ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਫੈਸਲੇ ਦਾ ਐਲਾਨ ਕੀਤਾ
ਬੀਜਿੰਗ: ਚੀਨ ’ਚ ਬਾਹਰ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦੇਸ਼ ਅੰਦਰ ਦਾਖ਼ਲੇ ਲਈ ਕੋਰੋਨਾ ਵਾਇਰਸ ਨਾ ਹੋਣ ਬਾਰੇ ਰੀਪੋਰਟ ਵਿਖਾਉਣ ਸਬੰਧੀ ਲਾਜ਼ਮੀ ਸ਼ਰਤ ਬੁਧਵਾਰ ਤੋਂ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਚੀਨ ’ਚ ਕੋਵਿਡ-19 ਦੇ ਮੱਦੇਨਜ਼ਰ 2020 ਦੀ ਸ਼ੁਰੂਆਤ ਤੋਂ ਲਾਗੂ ਪਾਬੰਦੀਆਂ ਨੂੰ ਖ਼ਤਮ ਕਰਨ ਦੀ ਦਿਸ਼ਾ ’ਚ ਇਹ ਇਕ ਵੱਡਾ ਕਦਮ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਸੋਮਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ।
ਚੀਨ ਨੇ ਅਪਣੀ ‘ਸਿਫ਼ਰ-ਕੋਵਿਡ’ ਨੀਤੀ ਪਿਛਲੇ ਸਾਲ ਦਸੰਬਰ ’ਚ ਖ਼ਤਮ ਕਰ ਦਿਤੀ ਸੀ। ਇਸ ਤੋਂ ਪਹਿਲਾਂ, ਦੇਸ਼ ਅੰਦਰ ਕੋਰੋਨਾ ਵਾਇਰਸ ਲਾਗ ਨੂੰ ਕਾਬੂ ਕਰਨ ਲਈ ਕਈ ਵਾਰੀ ਪੂਰੇ ਸ਼ਹਿਰ ’ਚ ਲਾਕਡਾਊਨ ਲਾਉਣ ਅਤੇ ਬਿਮਾਰ ਲੋਕਾਂ ਨੂੰ ਲੰਮੇ ਸਮੇਂ ਲਈ ਏਕਾਂਤਵਾਸ ’ਚ ਰੱਖੇ ਜਾਣ ਦੀ ਲਾਜ਼ਮੀ ਸ਼ਰਤ ਸਮੇਤ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਸਨ।
ਇਨ੍ਹਾਂ ਕਦਮਾਂ ਹੇਠ ਦੇਸ਼ ’ਚ ਆਉਣ ਵਾਲੇ ਲੋਕਾਂ ਲਈ ਸਰਕਾਰ ਵਲੋਂ ਨਿਰਧਾਰਤ ਹੋਟਲ ’ਚ ਕਈ ਹਫ਼ਤੇ ਰੁਕਣਾ ਲਾਜ਼ਮੀ ਸੀ। ਇਨ੍ਹਾਂ ਪਾਬੰਦੀਆਂ ਕਾਰਨ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਗਤੀ ਹੌਲੀ ਹੋਈ। ਇਸ ਨਾਲ ਬੇਰੁਜ਼ਗਾਰੀ ’ਚ ਵਾਧਾ ਅਤੇ ਅਸ਼ਾਂਤੀ ਦਾ ਮਾਹੌਲ ਵੇਖਣ ਨੂੰ ਮਿਲਿਆ ਸੀ।