ਇਸ ਸਾਲ ਹੁਣ ਤੱਕ ਲੰਬੀ ਦੂਰੀ ਦੀਆਂ 710 ਟਰੇਨਾਂ ਚਲਾਈਆਂ ਜਾ ਚੁੱਕੀਆਂ ਹਨ।
ਨਵੀਂ ਦਿੱਲੀ: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲੋਕਾਂ ਦੇ ਸੈਰ-ਸਪਾਟੇ ਨੇ ਰੇਲਵੇ ਦੀ ਕਮਾਈ ਵਧਾ ਦਿਤੀ ਹੈ। ਜਿਥੇ ਮਈ ਵਿਚ, ਉੱਤਰੀ ਰੇਲਵੇ ਨੇ 87 ਗਰਮੀਆਂ ਦੀਆਂ ਸਪੈਸ਼ਲ ਟਰੇਨਾਂ ਚਲਾ ਕੇ ਮੁਸਾਫਰਾਂ ਦਾ ਰਾਹ ਸੁਖਾਲਾ ਕੀਤਾ, ਉਥੇ ਰੇਲਵੇ ਨੂੰ ਇਸ ਨਾਲ 9.23 ਕਰੋੜ ਰੁਪਏ ਦੀ ਵਾਧੂ ਆਮਦਨ ਹੋਈ। ਇਸ ਤੋਂ ਇਲਾਵਾ ਕਾਲਕਾ-ਸ਼ਿਮਲਾ ਸੈਕਸ਼ਨ 'ਤੇ ਅਣਰਿਜ਼ਰਵਡ ਸਮਰ ਸਪੈਸ਼ਲ ਟਰੇਨਾਂ ਦੀਆਂ 31 ਯਾਤਰਾਵਾਂ ਚਲਾ ਕੇ ਕਰੋੜਾਂ ਰੁਪਏ ਕਮਾਏ ਗਏ।
ਭੀੜ ਨੂੰ ਦੇਖਦੇ ਹੋਏ ਵਾਧੂ ਡੱਬੇ ਲਗਾ ਕੇ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਮਈ ਵਿਚ ਵੀ 165 ਵਾਧੂ ਕੋਚ ਜੋੜੇ ਗਏ, ਜਿਸ ਨਾਲ ਰੇਲਵੇ ਨੂੰ 1.24 ਕਰੋੜ ਰੁਪਏ ਦੀ ਕਮਾਈ ਹੋਈ। ਯਾਤਰੀਆਂ ਦੀ ਕਮਾਈ ਵਿਚ 987.38 ਕਰੋੜ ਅਤੇ ਹੋਰਾਂ ਵਿਚ 104.29 ਕਰੋੜ ਰੁਪਏ ਦੀ ਕਮਾਈ ਹੋਈ। ਇਸੇ ਤਰ੍ਹਾਂ ਮਾਲ ਦੀ ਆਮਦਨ ਵਿਚ 566.50 ਕਰੋੜ ਰੁਪਏ ਦੀ ਕਮਾਈ ਹੋਈ ਹੈ।
ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਸ਼ੋਭਨ ਚੌਧਰੀ ਨੇ ਦਸਿਆ ਕਿ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ, ਉੱਤਰੀ ਰੇਲਵੇ ਨੇ ਮੌਜੂਦਾ ਵਿੱਤੀ ਸਾਲ 2023-24 ਦੇ ਮਈ ਮਹੀਨੇ ਵਿਚ ਮਾਲ ਢੁਆਈ, ਯਾਤਰੀ, ਪਾਰਸਲ ਅਤੇ ਹੋਰ ਕੋਚਿੰਗ ਕਮਾਈ ਵਿਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਪਿਛਲੇ ਸਾਲ ਮਈ ਵਿਚ 604 ਸਪੈਸ਼ਲ ਟਰੇਨਾਂ ਚੱਲੀਆਂ ਸਨ। ਇਸ ਸਾਲ ਹੁਣ ਤੱਕ ਲੰਬੀ ਦੂਰੀ ਦੀਆਂ 710 ਟਰੇਨਾਂ ਚਲਾਈਆਂ ਜਾ ਚੁੱਕੀਆਂ ਹਨ।
ਇਸ ਕਾਰਨ ਆਮਦਨ ਵਿਚ 17.55 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਯਾਤਰੀ ਕਿਰਾਏ ਤੋਂ 987.38 ਕਰੋੜ ਰੁਪਏ ਦੀ ਕਮਾਈ ਹੋਈ ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 883.87 ਕਰੋੜ ਰੁਪਏ ਤੋਂ 11.71 ਫੀਸਦੀ ਜ਼ਿਆਦਾ ਹੈ। ਇਸੇ ਤਰ੍ਹਾਂ ਟਿਕਟ ਚੈਕਿੰਗ ਮੁਹਿੰਮ ਤਹਿਤ 26 ਕਰੋੜ ਰੁਪਏ ਦੀ ਰਕਮ ਪਾਰ ਕੀਤੀ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 21 ਫੀਸਦੀ ਵੱਧ ਹੈ।