਦੀ ਵਰਤੋਂ ਭਰੋਸੇਯੋਗ ਫ਼ਰਜ਼ੀ ਤਸਵੀਰਾਂ, ਧੁਨੀਆਂ ਅਤੇ ਵੀਡੀਓ ਬਣਾਉਣ ਲਈ ਕੀਤੀ ਜਾਂਦੀ ਹੈ। ਡੀਪਫੇਕ ਸ਼ਬਦ ਡੀਪ ਲਰਨਿੰਗ ਅਵਧਾਰਨਾ ਨੂੰ ਕਿਸੇ ਨਕਲੀ ਚੀਜ਼ ਦੇ ਨਾਲ ਜੋੜਦਾ ਹੈ। ਇਹ ਫ਼ਰਜ਼ੀ ਤਸਵੀਰਾਂ ਅਤੇ ਧੁਨੀਆਂ ਨੂੰ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਵਰਤੋਂ ਕਰਕੇ ਇਕੱਠੇ ਜੋੜਦਾ ਹੈ, ਜਿਸ ਦੇ ਨਤੀਜੇ ਵਜੋਂ ਅਜਿਹੇ ਲੋਕਾਂ ਅਤੇ ਘਟਨਾਵਾਂ ਦਾ ਨਿਰਮਾਣ ਕਰਦਾ ਹੈ ਜੋ ਅਸਲ ਵਿਚ ਮੌਜੂਦ ਨਹੀਂ ਹੁੰਦਾ ਯਾਨੀ ਵਾਪਰਿਆ ਹੀ ਨਹੀਂ ਹੁੰਦਾ। ਡੀਪਫੇਕ ਤਕਨੀਕ ਦੀ ਵਰਤੋਂ ਸਭ ਤੋਂ ਜ਼ਿਆਦਾ ਮਾੜੇ ਉਦੇਸ਼ਾਂ ਲਈ ਕੀਤੀ ਜਾਂਦੀ ਐ, ਜਿਵੇਂ ਕਿ ਝੂਠੀ ਜਾਣਕਾਰੀ ਜਾਂ ਦੁਸ਼ਪ੍ਰਚਾਰ ਫੈਲਾ ਕੇ ਜਨਤਾ ਨੂੰ ਗੁੰਮਰਾਹ ਕਰਨਾ।
ਉਦਾਹਰਨ ਦੇ ਤੌਰ ’ਤੇ ਡੀਪਫੇਕ ਵੀਡੀਓ ਵਿਚ ਕਿਸੇ ਵਿਸ਼ਵ ਪ੍ਰਸਿੱਧ ਨੇਤਾ ਜਾਂ ਸੈਲੀਬ੍ਰਿਟੀ ਨੂੰ ਕੁੱਝ ਅਜਿਹਾ ਕਹਿੰਦੇ ਹੋਏ ਦਿਖਾਇਆ ਜਾ ਸਕਦਾ ਹੈ ਜੋ ਉਨ੍ਹਾਂ ਨੇ ਖ਼ੁਦ ਕਿਹਾ ਹੀ ਨਾ ਹੋਵੇ, ਜਿਸ ਨੂੰ ਫੇਕ ਨਿਊਜ਼ ਵੀ ਕਿਹਾ ਜਾਂਦਾ ਹੈ। ਅਜਿਹੇ ਵੀਡੀਓ ਦਾ ਗ਼ਲਤ ਪ੍ਰਭਾਵ ਪੈਂਦਾ ਹੈ ਜੋ ਜਨਤਾ ਦੀ ਰਾਇ ਨੂੰ ਬਦਲ ਦਿੰਦਾ ਹੈ।
ਡੀਪਫੇਕ ਤਕਨੀਕ ਦੀ ਵਰਤੋਂ ਵੱਖ ਵੱਖ ਤਰ੍ਹਾਂ ਦੇ ਘਾਤਕ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ :
- ਸਾਈਬਰ ਅਪਰਾਧੀ ਡੀਪਫੇਕ ਤਕਨੀਕ ਵਰਤ ਕੇ ਘੋਟਾਲੇ, ਝੂਠੇ ਦਾਅਵੇ ਅਤੇ ਧੋਖਾਧੜੀ ਕਰ ਸਕਦੇ ਹਨ।
- ਡੀਪਫੇਕ ਦਾ ਇਕ ਸਭ ਤੋਂ ਵੱਡਾ ਖ਼ਤਰਾ ਗ਼ੈਰ ਸਹਿਮਤੀ ਵਾਲੀ ਪੋਰਨੋਗ੍ਰਾਫ਼ੀ ਹੈ ਜੋ ਇੰਟਰਨੈੱਟ ’ਤੇ 96 ਫੀਸਦੀ ਤੱਕ ਡੀਪਫੇਕ ਦੇ ਲਈ ਜ਼ਿੰਮੇਵਾਰ ਐ। ਇਨ੍ਹਾਂ ਵਿਚ ਜ਼ਿਆਦਾਤਰ ਮਸ਼ਹੂਰ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦੈ। ਡੀਪਫੇਕ ਦੀ ਵਰਤੋਂ ਰਿਵੇਂਜ ਪੋਰਨ ਦੇ ਝੂਠੇ ਉਦਾਹਰਨ ਬਣਾਉਣ ਲਈ ਵੀ ਕੀਤੀ ਜਾਂਦੀ ਹੈ।
- ਇਸ ਤੋਂ ਇਲਾਵਾ ਡੀਪਫੇਕ ਦੀ ਵਰਤੋਂ ਚੋਣਾਂ ਵਿਚ ਹੇਰਾਫੇਰੀ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਅਮਰੀਕਾ ਵਿਚ ਡੋਨਾਲਡ ਟਰੰਪ ਅਤੇ ਬਰਾਕ ਓਬਾਮਾ ਵਰਗੇ ਵਿਸ਼ਵ ਪ੍ਰਸਿੱਧ ਨੇਤਾਵਾਂ ਤੱਕ ਦੇ ਫ਼ਰਜ਼ੀ ਵੀਡੀਓ ਸਾਹਮਣੇ ਆ ਚੁੱਕੇ ਹਨ, ਜੋ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਮਕਸਦ ਨਾਲ ਬਣਾਏ ਗਏ ਸੀ।
- ਡੀਪਫੇਕ ਤਕਨੀਕ ਦੀ ਵਰਤੋਂ ਸੋਸ਼ਲ ਇੰਜੀਨਿਅਰਿੰਗ ਘੋਟਾਲਿਆਂ ਵਿਚ ਵੀ ਹੋ ਰਹੀ ਹੈ, ਜਿੱਥੇ ਆਡੀਓ ਡੀਪਫੇਕ ਲੋਕਾਂ ਨੂੰ ਇਹ ਯਕੀਨ ਦਿਵਾ ਕੇ ਧੋਖਾ ਦਿੰਦੇ ਹਨ ਕਿ ਭਰੋਸੇਯੋਗ ਵਿਅਕਤੀ ਨੇ ਕੁੱਝ ਅਜਿਹਾ ਹੈ ਜੋ ਉਸ ਨੇ ਕਿਹਾ ਹੀ ਨਹੀਂ ਹੁੰਦਾ। ਬ੍ਰਿਟੇਨ ਦੀ ਇਕ ਊਰਜਾ ਕੰਪਨੀ ਦੇ ਸੀਈਓ ਨੂੰ ਇਹ ਯਕੀਨ ਦਿਵਾ ਧੋਖਾ ਦਿੱਤਾ ਗਿਆ ਸੀ ਕਿ ਉਹ ਜਰਮਨੀ ਵਿਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਾਲ ਗੱਲ ਕਰ ਰਹੇ ਹਨ, ਇਸ ਧੋਖਾਧੜੀ ਜ਼ਰੀਏ ਉਨ੍ਹਾਂ ਨੂੰ 2 ਲੱਖ 20 ਹਜ਼ਾਰ ਯੂਰੋ ਟਰਾਂਸਫਰ ਕਰਨ ਲਈ ਰਾਜ਼ੀ ਕਰ ਲਿਆ ਸੀ।
- ਡੀਪਫੇਕ ਤਕਨੀਕ ਦੀ ਵਰਤੋਂ ਨਵੀਂ ਪਛਾਣ ਬਣਾਉਣ ਅਤੇ ਅਸਲੀ ਲੋਕਾਂ ਦੀ ਪਛਾਣ ਚੋਰੀ ਕਰਨ ਲਈ ਵੀ ਕੀਤੀ ਜਾਂਦੀ ਹੈ। ਠੱਗ ਇਸ ਤਕਨੀਕ ਦੀ ਵਰਤੋਂ ਝੂਠੇ ਦਸਤਾਵੇਜ਼ ਬਣਾਉਣ ਜਾਂ ਆਪਣੇ ਸ਼ਿਕਾਰ ਦੀ ਨਕਲੀ ਆਵਾਜ਼ ਬਣਾਉਣ ਲਈ ਕਰਦੇ ਨੇ ਤਾਂ ਜੋ ਉਹ ਵੱਡੀ ਧੋਖਾਧੜੀ ਕਰ ਸਕਣ।
ਅਜਿਹਾ ਨਹੀਂ ਕਿ ਡੀਪਫੇਕ ਤਕਨੀਕ ਦੀ ਵਰਤੋਂ ਸਿਰਫ਼ ਗ਼ਲਤ ਕੰਮਾਂ ਲਈ ਹੀ ਕੀਤੀ ਜਾਂਦੀ ਹੋਵੇ, ਬਲਕਿ ਕੁੱਝ ਪੇਸ਼ੇਵਰ ਅਤੇ ਸ਼ੌਕੀਆ ਇਤਿਹਾਸਕਾਰਾਂ ਵੱਲੋਂ ਪੁਰਾਣੀਆਂ ਤਸਵੀਰਾਂ ਅਤੇ ਚਿੱਤਰਾਂ ਨੂੰ ਐਨੀਮੇਟ ਕਰਕੇ ਇਤਿਹਾਸਕ ਘਟਨਾਵਾਂ ਨੂੰ ਦੁਬਾਰਾ ਬਣਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਗਈ ਹੈ।
ਡੀਪਫੇਕ ਸ਼ਬਦ ਪਹਿਲੀ ਸਾਲ 2017 ਵਿਚ ਜਨਤਕ ਤੌਰ ’ਤੇ ਸਾਹਮਣੇ ਆਇਆ ਸੀ, ਜਦੋਂ ਡੀਪਫੇਕ ਯੂਜ਼ਰਨੇਮ ਵਾਲੇ ਇਕ ਰੇਡਿਟ ਯੂਜ਼ਰ ਨੇ ਸਾਈਟ ’ਤੇ ਛੇੜਛਾੜ ਕੀਤੇ ਹੋਏ ਅਸ਼ਲੀਲ ਵੀਡੀਓ ਸ਼ੇਅਰ ਕਰ ਦਿੱਤੇ ਸੀ। ਉਸ ਨੇ ਗੂਗਲ ਦੀ ਓਪਨ ਸੋਰਸ, ਡੀਪ ਲਰਨਿੰਗ ਤਕਨੀਕ ਦੀ ਵਰਤੋਂ ਕਰਕੇ ਮਸ਼ਹੂਰ ਹਸਤੀਆਂ ਦੇ ਚਿਹਰਿਆਂ ਨੂੰ ਅਸ਼ਲੀਲ ਕਲਾਕਾਰਾਂ ਦੇ ਸਰੀਰ ’ਤੇ ਲਗਾ ਕੇ ਅਜਿਹਾ ਕੀਤਾ ਸੀ।
ਏਆਈ ਤਕਨੀਕ ਨਾਲ ਜੁੜੇ ਕੁੱਝ ਮਾਹਿਰਾਂ ਵੱਲੋਂ ਡੀਪਫੇਕ ਨੂੰ ਪਛਾਣਨ ਦੇ ਕੁੱਝ ਤਰੀਕੇ ਦੱਸੇ ਗਏ ਨੇ, ਜਿਨ੍ਹਾਂ ਦੇ ਜ਼ਰੀਏ ਤੁਸੀਂ ਕਾਫ਼ੀ ਹੱਦ ਤੱਕ ਇਹ ਪਤਾ ਲਗਾ ਸਕਦੇ ਹੋ ਕਿ ਇਹ ਵੀਡੀਓ ਡੀਪਫੇਕ ਜ਼ਰੀਏ ਬਣਾਈ ਗਈ ਐ ਜਾਂ ਫਿਰ ਅਸਲੀ ਹੈ?
ਨੰਬਰ 1 : ਪਲਕਾਂ ਝਪਕਣ ਦੀ ਗਤੀ ਦਾ ਸਹੀ ਨਾ ਹੋਣਾ ਡੀਪਫੇਕ ਪਛਾਣਨ ਦਾ ਇਕ ਵਧੀਆ ਤਰੀਕਾ ਹੈ ਕਿਉਂਕਿ ਅੱਖਾਂ ਦੀ ਕੁਦਰਤੀ ਗਤੀ ਨੂੰ ਦੁਹਰਾਉਣਾ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ।
ਨੰਬਰ 2 : ਡੀਪਫੇਕ ਤਕਨੀਕ ਵਿਚ ਚਿਹਰੇ ਦੀਆਂ ਤਸਵੀਰਾਂ ਨੂੰ ਮਾਰਫ਼ ਕੀਤਾ ਜਾਂਦੈ,, ਯਾਨੀ ਇਕ ਤਸਵੀਰ ਨਾਲ ਦੂਜੀ ਤਸਵੀਰ ਵਿਚ ਚਿਹਰੇ ਜੋੜ ਦਿੱਤੇ ਜਾਂਦੇ ਨੇ। ਇਸ ਨਾਲ ਆਮ ਤੌਰ ’ਤੇ ਚਿਹਰੇ ਦੇ ਭਾਵ ਅਸਧਾਰਨ ਜਾਂ ਗ਼ੈਰਕੁਦਰਤੀ ਹੋ ਜਾਂਦੇ ਹਨ।
ਨੰਬਰ 3 : ਡੀਪਫੇਕ ਤਕਨੀਕ ਵੀਡੀਓ ਜਾਂ ਤਸਵੀਰ ਵਿਚ ਅਸਲੀ ਵਿਅਕਤੀਗਤ ਵਿਸ਼ੇਸ਼ਤਾਵਾਂ, ਜਿਵੇਂ ਘੁੰਗਰਾਲੇ ਜਾਂ ਬਿਖ਼ਰੇ ਵਾਲ ਨਹੀਂ ਬਣਾ ਸਕਦਾ।
ਨੰਬਰ 4 : ਡੀਪਫੇਕ ਤਕਨੀਕ ਤਸਵੀਰਾਂ ਅਤੇ ਵੀਡੀਓ ਦੇ ਕੁਦਰਤੀ ਰੰਗਾਂ ਦੀ ਨਕਲ ਨਹੀਂ ਕਰ ਪਾਉਂਦੀ,, ਜਿਸ ਕਰਕੇ ਉਨ੍ਹਾਂ ਵਿਚ ਚਮੜੀ ਦਾ ਰੰਗ ਅਸਧਾਰਨ ਦਿਖਾਈ ਦਿੰਦਾ ਹੈ।
ਇਸ ਤੋਂ ਇਲਾਵਾ ਸਿਰ ਅਤੇ ਸਰੀਰ ਦੀ ਅਜ਼ੀਬ ਸਥਿਤੀ, ਅਜ਼ੀਬ ਰੌਸ਼ਨੀ ਜਾਂ ਰੰਗ ਦਾ ਫਿੱਕਾ ਪੈਣਾ, ਖ਼ਰਾਬ ਲਿਪ ਸਿਕਿੰਗ, ਗੈਰਕੁਦਰਤੀ ਰਫ਼ਤਾਰ ਜਾਂ ਚਾਲ ਵਰਗੀਆਂ ਚੀਜ਼ਾਂ ਜ਼ਰੀਏ ਵੀ ਡੀਪਫੇਕ ਦੀ ਪਛਾਣ ਕੀਤੀ ਜਾ ਸਕਦੀ ਹੈ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ